PUNJAB ‘ਚ ਵੱਡੀ ਆਫ਼ਤ! ਦੁਆਬ ਨਹਿਰ ‘ਚ ਪਿਆ 40 ਫੁੱਟ ਦਾ ਪਾੜ; ਘਰਾਂ ਤੇ ਖੇਤਾਂ ‘ਚ ਵੜਿਆ ਪਾਣੀ, ਲੱਖਾਂ ਦਾ ਨੁਕਸਾਨ
ਸਠਿਆਲੀ ਹੈੱਡ ਵਰਕਸ ਨੇੜੇ ਦੇਰ ਰਾਤ 3 ਵਜੇ ਵਾਪਰੀ ਘਟਨਾ; ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ਪਾਰ ਕਰਕੇ ਰਿਹਾਇਸ਼ੀ ਇਲਾਕਿਆਂ ਵੱਲ ਵਧਿਆ ਪਾਣੀ- ਝੋਨੇ ਦੀ ਫ਼ਸਲ ਪਾਣੀ ਹੇਠ ਆਈ; ਘਰਾਂ ‘ਚ ਪਏ ਰਾਸ਼ਨ ਅਤੇ ਕੀਮਤੀ ਸਾਮਾਨ ਦਾ ਭਾਰੀ ਨੁਕਸਾਨ

ਗੁਰਦਾਸਪੁਰ, 22 ਜੂਨ 2026-
ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਤੋਂ ਕੁਝ ਹੀ ਦੂਰੀ ‘ਤੇ ਸਥਿਤ ਅੱਪਰ ਬਾਰੀ ਦੁਆਬ ਨਹਿਰ ਵਿੱਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਨਹਿਰ ਵਿੱਚ ਕਰੀਬ 40 ਫੁੱਟ ਦਾ ਵੱਡਾ ਪਾੜ ਪੈਣ ਕਾਰਨ ਨਹਿਰ ਦਾ ਪਾਣੀ ਤੇਜ਼ੀ ਨਾਲ ਨੇੜਲੇ ਘਰਾਂ, ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਗਿਆ। ਇਸ ਅਚਾਨਕ ਆਈ ਮੁਸੀਬਤ ਕਾਰਨ ਸਥਾਨਕ ਕਿਸਾਨਾਂ ਅਤੇ ਆਮ ਪਰਿਵਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਅਤੇ ਨਹਿਰੀ ਵਿਸ਼ਰਾਮ ਘਰ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਕਰੀਬ 3 ਵਜੇ ਵਾਪਰੀ। ਜਦੋਂ ਸਾਰੇ ਲੋਕ ਸੁੱਤੇ ਹੋਏ ਸਨ, ਤਾਂ ਅਚਾਨਕ ਉਨ੍ਹਾਂ ਦੇ ਕਮਰਿਆਂ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪਤਾ ਲੱਗਾ ਕਿ ਨਹਿਰ ਟੁੱਟ ਚੁੱਕੀ ਹੈ। ਨਹਿਰ ਦਾ ਪਾਣੀ ਤੇਜ਼ ਵਹਾਅ ਨਾਲ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮੁੱਖ ਮਾਰਗ ਨੂੰ ਪਾਰ ਕਰਦਾ ਹੋਇਆ ਨੇੜਲੇ ਪਿੰਡਾਂ, ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ।
ਇਸ ਕਾਰਨ ਕਿਸਾਨਾਂ ਵੱਲੋਂ ਮਿਹਨਤ ਨਾਲ ਲਗਾਈ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਦੇ ਹੇਠਾਂ ਆ ਗਈ ਹੈ। ਇਸ ਹੜ੍ਹ ਵਰਗੀ ਸਥਿਤੀ ਤੋਂ ਪ੍ਰਭਾਵਿਤ ਸਥਾਨਕ ਵਸਨੀਕਾਂ ਤਰਸੇਮ ਸਿੰਘ, ਸੁਰਜੀਤ ਸਿੰਘ ਅਤੇ ਹੋਰਨਾਂ ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਘਰਾਂ ਵਿੱਚ ਅਚਾਨਕ ਪਾਣੀ ਵੜਨ ਕਾਰਨ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਘਰਾਂ ਵਿੱਚ ਸਾਲ ਭਰ ਖਾਣ ਲਈ ਰੱਖੀ ਹੋਈ ਕਣਕ, ਘਰੇਲੂ ਵਰਤੋਂ ਦਾ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ ਹਨ।
ਉਨ੍ਹਾਂ ਕਿਹਾ ਕਿ ਨੁਕਸਾਨ ਇੰਨਾ ਜ਼ਿਆਦਾ ਹੈ ਕਿ ਫਿਲਹਾਲ ਇਸ ਦਾ ਸਹੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੀ ਭਾਰੀ ਭੀੜ ਮੌਕੇ ‘ਤੇ ਇਕੱਠੀ ਹੋ ਗਈ। ਇਸ ਸਬੰਧੀ ਜਦੋਂ ਮੌਕੇ ‘ਤੇ ਮੌਜੂਦ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਇਸ ਲਾਪਰਵਾਹੀ ਜਾਂ ਹਾਦਸੇ ‘ਤੇ ਤੁਰੰਤ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਦੂਜੇ ਪਾਸੇ, ਇੱਕ ਨਿੱਜੀ ਠੇਕੇਦਾਰ ਦੀਆਂ ਭਾਰੀ ਪੋਕਲੇਨ (Poclain) ਮਸ਼ੀਨਾਂ ਨੂੰ ਕੰਮ ‘ਤੇ ਲਗਾਇਆ ਗਿਆ ਹੈ ਅਤੇ ਮਿੱਟੀ-ਪੱਥਰ ਪਾ ਕੇ ਪਾੜ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਨਹਿਰ ਵਿੱਚ ਪਾਣੀ ਦਾ ਵਹਾਅ ਲਗਾਤਾਰ ਤੇਜ਼ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਭਾਵਿਤ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਜਲਦ ਰਾਹਤ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।















