ਵੱਡੀ ਖ਼ਬਰ: ਰਵਨੀਤ ਬਿੱਟੂ ਨੂੰ ਸੁਣਾਈ ਧਾਰਮਿਕ ਸਜ਼ਾ!
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਗਵਾਨ ਵਾਲਮੀਕਿ ਤੀਰਥ, ਸੱਚਖੰਡ ਬੱਲਾਂ ਅਤੇ ਡੇਰਾ ਫਿਲੌਰ ਵਿਖੇ ਨਤਮਸਤਕ ਹੋਣ ਦੀ ਸੁਣਾਈ ਸਜ਼ਾ

ਚੰਡੀਗੜ੍ਹ, 24 ਜੂਨ 2026:
ਪੰਜਾਬ ਦੀ ਸਿਆਸਤ ਅਤੇ ਸਮਾਜਿਕ ਹਲਕਿਆਂ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਦਿਨੀਂ ਵਰਤੇ ਗਏ ਜਾਤੀ ਸੂਚਕ ਸ਼ਬਦਾਂ ਦੇ ਮਾਮਲੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਸਾਹਮਣੇ ਪੇਸ਼ ਹੋਏ। ਇਸ ਪੇਸ਼ੀ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਬੋਲਾਂ ‘ਤੇ ਗਹਿਰਾ ਪਛਤਾਵਾ ਪ੍ਰਗਟ ਕਰਦਿਆਂ ਸਮੂਹ ਐਸ.ਸੀ. (SC) ਸਮਾਜ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਰਵਨੀਤ ਬਿੱਟੂ ਨੂੰ ਭੁੱਲ ਬਖਸ਼ਾਉਣ ਲਈ ਚਾਰ ਪ੍ਰਮੁੱਖ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋਣ ਦੀ ਧਾਰਮਿਕ ਸਜ਼ਾ ਸੁਣਾਈ ਗਈ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਰਵਨੀਤ ਬਿੱਟੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਦੋ ਜਾਤਾਂ ਬਾਰੇ ਉਨ੍ਹਾਂ ਵੱਲੋਂ ਟਿੱਪਣੀ ਕੀਤੀ ਗਈ ਸੀ, ਉਸ ਦੇ ਪਛਤਾਵੇ ਵਜੋਂ ਉਨ੍ਹਾਂ ਨੂੰ ਚਾਰ ਪ੍ਰਮੁੱਖ ਅਸਥਾਨਾਂ ‘ਤੇ ਜਾ ਕੇ ਨਤਮਸਤਕ ਹੋਣਾ ਪਵੇਗਾ।
ਚੇਅਰਮੈਨ ਗੜ੍ਹੀ ਨੇ ਬਿੱਟੂ ਨੂੰ ਭਗਵਾਨ ਵਾਲਮੀਕਿ ਤੀਰਥ, ਸੱਚਖੰਡ ਬੱਲਾਂ, ਡੇਰਾ ਫਿਲੌਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ ਨਤਮਸਤਕ ਹੋਣ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਚਾਰ ਦਰਵਾਜ਼ੇ ਸਭ ਵਰਨਾਂ ਲਈ ਸਾਂਝੇ ਹਨ, ਉੱਥੇ ਨਤਮਸਤਕ ਹੋ ਕੇ ਪ੍ਰਸ਼ਾਦ ਕਰਵਾਇਆ ਜਾਵੇ ਅਤੇ ਬਿਨਾਂ ਕਿਸੇ ਜਾਤ-ਪਾਤ ਦੇ ਚੱਲ ਰਹੇ ਬਾਬੇ ਨਾਨਕ ਦੇ ਲੰਗਰ ਵਿੱਚ ਪੰਗਤ ‘ਚ ਬੈਠ ਕੇ ਪ੍ਰਸ਼ਾਦ ਛਕਿਆ ਜਾਵੇ।
ਸੁਣਵਾਈ ਦੌਰਾਨ ਚੇਅਰਮੈਨ ਗੜ੍ਹੀ ਨੇ ਬਿੱਟੂ ਨੂੰ ਸੰਵਿਧਾਨ ਅਤੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡਾ ਦੇਸ਼ ਕਾਨੂੰਨ ਮੁਤਾਬਕ ਚੱਲਦਾ ਹੈ, ਜੋ ਜਾਤ, ਧਰਮ, ਨਸਲ ਜਾਂ ਲਿੰਗ ਦੇ ਆਧਾਰ ‘ਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਅਤੇ ਛੂਆ-ਛੂਤ ਦੀ ਸਖ਼ਤ ਮਨਾਹੀ ਕਰਦਾ ਹੈ।
ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡੇ ਗੁਰੂਆਂ ਨੇ ਧੰਨਾ ਭਗਤ, ਭਗਤ ਰਵਿਦਾਸ ਜੀ, ਭਗਤ ਪਰਮਾਨੰਦ ਜੀ ਸਮੇਤ ਸਾਰੀਆਂ ਜਾਤਾਂ-ਧਰਮਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਬਰਾਬਰ ਸਤਿਕਾਰ ਦਿੱਤਾ ਹੈ ਅਤੇ ਜਗਤ ਨੂੰ “ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ” ਦਾ ਮਹਾਨ ਸੰਦੇਸ਼ ਦਿੱਤਾ ਹੈ।
ਕਮਿਸ਼ਨ ਦੇ ਇਸ ਅਹਿਮ ਅਤੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਕਮਿਸ਼ਨ ਵੱਲੋਂ ਲਗਾਈ ਗਈ ਇਸ ਧਾਰਮਿਕ ਸਜ਼ਾ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।


















