ਵੱਡੀ ਖ਼ਬਰ: ਕੱਚੇ ਅਧਿਆਪਕਾਂ ਨੂੰ ਭਗਵੰਤ ਮਾਨ ਸਰਕਾਰ ਨੇ ਕੀਤਾ ਨਜ਼ਰਬੰਦ! ਭੜਕੇ ਯੂਨੀਅਨ ਆਗੂਆਂ ਦਾ ਐਲਾਨ, ਸਿੱਖਿਆ ਮੰਤਰੀ ਦੇ ਹਲਕੇ ‘ਚ ਕੱਢਾਂਗੇ ਜਲੂਸ
ਮੋਹਾਲੀ, 25 ਜੂਨ 2026-
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ‘ਤੇ ਬੁਖਲਾਹਟ ਵਿੱਚ ਹੋਣ ਦਾ ਦੋਸ਼ ਲਗਾਇਆ ਹੈ। ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਵਿਖੇ ਵਿਕਾਸ ਭਵਨ ਪਹੁੰਚੇ, ਤਾਂ ਉਸ ਦੌਰਾਨ ਸਰਕਾਰ ਵੱਲੋਂ ਯੂਨੀਅਨ ਦੇ ਪ੍ਰਮੁੱਖ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ।
ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ, ਪੁਲਿਸ ਨੇ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਆਗੂਆਂ ਵਿਕਾਸ ਸਾਹਨੀ, ਲਖਵਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਨੂੰ ਦੁਪਹਿਰ 2:30 ਵਜੇ ਦੇ ਕਰੀਬ ਮੋਹਾਲੀ ਦੇ ਸੋਹਾਣਾ ਪੁਲਿਸ ਸਟੇਸ਼ਨ ਵਿੱਚ ਨਜ਼ਰਬੰਦ ਰੱਖਿਆ।
ਇਸ ਘਟਨਾ ਤੋਂ ਬਾਅਦ ਯੂਨੀਅਨ ਦੇ ਆਗੂ ਵਿਕਾਸ ਸਾਹਨੀ ਨੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਦੀ ਆਵਾਜ਼ ਦਬਾਉਣ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ, ਪਰ ਉਹ ਡਰਨ ਵਾਲੇ ਨਹੀਂ ਹਨ। ਸਾਹਨੀ ਨੇ ਐਲਾਨ ਕੀਤਾ ਹੈ ਕਿ ਹੁਣ ਅਗਲੇ ਪੜਾਅ ਵਜੋਂ ਉਹ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਜਾ ਕੇ ਰੋਸ ਜਲੂਸ ਕੱਢਣਗੇ ਅਤੇ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ, ਬੀਤੇ ਕੱਲ੍ਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਵੱਲੋਂ ਆਪਣੀ ਬਹਾਲੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਮੁਹਾਲੀ-ਚੰਡੀਗੜ੍ਹ ਦੀ ਹੱਦ ‘ਤੇ ਤਾਇਨਾਤ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ, ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਿੱਖੀ ਖਿੱਚ-ਧੂਹ ਹੋਈ।
ਇਸ ਟਕਰਾਅ ਵਿੱਚ ਕਈ ਅਧਿਆਪਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਮਨਜੀਤ ਕੌਰ ਪੁਰੀ ਅਤੇ ਪਰਵਿੰਦਰ ਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਿੱਖਿਆ ਬੋਰਡ ਨੇੜੇ ਲਾਲਬੱਤੀ ਚੌਕ ‘ਤੇ ਚੱਕਾ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ।
ਲੰਘੀ ਦੇਰ ਸ਼ਾਮ ਸਰਕਾਰੀ ਭਰੋਸਾ ਮਿਲਣ ਮਗਰੋਂ ਅਧਿਆਪਕਾਂ ਨੇ ਧਰਨਾ ਖ਼ਤਮ ਕਰ ਦਿੱਤਾ। ਜਥੇਬੰਦੀ ਦੇ ਆਗੂ ਮਨਿੰਦਰ ਕੁਮਾਰ ਮਾਨਸਾ ਨੇ ਦੱਸਿਆ ਕਿ ਮੁਹਾਲੀ ਦੇ ਐਸ.ਡੀ.ਐਮ. ਨੇ ਭਰੋਸਾ ਦਿੱਤਾ ਹੈ ਕਿ ਵੀਰਵਾਰ ਸਵੇਰੇ 11 ਵਜੇ ਪੰਜਾਬ ਦੇ ਮੁੱਖ ਸਕੱਤਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ। ਪਰ ਅੱਜ ਉਹੀ ਹੋਇਆ, ਜਿਸ ਦਾ ਡਰ ਸੀ।
ਆਗੂਆਂ ਨੇ ਕਿਹਾ ਕਿ, ਸਰਕਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਭੱਜ ਗਈ ਅਤੇ ਸੰਘਰਸ਼ੀ ਆਗੂਆਂ ਨੂੰ ਥਾਣੇ ਵਿੱਚ ਨਜਰਬੰਦ ਕਰ ਦਿੱਤਾ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਦੇ ਵਿੱਚ ਉਹ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਵਿੱਚ ਰੋਸ ਵਜੋਂ ਜਲੂਸ ਕੱਢਣਗੇ।

















