ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸਬੰਧੀ ਵਿਸ਼ੇਸ਼ ਮਿਲਣੀ ਨੇ ਕੀਤੀ ਵਿਚਾਰ-ਚਰਚਾ
ਜਲੰਧਰ, 27 ਜੂਨ 2026

ਆਜ਼ਾਦੀ ਸੰਗਰਾਮ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੀ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1926-2026) ਮਨਾਉਣ ਲਈ ਪ੍ਰਭਾਵਸ਼ਾਲੀ ਜਨਤਕ ਲਾਮਬੰਦੀ ਕਰਨ, ਧਰਤੀ ਨਾਲ ਜੁੜੀ ਮੁਹਿੰਮ ਚਲਾਉਣ ਅਤੇ ਇਸ ਮੁਹਿੰਮ ਦੇ ਸਿਖ਼ਰ ‘ਤੇ ਪਹਿਲੀ ਨਵੰਬਰ ਨੂੰ ਮੇਲਾ ਗ਼ਦਰੀ ਬਾਬਿਆਂ ਦਾ ਯਾਦਗਾਰੀ ਅੰਦਾਜ਼ ਵਿੱਚ ਮਨਾਉਣ ਲਈ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਪਰਿਵਾਰਾਂ, ਸੰਸਥਾਵਾਂ ਅਤੇ ਬੱਬਰਾਂ ਦੇ ਨਗਰਾਂ ਦੇ ਪ੍ਰਤੀਨਿਧਾਂ ਦੀ ਵਿਸ਼ੇਸ਼ ਮਿਲਣੀ ਕੀਤੀ ਗਈ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਬੱਬਰ ਲਹਿਰ ਦੇ ਸੂਰਮੇ ਅਮਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਸ਼ਬਦ ਕਹੇ ਅਤੇ ਸਭਨਾਂ ਨੇ ਖੜ੍ਹੇ ਹੋ ਕੇ ਬੱਬਰ ਸ਼ਹੀਦਾਂ ਨੂੰ ਸਿਜਦਾ ਕੀਤਾ। ਜਨਰਲ ਸਕੱਤਰ ਨੇ ਅਪੀਲ ਕੀਤੀ ਕਿ ਤੁਹਾਡੇ ਸਹਿਯੋਗ ਨਾਲ ਹੀ ਸ਼ਤਾਬਦੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹੀ ਜਾ ਸਕਦੀ ਹੈ।
ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ਦਾ ਮੰਤਵ, ਕਾਰਜ਼ ਅਤੇ ਇਸ ਮੁਹਿੰਮ ਵਿੱਚ ਕਮੇਟੀ, ਬੱਬਰਾਂ ਦੇ ਪਿੰਡਾਂ, ਪਰਿਵਾਰਾਂ ਦੀ ਜੋਟੀ ਸਦਕਾ ਸਾਹਮਣੇ ਆਉਣ ਵਾਲੀ ਇਤਿਹਾਸਕ ਭੂਮਿਕਾ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਲੋਕਾਂ ਦੀ ਭਰਵੀਂ ਸ਼ਮੂਲੀਅਤ ਨਾਲ ਹੀ ਹੋਏਗੀ ਮੇਲੇ ਦੀ ਵਿਲੱਖਣ ਪ੍ਰਾਪਤੀ।
