Weather Alert: ਪੰਜਾਬ ‘ਚ ਅਗਲੇ 4 ਦਿਨ ਪਵੇਗਾ ਭਾਰੀ ਮੀਂਹ; ਮੌਸਮ ਵਿਭਾਗ ਨੇ ਤੇਜ਼ ਤੂਫ਼ਾਨ ਦੀ ਵੀ ਦਿੱਤੀ ਚੇਤਾਵਨੀ
ਚੰਡੀਗੜ੍ਹ 24 ਜੂਨ, 2026- ਭਾਰਤੀ ਮੌਸਮ ਵਿਭਾਗ (IMD), ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਲਈ ਜ਼ਿਲ੍ਹਾਵਾਰ ਮੌਸਮ ਦੀ ਚੇਤਾਵਨੀ (District wise weather warnings) ਜਾਰੀ ਕੀਤੀ ਗਈ ਹੈ। ਅਗਲੇ ਕੁਝ ਦਿਨਾਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਝੱਖੜ, ਗਰਜ-ਚਮਕ ਅਤੇ ਬਿਜਲੀ ਲਿਸ਼ਕਣ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ (Gusty winds) ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।

ਮੌਸਮ ਵਿਭਾਗ ਦੇ ਮੁਤਾਬਕ, 24 ਜੂਨ ਨੂੰ ਪੰਜਾਬ ਦੇ ਕਈ ਉੱਤਰੀ, ਪੂਰਬੀ ਅਤੇ ਮੱਧ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੂਪਨਗਰ, ਐੱਸ.ਏ.ਐੱਸ. ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦਾ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਜਦੋਂਕਿ ਮਾਲਵਾ ਅਤੇ ਪੱਛਮੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਮੁਕਤਸਰ, ਬਠਿੰਡਾ, ਫ਼ਾਜ਼ਿਲਕਾ ਅਤੇ ਮਾਨਸਾ ਵਿੱਚ ਮੌਸਮ ਆਮ ਤੌਰ ‘ਤੇ ਸਾਫ਼ ਜਾਂ ਬਿਨਾਂ ਕਿਸੇ ਚੇਤਾਵਨੀ ਦੇ ਰਹੇਗਾ।
25 ਜੂਨ ਨੂੰ ਮੌਸਮ ਦਾ ਪ੍ਰਭਾਵ ਮੱਧ ਪੰਜਾਬ ਵੱਲ ਵਧੇਰੇ ਦੇਖਣ ਨੂੰ ਮਿਲੇਗਾ। ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ 40-50 ਕਿਲੋਮੀਟਰ ਦੀ ਰਫ਼ਤਾਰ ਵਾਲੀਆਂ ਹਵਾਵਾਂ ਦਾ ਅਲਰਟ ਰਹੇਗਾ, ਬਾਕੀ ਦੇ ਜ਼ਿਲ੍ਹਿਆਂ ਨੂੰ ਹਰੇ ਰੰਗ (No Warning) ਵਿੱਚ ਦਿਖਾਇਆ ਗਿਆ ਹੈ।
26 ਜੂਨ, ਸ਼ੁੱਕਰਵਾਰ ਨੂੰ ਖਰਾਬ ਮੌਸਮ ਦਾ ਦਾਇਰਾ ਥੋੜਾ ਸਿਮਟ ਜਾਵੇਗਾ। ਮੁੱਖ ਤੌਰ ‘ਤੇ ਪੂਰਬੀ ਅਤੇ ਸਰਹੱਦੀ ਖੇਤਰਾਂ ਜਿਵੇਂ ਕਿ ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਮੋਹਾਲੀ ਦੇ ਇਲਾਕਿਆਂ ਵਿੱਚ ਹੀ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ (Yellow Alert) ਦਿੱਤੀ ਗਈ ਹੈ।
27 ਜੂਨ ਨੂੰ ਸ਼ਨੀਵਾਰ ਨੂੰ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਅਤੇ ਮੌਸਮ ਸੁਖਾਵਾਂ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦੀ ਸਲਾਹ ਮੁਤਾਬਕ, ਜਿਨ੍ਹਾਂ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦਾ ਅਲਰਟ ਹੈ, ਉੱਥੋਂ ਦੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਦਰੱਖਤਾਂ ਅਤੇ ਕੱਚੀਆਂ ਕੰਧਾਂ ਦੇ ਹੇਠਾਂ ਖੜ੍ਹੇ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

















