ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਅਧਿਆਪਕਾਂ ਦੀਆਂ ਬਦਲੀਆਂ ‘ਚ ਵੱਡਾ ਧੋਖਾ; ਯੂਨੀਅਨ ਨੇ ਕੀਤਾ ਡੀਪੀਆਈ ਦਫਤਰ ਘੇਰਨ ਦਾ ਐਲਾਨ
ਚੰਡੀਗੜ੍ਹ, 2 ਜੁਲਾਈ 2026-
ਸਿੱਖਿਆ ਵਿਭਾਗ ਇਸ ਵੇਲੇ ਨਵੇਂ ਵਿਵਾਦ ਵਿੱਚ ਘਿਰਦਾ ਹੋਇਆ ਨਜ਼ਰ ਹੀ ਆ ਰਿਹਾ ਹੈ, ਕਿਉਂਕਿ ਦਿਵਿਆਂਗ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਵਿਭਾਗ ਉੱਪਰ ਧੋਖਾਧੜੀ ਦੇ ਇਲਜ਼ਾਮ ਲੱਗੇ ਹਨ। ਅਧਿਆਪਕ ਯੂਨੀਅਨ ਦੇ ਆਗੂਆਂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਜਿੱਥੇ ਸਿੱਖਿਆ ਵਿਭਾਗ (ਪੰਜਾਬ ਸਰਕਾਰ) ਦੀ ਟਰਾਂਸਫਰ ਨੀਤੀ ਉੱਪਰ ਸਵਾਲ ਚੁੱਕੇ ਹਨ, ਉੱਥੇ ਹੀ ਕਿਹਾ ਹੈ ਕਿ ਵਿਭਾਗ ਨੇ ਉਨ੍ਹਾਂ ਦੇ ਨਾਲ ਵੱਡਾ ਧੋਖਾ ਕੀਤਾ ਹੈ।
ਯੂਨੀਅਨ ਦੇ ਆਗੂਆਂ ਨੇ ਬਿਆਨ ਵਿੱਚ ਕਿਹਾ ਕਿ ਐਗਜੈਪਟਡ ਕੈਟਾਗਰੀ ਟਰਾਂਸਫਰ ਲਈ ਸਿੱਖਿਆ ਵਿਭਾਗ ਵੱਲੋਂ ਪੋਰਟਲ 12-01-2026 ਨੂੰ ਖੋਲਿਆ ਗਿਆ ਸੀ ਅਤੇ 13-03-2026 ਨੂੰ ਸਟੇਸ਼ਨ ਚੌਣ ਕਾਰਵਾਈ ਗਈ ਸੀ, ਪਰ ਸਾਡੀ ਐਗਜੈਪਟਡ ਕੈਟਾਗਰੀ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ, ਜੋ ਕਿ ਦਿਵਿਆਂਗ ਅਧਿਆਪਕਾਂ ਨਾਲ ਸਿੱਖਿਆ ਵਿਭਾਗ ਵੱਲੋ ਧੱਕਾ ਹੈ।
ਆਗੂਆਂ ਨੇ ਕਿਹਾ ਕਿ, ਸਾਨੂੰ ਸਿੱਖਿਆ ਵਿਭਾਗ ਵਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੀ ਬਦਲੀਆਂ, ਜਨਰਲ ਬਦਲੀਆਂ ਨਾਲ ਜੋੜ ਕੇ ਕਰ ਦਿਤੀਆਂ ਜਾਣਗੀਆਂ ਅਤੇ ਤੁਹਾਨੂੰ ਸਟੇਸ਼ਨ ਚੁਆਇਸ ਵਿਚ ਪਹਿਲ ਦਿਤੀ ਜਾਵੇਗੀ ਤੇ ਐਗਜੈਪਟਡ ਕੈਟਾਗਰੀ ਦੇ ਸਾਰੇ ਜ਼ਿਲ੍ਹਿਆਂ ਦੇ ਸਟੇਸ਼ਨ 13/3/2026 ਦੀ ਸਟੇਸ਼ਨ ਚੁਆਇਸ ਦੀ ਤਰਾਂ ਇਕੱਠੇ ਖੋਲ੍ਹੇ ਜਾਣਗੇ। ਕਿਉਂਕਿ ਤੁਹਾਡੀ ਬਦਲੀ ਦੀ ਅਰਜੀ ਜਨਵਰੀ ਦੇ ਮਹੀਨੇ ਦੀ ਹੈ।
ਪਰ ਵਿਭਾਗ ਵਲੋਂ ਐਗਜੈਪਟਡ ਕੈਟਾਗਰੀ ਦੇ ਕੇਵਲ ਇਕ ਹੀ ਜ਼ਿਲ੍ਹੇ ਦੇ ਸਟੇਸ਼ਨ ਖੋਲ੍ਹੇ ਗਏ ਹਨ। ਜਿੱਥੇ ਦਿਵਿਆਂਗ ਅਧਿਆਪਕ ਪਹਿਲਾਂ ਤੋਂ ਹੀ ਘਰ ਤੋਂ ਦੂਰ ਤੈਨਾਤ ਹੈ, ਜੋ ਕਿ ਗੈਰ ਕਾਨੂੰਨੀ ਹੈ, ਕਿਉਂਕਿ ਟਰਾਂਸਫਰ ਪਾਲਸੀ 2019 ਐਗਜੈਪਟਡ ਕੈਟਾਗਰੀ ‘ ਲਾਗੂ ਨਹੀਂ ਹੁੰਦੀ।
ਉਨ੍ਹਾਂ ਵਿਭਾਗ ਕੋਲੋਂ ਮੰਗ ਕੀਤੀ ਕਿ, ਐਗਜੈਪਟਡ ਕੈਟਾਗਰੀ ਦੇ ਸਾਰੇ ਜ਼ਿਲ੍ਹਿਆਂ, ਸਟੇਸ਼ਨ ਪਹਿਲੇ ਰਾਊਂਡ ਵਿੱਚ ਤੁਰੰਤ ਖੋਲ੍ਹੇ ਜਾਣ, ਕਿਉਂਕਿ ਹਾਲ ਦੀ ਘੜੀ ਦਿਵਿਆਂਗ ਅਧਿਆਪਕਾਂ ਵਲੋਂ 200-300 ਕਿਲੋਮੀਟਰ ‘ਤੇ ਸੇਵਾਵਾਂ ਦੇਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਬਦਲੀਆਂ ਨੂੰ ਲੈ ਕੇ ਸਿੱਖਿਆ ਵਿਭਾਗ ਨਾਲ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਗਈਆਂ, ਪਰ ਸਿੱਖਿਆ ਵਿਭਾਗ ਵੱਲੋਂ ਕੋਈ ਵੀ ਪੁਖਤਾ ਹੱਲ ਨਹੀਂ ਕੱਢਿਆ ਗਿਆ, ਜਿਸ ਦੇ ਰੋਸ ਵਜੋਂ ਦਿਵਿਆਂਗ ਅਧਿਆਪਕਾਂ ਨੇ ਮਿਤੀ 6 ਜੁਲਾਈ ਦਿਨ ਸੋਮਵਾਰ ਨੂੰ ਡੀਪੀਆਈ ਦਫਤਰ ਘੇਰਨ ਦਾ ਐਲਾਨ ਕੀਤਾ ਹੈ।

















