ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਅਧਿਆਪਕਾ ਨੂੰ ਸਸਪੈਂਡ ਕਰਨ ਦੀ ਧਮਕੀ! ਕਹਿੰਦੇ CM ਹਾਊਸ ਤੋਂ ਬੋਲ ਰਹੇ ਹਾਂ, 50 ਹਜ਼ਾਰ ਭੇਜੋ ਨਹੀਂ ਤਾਂ…!

On: ਜੂਨ 25, 2026 1:37 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਅਧਿਆਪਕਾ ਨੂੰ ਸਸਪੈਂਡ ਕਰਨ ਦੀ ਧਮਕੀ! ਕਹਿੰਦੇ CM ਹਾਊਸ ਤੋਂ ਬੋਲ ਰਹੇ ਹਾਂ, 50 ਹਜ਼ਾਰ ਭੇਜੋ ਨਹੀਂ ਤਾਂ…!

ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਰਮਨਪ੍ਰੀਤ ਕੌਰ ਬਣੀ ਨੌਸਰਬਾਜ਼ਾਂ ਦਾ ਸ਼ਿਕਾਰ-ਸਕੂਲ ਗ੍ਰਾਂਟ ਵਿੱਚ ਗਬਨ ਦਾ ਲਗਾਇਆ ਝੂਠਾ ਦੋਸ਼

ਡਰ ਕੇ ਪੀੜਤ ਔਰਤ ਨੇ ਦੋ ਵਾਰਾਂ ਵਿੱਚ ਟ੍ਰਾਂਸਫਰ ਕੀਤੇ ਪੈਸੇ- ਸਾਈਬਰ ਥਾਣਾ ਪੁਲਿਸ ਨੇ ਦਰਜ ਕੀਤਾ ਕੇਸ

ਬਠਿੰਡਾ, 25 ਜੂਨ 2026-

ਪੰਜਾਬ ਵਿੱਚ ਨੌਸਰਬਾਜ਼ਾਂ ਨੇ ਹੁਣ ਠੱਗੀ ਮਾਰਨ ਦਾ ਇੱਕ ਬਿਲਕੁਲ ਨਵਾਂ ਅਤੇ ਅਨੋਖਾ ਤਰੀਕਾ ਲੱਭ ਲਿਆ ਹੈ। ਸ਼ਾਤਰ ਠੱਗਾਂ ਨੇ ਇਸ ਵਾਰ ਇੱਕ ਸਰਕਾਰੀ ਸਕੂਲ ਦੀ ਹੈੱਡ ਟੀਚਰ (ਮੁੱਖ ਅਧਿਆਪਕਾ) ਨੂੰ ਨਿਸ਼ਾਨਾ ਬਣਾਇਆ ਹੈ। ਠੱਗਾਂ ਨੇ ਸਕੂਲ ਦੀ ਗ੍ਰਾਂਟ ਵਿੱਚ ਗਬਨ ਕਰਨ ਦਾ ਝੂਠਾ ਦੋਸ਼ ਲਗਾ ਕੇ ਅਤੇ ਮੁਅੱਤਲ (ਸਸਪੈਂਡ) ਕਰਨ ਦੀ ਧਮਕੀ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਬਠਿੰਡਾ ਦੇ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਸੇਲਬਰਾਹ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਰਮਨਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 23 ਜੂਨ ਨੂੰ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਵਿਅਕਤੀ ਨੇ ਖ਼ੁਦ ਨੂੰ ਮੁੱਖ ਮੰਤਰੀ ਦੇ ਘਰ (CM ਹਾਊਸ) ਤੋਂ ਬੋਲਣ ਵਾਲਾ ਅਧਿਕਾਰੀ ਦੱਸਿਆ।

ਉਸਨੇ ਧਮਕਾਉਂਦੇ ਹੋਏ ਕਿਹਾ ਕਿ ਤੁਹਾਡੇ ਸਕੂਲ ਨੂੰ 50 ਹਜ਼ਾਰ ਰੁਪਏ ਦੀ ਕੰਪੋਜ਼ਿਟ ਗ੍ਰਾਂਟ ਭੇਜੀ ਗਈ ਸੀ, ਜਿਸ ਵਿੱਚੋਂ ਤੁਸੀਂ ਸਿਰਫ਼ 50 ਫ਼ੀਸਦੀ ਹਿੱਸਾ ਹੀ ਖ਼ਰਚ ਕੀਤਾ ਹੈ ਅਤੇ ਬਾਕੀ ਦੇ 50 ਫ਼ੀਸਦੀ ਦਾ ਗਬਨ ਕੀਤਾ ਹੈ, ਜਿਸ ਕਾਰਨ ਤੁਹਾਡੀ ਜਾਂਚ (ਇਨਕੁਆਰੀ) ਲੱਗੀ ਹੋਈ ਹੈ।

