ਬਦਲਾਅ ਦੀ ਹਨ੍ਹੇਰੀ: ਬਿਜਲੀ ਬਿੱਲ ਨਾ ਭਰਨ ਕਰਕੇ ਸੇਵਾ ਕੇਂਦਰ ਦੀ ਬੱਤੀ ਗੁੱਲ!

On: ਜੂਨ 26, 2026 6:53 ਬਾਃ ਦੁਃ

 

ਬਦਲਾਅ ਦੀ ਹਨ੍ਹੇਰੀ: ਬਿਜਲੀ ਬਿੱਲ ਨਾ ਭਰਨ ਕਰਕੇ ਸੇਵਾ ਕੇਂਦਰ ਦੀ ਬੱਤੀ ਗੁੱਲ!

ਸੰਘੇੜਾ ਸੇਵਾ ਕੇਂਦਰ ‘ਚ ਬਿਜਲੀ ਤੇ ਤੇਲ ਖ਼ਤਮ ਹੋਣ ਕਾਰਨ ਕੰਮਕਾਜ ਠੱਪ- ਪ੍ਰੀ-ਪੇਡ ਬਿਜਲੀ ਮੀਟਰ ਦਾ ਬਿੱਲ ਨਾ ਭਰਨ ਕਰਕੇ ਕੱਟੀ ਬੱਤੀ, ਜਨਰੇਟਰ ਦਾ ਡੀਜ਼ਲ ਵੀ ਮੁੱਕਿਆ

“ਮੇਰੇ ਤਿੰਨ ਪੁੱਤ ਮਰ ਗਏ, ਕੋਈ ਸੁਣਨ ਵਾਲਾ ਨਹੀਂ” – ਬੇਸਹਾਰਾ ਬਜ਼ੁਰਗ ਮਾਤਾ ਮਨਜੀਤ ਕੌਰ ਦਾ ਫੁੱਟਿਆ ਦਰਦ

ਸਟਾਫ਼ ਬੋਲਿਆ- “ਅਸੀਂ ਕੰਮ ਲਈ ਤਿਆਰ ਹਾਂ, ਪਰ ਬਿਜਲੀ ਅਤੇ ਡੀਜ਼ਲ ਤੋਂ ਬਿਨਾਂ ਕੀ ਕਰੀਏ?”

ਸੰਘੇੜਾ, 26 ਜੂਨ 2026- ਇੱਥੋਂ ਦੇ ਨਜ਼ਦੀਕੀ ਪਿੰਡ ਸੰਘੇੜਾ ਸਥਿਤ ਸਰਕਾਰੀ ਸੇਵਾ ਕੇਂਦਰ ਵਿੱਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਅਤੇ ਜਨਰੇਟਰ ਵਿੱਚ ਡੀਜ਼ਲ ਖ਼ਤਮ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੇਵਾ ਕੇਂਦਰ ਵਿੱਚ ਆਪਣੇ ਜ਼ਰੂਰੀ ਦਸਤਾਵੇਜ਼ ਬਣਵਾਉਣ ਆ ਰਹੇ ਲੋਕ ਪ੍ਰਸ਼ਾਸਨ ਅਤੇ ਸਰਕਾਰ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਤਿੱਖਾ ਰੋਸ਼ ਜਤਾ ਰਹੇ ਹਨ।

ਪਿੰਡ ਠੁੱਲੇਵਾਲ ਦੇ ਨਿਵਾਸੀ ਜਗਸੀਰ ਸਿੰਘ ਨੇ ਆਪਣਾ ਦੁਖੜਾ ਸੁਣਾਉਂਦੇ ਹੋਏ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਆਪਣੇ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਸੇਵਾ ਕੇਂਦਰ ਦੇ ਚੱਕਰ ਕੱਟ ਰਿਹਾ ਹੈ, ਪਰ ਹਰ ਰੋਜ਼ ਉਸ ਨੂੰ ਨਿਰਾਸ਼ ਹੋ ਕੇ ਪਰਤਣਾ ਪੈਂਦਾ ਹੈ। ਪਹਿਲਾਂ ਕਿਹਾ ਗਿਆ ਕਿ ਸਵੇਰੇ 7 ਤੋਂ 9 ਵਜੇ ਤੱਕ ਟੋਕਨ ਵੰਡੇ ਜਾਂਦੇ ਹਨ।

