Punjab ‘ਚ ਸਨਸਨੀਖੇਜ਼ ਵਾਰਦਾਤ: ਨਾਮਵਰ ਡਾਕਟਰ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ

On: ਜੂਨ 23, 2026 8:19 ਪੂਃ ਦੁਃ

 

Punjab ‘ਚ ਸਨਸਨੀਖੇਜ਼ ਵਾਰਦਾਤ: ਨਾਮਵਰ ਡਾਕਟਰ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ

ਬਾਈਕ ਸਵਾਰ ਨੌਜਵਾਨਾਂ ਨੇ ਬਣਾਇਆ ਨਿਸ਼ਾਨਾ- SSP ਬਠਿੰਡਾ ਸਮੇਤ ਸੀਆਈਏ (CIA) ਅਤੇ ਡਿਟੈਕਟਿਵ ਟੀਮਾਂ ਮੌਕੇ ‘ਤੇ; ਮੁਲਜ਼ਮਾਂ ਦੀ ਭਾਲ ਲਈ ਵੱਡਾ ਸਰਚ ਆਪ੍ਰੇਸ਼ਨ ਸ਼ੁਰੂ

ਬਠਿੰਡਾ, 23 ਜੂਨ 2026-

ਬਠਿੰਡਾ ਸ਼ਹਿਰ ਦੇ ਮੇਲਾ ਰਾਮ ਰੋਡ ‘ਤੇ ਉਸ ਵੇਲੇ ਭਾਰੀ ਦਹਿਸ਼ਤ ਅਤੇ ਸਨਸਨੀ ਫੈਲ ਗਈ, ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਨਾਮਵਰ ਡਾਕਟਰ ਦੇ ਕਲੀਨਿਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੈਟਰੋਲ ਬੰਬ (ਅੱਗ ਲੱਗੀ ਪੈਟਰੋਲ ਦੀ ਬੋਤਲ) ਨਾਲ ਹਮਲਾ ਕਰ ਦਿੱਤਾ ਗਿਆ। ਇਹ ਵਾਰਦਾਤ ਥਾਣਾ ਕੋਤਵਾਲੀ ਦੇ ਅਧੀਨ ਆਉਂਦੀ ਗਲੀ ਨੰਬਰ 3, ਵਿਸ਼ਾਲ ਨਗਰ ਵਿਖੇ ਸਥਿਤ ਡਾਕਟਰ ਤਰਸੇਮ ਗਰਗ ਦੇ ‘ਹੈਨਮੈਨ ਹੋਮਿਓ ਕਲੀਨਿਕ’ ‘ਤੇ ਵਾਪਰੀ। ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਐਸ.ਪੀ. ਬਠਿੰਡਾ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਨੇ ਭਾਰੀ ਫੋਰਸ ਨਾਲ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਤਕਰੀਬਨ ਪੌਣੇ 10 ਵਜੇ ਸੂਚਨਾ ਮਿਲੀ ਸੀ ਕਿ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਦੋ ਅਣਪਛਾਤੇ ਨੌਜਵਾਨਾਂ ਨੇ ਹਮਲਾ ਕੀਤਾ ਹੈ। ਮੁਲਜ਼ਮਾਂ ਨੇ ਪੈਟਰੋਲ ਦੀ ਬੋਤਲ ਨੂੰ ਅੱਗ ਲਗਾ ਕੇ ਕਲੀਨਿਕ ਦੇ ਅੰਦਰ ਸੁੱਟਿਆ, ਜੋ ਕਿ ਮੁੱਖ ਬਾਹਰਲੇ ਵਰਾਂਡੇ ਵਿੱਚ ਜਾ ਕੇ ਡਿੱਗੀ। ਖ਼ੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਸੱਟ-ਫੇਟ ਨਹੀਂ ਲੱਗੀ ਅਤੇ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ। ਹਾਲਾਂਕਿ, ਵਰਾਂਡੇ ਵਿੱਚ ਪਏ ਗਮਲਿਆਂ ਨੂੰ ਅੱਗ ਦੀ ਲਪੇਟ ਕਾਰਨ ਕੁਝ ਨੁਕਸਾਨ ਪਹੁੰਚਿਆ ਹੈ।

ਘਟਨਾ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਕਾਰਡਨ ਆਫ਼ (ਸੀਲ) ਕਰਕੇ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਮੁਤਾਬਕ ਵਾਰਦਾਤ ਨੂੰ ਟਰੇਸ ਕਰਨ ਲਈ ਡੀ.ਐਸ.ਪੀ. ਸਿਟੀ-1, ਐਸ.ਪੀ. ਡਿਟੈਕਟਿਵ (SPD) ਅਤੇ ਸੀ.ਆਈ.ਏ. (CIA) ਸਟਾਫ਼ ਸਮੇਤ ਪੁਲਿਸ ਦੀਆਂ ਕਈ ਵਿਸ਼ੇਸ਼ ਟੀਮਾਂ ਲਗਾਈਆਂ ਗਈਆਂ ਹਨ, ਜੋ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਪੁਲਿਸ ਨੇ ਪੀੜਤ ਡਾ. ਤਰਸੇਮ ਗਰਗ ਦੇ ਬਿਆਨ ਦਰਜ ਕਰਕੇ ਥਾਣਾ ਕੋਤਵਾਲੀ ਵਿਖੇ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਹੱਥ ਕੁਝ ਅਹਿਮ ਸੁਰਾਗ (ਇਨਪੁਟਸ) ਲੱਗੇ ਹਨ, ਜਿਨ੍ਹਾਂ ‘ਤੇ ਕੰਮ ਚੱਲ ਰਿਹਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

 

Join WhatsApp

Join Now

Leave a Comment