ਠੱਗ ਨੇ ਅੱਗੇ ਧਮਕੀ ਦਿੱਤੀ ਕਿ ਜੇਕਰ ਤੁਸੀਂ ਨੌਕਰੀ ‘ਤੇ ਰਹਿੰਦੇ ਹੋਏ ਇਸ ਜਾਂਚ ਤੋਂ ਬਚਣਾ ਚਾਹੁੰਦੇ ਹੋ, ਤਾਂ ਗਬਨ ਕੀਤੀ ਗਈ ਰਾਸ਼ੀ ਤੁਰੰਤ ਖਾਤਾ ਨੰਬਰ (……) ਵਿੱਚ ਜਮ੍ਹਾਂ ਕਰਵਾ ਦਿਓ। ਜੇਕਰ ਪੈਸੇ ਜਮ੍ਹਾਂ ਨਾ ਕਰਵਾਏ ਤਾਂ ਡੀਡੀਓ (DDO) ਦਫ਼ਤਰ ਤੋਂ ਆਪਣਾ ਸਸਪੈਂਸ਼ਨ ਆਰਡਰ ਲੈ ਲੈਣਾ।

ਡਰ ਕੇ ਦੋ ਵਾਰਾਂ ਵਿੱਚ ਟ੍ਰਾਂਸਫਰ ਕੀਤੇ 25-25 ਹਜ਼ਾਰ ਰੁਪਏ

ਹੈੱਡ ਟੀਚਰ ਰਮਨਪ੍ਰੀਤ ਕੌਰ ਇਸ ਧਮਕੀ ਕਾਰਨ ਬੁਰੀ ਤਰ੍ਹਾਂ ਘਬਰਾ ਗਈ ਅਤੇ ਉਨ੍ਹਾਂ ਨੇ ਤੁਰੰਤ ਆਪਣੇ ਬੇਟੇ ਦੇ ਬੈਂਕ ਖਾਤੇ ਵਿੱਚੋਂ ਉਕਤ ਵਿਅਕਤੀ ਦੁਆਰਾ ਦਿੱਤੇ ਗਏ ਖਾਤੇ ਵਿੱਚ 25 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ। ਇਸ ਤੋਂ ਕੁਝ ਦੇਰ ਬਾਅਦ ਮੁੜ ਫ਼ੋਨ ਆਇਆ ਅਤੇ ਠੱਗ ਨੇ ਕਿਹਾ ਕਿ ਤੁਸੀਂ ਤਾਂ ਇੱਥੇ ਡੈਪੂਟੇਸ਼ਨ ‘ਤੇ ਹੋ, ਇਸ ਲਈ ਤੁਹਾਨੂੰ 25 ਹਜ਼ਾਰ ਰੁਪਏ ਹੋਰ ਜਮ੍ਹਾਂ ਕਰਵਾਉਣੇ ਪੈਣਗੇ। ਡਰ ਦੇ ਮਾਰੇ ਰਮਨਪ੍ਰੀਤ ਕੌਰ ਨੇ ਦੂਜੀ ਵਾਰ ਵੀ 25 ਹਜ਼ਾਰ ਰੁਪਏ ਉਸਦੇ ਖਾਤੇ ਵਿੱਚ ਪਾ ਦਿੱਤੇ।

ਪੀੜਤ ਔਰਤ ਨੇ ਦੱਸਿਆ ਕਿ ਅਗਲੇ ਦਿਨ ਉਕਤ ਨੌਸਰਬਾਜ਼ ਦਾ ਫਿਰ ਫ਼ੋਨ ਆਇਆ ਅਤੇ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ। ਉਦੋਂ ਜਾ ਕੇ ਰਮਨਪ੍ਰੀਤ ਕੌਰ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 50 ਹਜ਼ਾਰ ਰੁਪਏ ਠੱਗਣ ਤੋਂ ਬਾਅਦ ਵੀ ਮੁਲਜ਼ਮ ਦੀ ਤਸੱਲੀ ਨਹੀਂ ਹੋਈ ਅਤੇ ਉਹ ਲਗਾਤਾਰ ਫ਼ੋਨ ਕਰਕੇ ਹੋਰ ਪੈਸੇ ਮੰਗ ਰਿਹਾ ਹੈ।

ਸਿੱਖਿਆ ਵਿਭਾਗ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ

ਸਾਈਬਰ ਕ੍ਰਾਈਮ ਥਾਣੇ ਦੀ ਇੰਚਾਰਜ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗ ਨੇ ਇਹ ਫ਼ੋਨ ਮੱਧ ਪ੍ਰਦੇਸ਼ (MP) ਤੋਂ ਕੀਤਾ ਸੀ, ਜਦੋਂ ਕਿ ਜਿਸ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਵਾਏ ਗਏ ਹਨ, ਉਹ ਲੁਧਿਆਣਾ ਦਾ ਹੈ।

ਪੁਲਿਸ ਮੁਤਾਬਕ, ਮੁਲਜ਼ਮ ਦਾ ਸਿੱਖਿਆ ਵਿਭਾਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਸਿੱਖਿਆ ਵਿਭਾਗ ਦੇ ਲੀਕ ਹੋਏ ਡਾਟੇ ਵਿੱਚੋਂ ਅਧਿਆਪਕਾ ਦੀ ਜਾਣਕਾਰੀ ਹਾਸਲ ਕੀਤੀ ਹੋ ਸਕਦੀ ਹੈ। ਪੁਲਿਸ ਵੱਲੋਂ ਬੈਂਕ ਖਾਤੇ ਅਤੇ ਫ਼ੋਨ ਨੰਬਰ ਦੇ ਆਧਾਰ ‘ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

 

Join WhatsApp

Join Now

Leave a Comment