ਜਦੋਂ ਉਹ ਅਗਲੇ ਦਿਨ ਸਵੇਰੇ 8 ਵਜੇ ਆਇਆ, ਤਾਂ ਕਹਿ ਦਿੱਤਾ ਗਿਆ ਕਿ ਟੋਕਨ ਖ਼ਤਮ ਹੋ ਗਏ ਹਨ ਅਤੇ ਦਿਨ ਵਿੱਚ ਸਿਰਫ਼ 60 ਕਾਰਡ ਹੀ ਬਣਾਏ ਜਾਂਦੇ ਹਨ। ਅੱਜ ਸਵੇਰੇ ਸਾਢੇ ਚਾਰ ਵਜੇ ਹੀ ਇੱਥੇ ਆ ਕੇ ਬੈਠ ਗਿਆ ਅਤੇ ਖ਼ੁਦ ਲਾਈਨ ਵਿੱਚ ਖੜ੍ਹੇ 65 ਲੋਕਾਂ ਦੇ ਨਾਮ ਲਿਖੇ। ਪਰ ਅਧਿਕਾਰੀ ਕਹਿ ਰਹੇ ਹਨ ਕਿ ਬਿਜਲੀ ਨਹੀਂ ਹੈ ਅਤੇ ਜਨਰੇਟਰ ਦਾ ਤੇਲ ਵੀ ਮੁੱਕ ਚੁੱਕਾ ਹੈ। ਮੌਕੇ ‘ਤੇ 150 ਤੋਂ ਵੱਧ ਲੋਕ ਪਰੇਸ਼ਾਨ ਹੋ ਰਹੇ ਸਨ।

ਸੇਵਾ ਕੇਂਦਰ ਵਿੱਚ ਮੌਜੂਦ ਇੱਕ ਬਜ਼ੁਰਗ ਮਹਿਲਾ ਮਨਜੀਤ ਕੌਰ ਨੇ ਰੋਂਦੇ-ਬਿਲਖਦੇ ਹੋਏ ਦੱਸਿਆ ਕਿ ਉਸ ਦੇ ਤਿੰਨ ਪੁੱਤ ਸਨ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਹ ਬੇਸਹਾਰਾ ਹੈ ਅਤੇ ਪਿਛਲੇ ਚਾਰ ਦਿਨਾਂ ਤੋਂ ਆਪਣੇ ਕੰਮ ਲਈ ਭਟਕ ਰਹੀ ਹੈ। ਪਹਿਲਾਂ ਉਸ ਕੋਲੋਂ ਵੋਟਰ ਕਾਰਡ ਵਰਗੇ ਕਈ ਸਬੂਤ ਮੰਗੇ ਗਏ, ਜਦੋਂ ਉਹ ਲੈ ਕੇ ਆਈ ਤਾਂ ਨਵੇਂ ਬਹਾਨੇ ਬਣਾ ਦਿੱਤੇ ਗਏ।

ਹੁਣ ਜਦੋਂ ਉਹ ਸਾਰੇ ਕਾਗਜ਼ਾਤ ਪੂਰੇ ਕਰਕੇ ਲਿਆਈ ਹੈ, ਤਾਂ ਦਫ਼ਤਰ ਵਾਲੇ ਕਹਿ ਰਹੇ ਹਨ ਕਿ ਬਿਜਲੀ ਅਤੇ ਇੰਟਰਨੈੱਟ ਨਾ ਹੋਣ ਕਰਕੇ ਕੰਮ ਨਹੀਂ ਹੋ ਸਕਦਾ।

