ਆਮ ਆਦਮੀ ਪਾਰਟੀ ਨੂੰ ਸੁਖਚੈਨ ਖਹਿਰਾ ਨੇ ਦੱਸਿਆ ‘ਈਵੈਂਟ ਮੈਨੇਜਮੈਂਟ ਕੰਪਨੀ’, ਕਿਹਾ- ਪੰਜਾਬ ਦੀਆਂ 117 ਸੀਟਾਂ ’ਤੇ ਸਰਗਰਮ ਹੋਵੇਗਾ ਮੁਲਾਜ਼ਮਾਂ ਦਾ ‘ਸਿਆਸੀ ਵਿੰਗ’!
ਮੁਲਾਜ਼ਮ ਅਤੇ ਪੈਨਸ਼ਨਰ ਵਰਗ ਬਣਾਏਗਾ ਸਿਆਸੀ ਦਬਾਅ ਗਰੁੱਪ, ਚੋਣਾਂ ਵਿੱਚ ਸਾਡੀ ਸ਼ਮੂਲੀਅਤ ਬਿਨਾਂ ਸਰਕਾਰ ਬਣਨੀ ਮੁਸ਼ਕਲ: ਸੁਖਚੈਨ ਸਿੰਘ ਖਹਿਰਾ
ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨਾਲ ਹੋਵੇਗੀ ਗੱਲਬਾਤ, ਮੁਲਾਜ਼ਮਾਂ ਦੇ ਹੱਕਾਂ ਦਾ ਏਜੰਡਾ ਮੰਨਣ ਵਾਲੀ ਧਿਰ ਨੂੰ ਮਿਲੇਗੀ ਹਮਾਇਤ: ਖਹਿਰਾ
ਸਿਆਸੀ ਸਮੀਕਰਨ ਬਦਲਣ ਦੀ ਤਿਆਰੀ ਵਿੱਚ ਮੁਲਾਜ਼ਮ ਆਗੂ, ਕਿਹਾ- ਮੰਗਾਂ ਅਤੇ ਨੀਤੀਆਂ ’ਤੇ ਖਰੇ ਉਤਰਨ ਵਾਲੀ ਪਾਰਟੀ ਦਾ ਹੀ ਸਾਥ ਦੇਵਾਂਗੇ
ਚੰਡੀਗੜ੍ਹ, 26 ਨਵੰਬਰ 2026: ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੇ ਆਗੂ ਸੁਖਚੈਨ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਮੁਲਾਜ਼ਮਾਂ ਅਤੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਸੂਬੇ ਵਿੱਚ ਇੱਕ ਮਜ਼ਬੂਤ ਸਿਆਸੀ ਦਬਾਅ ਗਰੁੱਪ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਸੇਵਾ ਵਿੱਚ ਤਾਇਨਾਤ ਮੁਲਾਜ਼ਮ ਸਿੱਧੇ ਤੌਰ ’ਤੇ ਸਿਆਸੀ ਸਰਗਰਮੀਆਂ ਵਿੱਚ ਭਾਗ ਨਹੀਂ ਲੈ ਸਕਦੇ, ਪਰ ਜਿਵੇਂ-ਜਿਵੇਂ ਇਹ ਸਿਆਸੀ ਵਿੰਗ ਪੂਰੀ ਤਰ੍ਹਾਂ ਸਰਗਰਮ ਹੋਵੇਗਾ, ਇਸ ਦੀ ਜ਼ਮੀਨੀ ਕਮਾਨ ਸੇਵਾਮੁਕਤ ਮੁਲਾਜ਼ਮ (ਪੈਨਸ਼ਨਰ) ਸੰਭਾਲਣਗੇ।
ਖਹਿਰਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਸਰਕਾਰ ਉਸੇ ਧਿਰ ਦੀ ਬਣੇਗੀ ਜਿਸ ਦੇ ਹੱਕ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਖੜ੍ਹਾ ਹੋਵੇਗਾ, ਕਿਉਂਕਿ ਇਸ ਵਰਗ ਦੀ ਸਮੂਲੀਅਤ ਤੋਂ ਬਿਨਾਂ ਸੱਤਾ ਦੇ ਸਮੀਕਰਨ ਪੂਰੇ ਨਹੀਂ ਹੋ ਸਕਦੇ। ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਗਿਣਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪਟਿਆਲਾ ਦਿਹਾਤੀ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਸਮੇਤ ਕਈ ਹਲਕਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਵੋਟਰ ਮੌਜੂਦ ਹਨ। ਕਈ ਹਲਕਿਆਂ ਵਿੱਚ ਇਹ ਵੋਟ ਬੈਂਕ 20 ਤੋਂ 30 ਫ਼ੀਸਦੀ ਤੱਕ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ। ਜਦੋਂ ਇਹ ਵੋਟ ਬੈਂਕ ਇੱਕਜੁੱਟ ਹੋ ਕੇ ਕਿਸੇ ਇੱਕ ਦਿਸ਼ਾ ਵਿੱਚ ਭੁਗਤੇਗਾ ਤਾਂ ਚੋਣ ਨਤੀਜਿਆਂ ਉੱਤੇ ਸਿੱਧਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 23 ਜ਼ਿਲ੍ਹਾ ਵਿੰਗਾਂ ਦੇ ਗਠਨ ਮਗਰੋਂ ਇੱਕ ਸੂਬਾ ਪੱਧਰੀ ਵਿੰਗ ਬਣਾਇਆ ਜਾਵੇਗਾ, ਜੋ ਹਾਲਾਤ ਅਤੇ ਨੀਤੀਆਂ ਦੇ ਆਧਾਰ ’ਤੇ ਅਗਲਾ ਫ਼ੈਸਲਾ ਲਵੇਗਾ।
ਸੂਬਾ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਖਹਿਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕ ਭਲਾਈ ਅਤੇ ਬੁਨਿਆਦੀ ਵਿਕਾਸ ਦੀ ਥਾਂ ਸਿਰਫ਼ ਪ੍ਰਚਾਰ ਅਤੇ ਦਿਖਾਵੇ ਤੱਕ ਸੀਮਤ ਹੋ ਗਈ ਹੈ। ਉਨ੍ਹਾਂ ਸਰਕਾਰ ਨੂੰ ‘ਈਵੈਂਟ ਮੈਨੇਜਮੈਂਟ ਕੰਪਨੀ’ ਕਰਾਰ ਦਿੰਦਿਆਂ ਕਿਹਾ ਕਿ ਵੱਡੀਆਂ ਰੈਲੀਆਂ, ਬੱਸਾਂ ਰਾਹੀਂ ਇਕੱਠ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਨੇ ਮੁਲਾਜ਼ਮਾਂ ਅਤੇ ਆਮ ਵਰਗ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਿਆਸੀ ਦ੍ਰਿਸ਼ ਬਦਲ ਸਕਦਾ ਹੈ ਅਤੇ ਸੂਬੇ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨਗੇ। ਸਿਆਸੀ ਪਾਰਟੀਆਂ ਨਾਲ ਸੰਪਰਕ ਅਤੇ ਉਮੀਦਵਾਰਾਂ ਦੇ ਸਮਰਥਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਖਹਿਰਾ ਨੇ ਕਿਹਾ ਕਿ ਵੱਖ-ਵੱਖ ਸਿਆਸੀ ਧਿਰਾਂ ਨਾਲ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਅਤੇ ਹੋਰ ਪਾਰਟੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਿਰਫ਼ ਚੋਣ ਟਿਕਟ ਲੈਣਾ ਜਾਂ ਵਿਧਾਇਕ ਬਣਨਾ ਹੀ ਅੰਤਿਮ ਟੀਚਾ ਨਹੀਂ ਹੈ, ਸਗੋਂ ਅਹਿਮ ਗੱਲ ਇਹ ਹੈ ਕਿ ਨੀਤੀਆਂ ਅਤੇ ਪ੍ਰਸ਼ਾਸਨਿਕ ਫ਼ੈਸਲੇ ਲੋਕਾਂ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਕਿਵੇਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਮਹਿੰਗਾਈ ਭੱਤੇ (DA), ਪੈਨਸ਼ਨ, ਤਨਖ਼ਾਹ ਕਮਿਸ਼ਨ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਰਵੱਈਏ ਦਾ ਪੂਰਾ ਲੇਖਾ-ਜੋਖਾ ਤਿਆਰ ਕੀਤਾ ਜਾ ਰਿਹਾ ਹੈ। ਜੋ ਪਾਰਟੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕਾਂ ਬਾਰੇ ਸਪੱਸ਼ਟ ਭਰੋਸਾ ਅਤੇ ਠੋਸ ਏਜੰਡਾ ਦੇਵੇਗੀ, ਸੂਬਾ ਪੱਧਰੀ ਬੈਠਕ ਤੋਂ ਬਾਅਦ ਉਸੇ ਦੇ ਹੱਕ ਵਿੱਚ ਵੋਟ ਪਾਉਣ ਅਤੇ ਪ੍ਰਚਾਰ ਕਰਨ ਦਾ ਐਲਾਨ ਕੀਤਾ ਜਾਵੇਗਾ।