ਬੱਬਰਾਂ ਦੇ ਵੱਖ-ਵੱਖ ਪਿੰਡਾਂ ਤੋਂ ਆਏ 50 ਤੋਂ ਵੱਧ ਪ੍ਰਤੀਨਿਧਾਂ ਨੇ ਬਹੁਤ ਹੀ ਅਮੁੱਲੜੇ ਵਿਚਾਰ ਸਾਂਝੇ ਕੀਤੇ। ਮੁਹਿੰਮ ਨੂੰ ਖਿੱਚ ਭਰਪੂਰ ਬਣਾਉਣ, ਲੋਕਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਕਰਨ ਲਈ ਠੋਸ ਰਾਵਾਂ ਅਤੇ ਸੁਝਾਅ ਦਿੱਤੇ। ਬੱਬਰ ਇਤਿਹਾਸ ਅਤੇ ਅਜੋਕੇ ਸਮੇਂ ਦੇ ਭਖ਼ਵੇਂ ਸੁਆਲਾਂ ਨੂੰ ਸੰਬੋਧਤ ਹੁੰਦੇ ਹੋਏ ਸ਼ਹੀਦਾਂ ਦੇ ਪਰਿਵਾਰਾਂ, ਪਿੰਡਾਂ, ਇਲਾਕਿਆਂ ਵਿੱਚ ਬਣੀਆਂ ਕਮੇਟੀਆਂ ਦੇ ਨੁੰਮਾਇੰਦਿਆਂ ਨੇ ਕਿਹਾ ਕਿ 100 ਵਰ੍ਹੇ ਬਾਅਦ ਬੱਬਰਾਂ ਦੀ ਅਦੁੱਤੀ ਦੇਣ ਹੋਰ ਵੀ ਤਿੱਖੀ ਤਰ੍ਹਾਂ ਪ੍ਰਸੰਗਕ ਹੈ। ਉਹਨਾਂ ਕਿਹਾ ਕਿ ਉਹ ਜੀਅ ਜਾਨ ਲਗਾ ਕੇ ਬੱਬਰਾਂ ਦੇ ਚੌਮੁਖੀਆ ਚਿਰਾਗ਼ ਨੂੰ ਜਗਦਾ ਰੱਖਣਗੇ।
ਬੁਲਾਰਿਆਂ ਨੇ ਕਿਹਾ ਕਿ ਬੱਬਰਾਂ ਨੇ ਜਿਵੇਂ ਤਨ, ਮਨ, ਧਨ ਸਭ ਕੁੱਝ ਆਜ਼ਾਦੀ ਲਹਿਰ ਲਈ ਕੁਰਬਾਨ ਕਰ ਦਿੱਤਾ। ਫਾਂਸੀਆਂ, ਉਮਰ ਕੈਦ, ਕਾਲ਼ੇ ਪਾਣੀ, ਤਸ਼ੱਦਦ ਝੱਲੇ ਉਹਨਾਂ ਦੇ ਪਰਿਵਾਰਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਪਰ ਬੇਹੱਦ ਦੁੱਖ਼ ਦੀ ਗੱਲ ਹੈ ਕਿ ਅੱਜ 100 ਵਰ੍ਹੇ ਮਗਰੋਂ ਬਦੇਸ਼ੀ ਸਾਮਰਾਜੀਏ, ਦੇਸੀ ਕਾਰਪੋਰੇਟ ਘਰਾਣੇ ਅਤੇ ਵੰਨ-ਸੁਵੰਨੀਆਂ ਲੋਟੂ ਹਾਕਮ ਜਮਾਤਾਂ ਲੋਕਾਂ ਦੇ ਮੋਢਿਆਂ ਉਪਰ ਸਵਾਰ ਹਨ।
ਬੁਲਾਰਿਆਂ ਕਿਹਾ ਕਿ ਲੋਕਾਂ ਉਪਰ ਕਹਿਰ ਬਣਕੇ ਵਰ੍ਹ ਰਿਹਾ ਫਾਸ਼ੀ ਹੱਲਾ, ਲੋਕਾਂ ਦੇ ਮੁੱਢਲੇ ਹੱਕਾਂ ਉਪਰ ਬੁਲਡੋਜ਼ਰ ਚਾੜ੍ਹ ਰਿਹੈ, ਦੋਮ ਦਰਜ਼ੇ ਦੇ ਮੁੱਦੇ ਜਾਣ ਬੁੱਝਕੇ ਉਭਾਰ ਰਿਹਾ ਹੈ ਇਸ ਲਈ ਬੱਬਰਾਂ ਦੇ ਇਤਿਹਾਸ ਨੂੰ ਸਿਰਫ਼ ਯਾਦ ਕਰਨਾ ਹੀ ਕਾਫ਼ੀ ਨਹੀਂ। ਅਸਲ ਗੱਲ ਤਾਂ ਇਹ ਲੋੜੀਂਦੀ ਹੈ ਕਿ ਉਹ ਜਿਸ ਮਿਸ਼ਨ ਆਜ਼ਾਦੀ, ਜਮਹੂਰੀਅਤ, ਬਰਾਬਰੀ, ਸਾਂਝੀਵਾਲਤਾ ਅਤੇ ਨਿਆਂ ਲਈ ਲੜੇ ਉਸਦੀ ਪੂਰਤੀ ਲਈ ਲੱਕ ਬੰਨ੍ਹ ਕੇ ਤੁਰਿਆ ਜਾਵੇ।