ਸੇਵਾ ਕੇਂਦਰ ਵਿੱਚ ਪ੍ਰੀ-ਪੇਡ ਬਿਜਲੀ ਮੀਟਰ ਲੱਗਿਆ- ਬੈਲੈਂਸ ਖ਼ਤਮ ਹੋਣ ਕਾਰਨ ਬੱਤੀ ਗੁੱਲ

ਇਸ ਸਬੰਧੀ ਜਦੋਂ ਸੇਵਾ ਕੇਂਦਰ ਦੀ ਸੀਨੀਅਰ ਆਪਰੇਟਰ ਸੰਦੀਪ ਕੌਰ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਮੰਨਿਆ ਕਿ ਲੋਕ ਕੱਲ੍ਹ ਸਵੇਰ ਤੋਂ ਬਹੁਤ ਪਰੇਸ਼ਾਨ ਹਨ ਅਤੇ ਮੁਲਾਜ਼ਮਾਂ ਨਾਲ ਲੜ ਰਹੇ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸੇਵਾ ਕੇਂਦਰ ਵਿੱਚ ਪ੍ਰੀ-ਪੇਡ ਬਿਜਲੀ ਮੀਟਰ ਲੱਗਿਆ ਹੋਇਆ ਹੈ, ਜਿਸ ਦਾ ਬੈਲੈਂਸ ਖ਼ਤਮ ਹੋਣ ਕਾਰਨ ਕੱਲ੍ਹ ਸਵੇਰੇ 11 ਵਜੇ ਤੋਂ ਬਿਜਲੀ ਗੁੱਲ ਹੈ।

ਸਾਫਟਵੇਅਰ ਪੋਰਟਲ ਦੀ ਸਮੱਸਿਆ ਤਾਂ ਪਿਛਲੇ 10 ਦਿਨਾਂ ਤੋਂ ਚੱਲ ਰਹੀ ਸੀ, ਪਰ ਬਿਜਲੀ ਦੀ ਸਮੱਸਿਆ ਕੱਲ੍ਹ ਤੋਂ ਬਣੀ ਹੋਈ ਹੈ। ਜਨਰੇਟਰ ਚਲਾਉਣ ਲਈ ਵੀ ਸਿਰਫ਼ 7 ਫ਼ੀਸਦੀ ਡੀਜ਼ਲ ਬਾਕੀ ਬਚਿਆ ਸੀ, ਜਿਸ ਕਰਕੇ ਜਨਰੇਟਰ ਵੀ ਬੰਦ ਹੋ ਗਿਆ ਹੈ। ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਜਦੋਂ ਤੱਕ ਮੀਟਰ ਰੀਚਾਰਜ ਨਹੀਂ ਹੁੰਦਾ ਅਤੇ ਡੀਜ਼ਲ ਨਹੀਂ ਆਉਂਦਾ, ਕੰਮ ਸ਼ੁਰੂ ਨਹੀਂ ਹੋ ਸਕਦਾ।

ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰਾਂ ਦੇ ਅਜਿਹੇ ਮਾੜੇ ਪ੍ਰਬੰਧਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ‘ਡਿਜੀਟਲ ਇੰਡੀਆ’ ਅਤੇ ਤੁਰੰਤ ਸੇਵਾਵਾਂ ਦੇ ਦਾਅਵੇ ਕਰਦੀਆਂ ਹਨ, ਤਾਂ ਸੇਵਾ ਕੇਂਦਰਾਂ ਵਿੱਚ ਬਿਜਲੀ ਦੇ ਬਿੱਲ ਅਤੇ ਡੀਜ਼ਲ ਵਰਗੀਆਂ ਬੁਨਿਆਦੀ ਚੀਜ਼ਾਂ ਦੀ ਕਮੀ ਕਰਕੇ ਗਰੀਬ ਲੋਕਾਂ ਦੀ ਦਿਹਾੜੀ ਕਿਉਂ ਖ਼ਰਾਬ ਕੀਤੀ ਜਾ ਰਹੀ ਹੈ?

 

Join WhatsApp

Join Now

Leave a Comment