ਵਿਚਾਰ-ਚਰਚਾ ਉਪਰੰਤ ਸਾਰ-ਤੱਤ ਪੇਸ਼ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਕਿਹਾ ਕਿ ਬੱਬਰ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਲਈ ਕੁਝ ਠੋਸ ਕਦਮ ਚੁੱਕਣ ਦੀ ਲੋੜ ਹੈ।
ਮਸਲਨ ਹਰ ਪਿੰਡ ਬੱਬਰਾਂ ਦੀਆਂ ਤਸਵੀਰਾਂ ਅਤੇ ਵੇਰਵੇ ਦੀਆਂ ਫਲੈਕਸਾਂ ਲੱਗਣ, ਪਿੰਡਾਂ/ਇਲਾਕਿਆਂ ‘ਚ ਕਮੇਟੀਆਂ ਜੱਥੇਬੰਦ ਕੀਤੀਆਂ ਜਾਣ। ਪਿੰਡਾਂ/ਇਲਾਕਿਆਂ ‘ਚ ਢੁਕਵੀਆਂ ਵਿਧੀਆਂ ਰਾਹੀਂ ਸਰਗਰਮੀਆਂ ਕੀਤੀਆਂ ਜਾਣ। ਢੁਕਵੀਆਂ ਪ੍ਰਚਾਰ ਸਮੱਗਰੀ ਲੋਕਾਂ ‘ਚ ਲਿਜਾਈ ਜਾਏ। ਗ਼ਦਰੀ ਬਾਬਿਆਂ ਦੇ ਮੇਲੇ ‘ਚ ਲੰਗਰ, ਵਲੰਟੀਅਰ ਅਤੇ ਲੋਕ-ਸ਼ਮੂਲੀਅਤ ਵੱਡੀ ਪੱਧਰ ‘ਤੇ ਕਰਾਉਣ ਲਈ ਬੱਬਰਾਂ ਦੇ ਪਿੰਡ ਅਤੇ ਸੰਸਥਾਵਾਂ ਅੱਗੇ ਆਉਣ।
ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਡਾ. ਸੈਲੇਸ਼ ਤੋਂ ਇਲਾਵਾ ਪੰਜ ਦਰਜਣ ਦੇ ਕਰੀਬ ਪ੍ਰਤੀਨਿਧਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਿਲਣੀ ਨੂੰ ਕਾਮਯਾਬ ਕਰਨ ਲਈ ਨਿੱਗਰ ਸੁਝਾਅ ਦਿੱਤੇ। ਜਿਹਨਾਂ ਲਈ ਕਮੇਟੀ ਆਗੂਆਂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਜੈ ਬੰਬੇਲੀ ਦੀ ਪੁਸਤਕ ‘ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲਦਿਆਂ’ ਬੱਬਰਾਂ ਦੇ ਪਰਿਵਾਰਾਂ ਅਤੇ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਭੇਂਟ ਕੀਤੀ ਗਈ।
















