Punjab News: ਨਵ-ਵਿਆਹੁਤਾ ਦੀ ਛੱਪੜ ‘ਚੋਂ ਮਿਲੀ ਲਾਸ਼; 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

On: ਜੁਲਾਈ 3, 2026 1:55 ਬਾਃ ਦੁਃ

 

Punjab News: ਨਵ-ਵਿਆਹੁਤਾ ਦੀ ਛੱਪੜ ‘ਚੋਂ ਮਿਲੀ ਲਾਸ਼; 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਚਾਨਕ ਲਾਪਤਾ ਹੋਈ ਸੀ 28 ਸਾਲਾ ਸੰਦੀਪ ਕੌਰ

ਮਹਿਜ਼ 3 ਮਹੀਨੇ ਪਹਿਲਾਂ ਪਿੰਡ ਖੇੜੀ ਦੇ ਨੌਜਵਾਨ ਨਾਲ ਬੜੇ ਚਾਅ-ਮਲ੍ਹਾਰਾਂ ਨਾਲ ਵਿਆਹੀ ਸੀ ਇਕਲੌਤੀ ਧੀ

ਤਪਾ ਮੰਡੀ/ਬਰਨਾਲਾ, 3 ਜੁਲਾਈ 2026: ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਦੇ ਨਜ਼ਦੀਕੀ ਪਿੰਡ ਤਾਜੋਕੇ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਅਤੇ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਛੱਪੜ ਵਿੱਚੋਂ ਇੱਕ ਨਵ-ਵਿਆਹੁਤਾ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ। ਛੱਪੜ ਵਿੱਚ ਲਾਸ਼ ਦੇਖ ਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਮ੍ਰਿਤਕ ਮਹਿਲਾ ਦੀ ਪਛਾਣ 28 ਸਾਲਾ ਸੰਦੀਪ ਕੌਰ ਪੁੱਤਰੀ ਰਾਮ ਸਿੰਘ ਵਜੋਂ ਹੋਈ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਨੇ ਮਹਿਜ਼ ਤਿੰਨ ਮਹੀਨੇ ਪਹਿਲਾਂ ਹੀ ਆਪਣੀ ਇਸ ਇਕਲੌਤੀ ਧੀ ਦਾ ਵਿਆਹ ਬੜੇ ਚਾਅ-ਮਲ੍ਹਾਰਾਂ ਅਤੇ ਰੀਝਾਂ ਨਾਲ ਪਿੰਡ ਖੇੜੀ (ਸ਼ੇਰਪੁਰ) ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨਾਲ ਕੀਤਾ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਵਿਆਹ ਦੇ ਇੰਨੇ ਛੋਟੇ ਜਿਹੇ ਵਕਫ਼ੇ ਤੋਂ ਬਾਅਦ ਅਜਿਹਾ ਦੁਖਦਾਈ ਭਾਣਾ ਵਰਤ ਜਾਵੇਗਾ।

ਮ੍ਰਿਤਕ ਸੰਦੀਪ ਕੌਰ ਦੇ ਵੱਡੇ ਭਰਾ ਨੇ ਬੇਹੱਦ ਦੁਖੀ ਮਨ ਨਾਲ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਭੈਣ ਪਿਛਲੇ ਦਿਨੀਂ ਆਪਣੇ ਸਹੁਰੇ ਘਰ ਤੋਂ ਪੇਕੇ ਪਿੰਡ ਆਈ ਹੋਈ ਸੀ। ਅੱਜ ਸਵੇਰੇ ਉਹ, ਉਸ ਦੀ ਮਾਤਾ ਅਤੇ ਭੈਣ ਸੰਦੀਪ ਕੌਰ ਤਿੰਨੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ। ਮੱਥਾ ਟੇਕਣ ਤੋਂ ਬਾਅਦ ਉਹ ਆਪਣੀ ਮਾਤਾ ਨਾਲ ਕਿਸੇ ਜ਼ਰੂਰੀ ਕੰਮ ਲਈ ਬੈਂਕ ਚਲਾ ਗਿਆ ਅਤੇ ਭੈਣ ਨੂੰ ਇਕੱਲਿਆਂ ਹੀ ਵਾਪਸ ਘਰ ਜਾਣ ਲਈ ਕਹਿ ਦਿੱਤਾ।

ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਪਿੰਡ ਵਿੱਚੋਂ ਖ਼ਬਰ ਮਿਲੀ ਕਿ ਸੰਦੀਪ ਦੀ ਲਾਸ਼ ਪਿੰਡ ਦੇ ਛੱਪੜ ਵਿੱਚ ਤੈਰ ਰਹੀ ਹੈ। ਭਰਾ ਮੁਤਾਬਕ ਉਸ ਦੀ ਭੈਣ ਆਪਣੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਬਿਲਕੁਲ ਠੀਕ-ਠਾਕ ਅਤੇ ਬੇਹੱਦ ਖੁਸ਼ ਸੀ, ਜਿਸ ਕਾਰਨ ਪਰਿਵਾਰ ਇਸ ਅਚਾਨਕ ਵਾਪਰੀ ਖ਼ੌਫ਼ਨਾਕ ਘਟਨਾ ਦੇ ਅਸਲ ਕਾਰਨਾਂ ਤੋਂ ਬਿਲਕੁਲ ਅਣਜਾਣ ਹੈ। ਪਿੰਡ ਦੇ ਸਰਪੰਚ ਕਰਨਦੀਪ ਸਿੰਘ ਨੇ ਵੀ ਇਸ ਅਚਾਨਕ ਹੋਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਤਪਾ ਦੇ ਜਾਂਚ ਅਧਿਕਾਰੀ (ASI) ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ, “ਸਾਨੂੰ ਪਿੰਡ ਤਾਜੋਕੇ ਦੇ ਛੱਪੜ ਵਿੱਚ ਇੱਕ ਮਹਿਲਾ ਦੀ ਲਾਸ਼ ਤੈਰਦੀ ਹੋਣ ਦੀ ਇਤਲਾਹ ਮਿਲੀ ਸੀ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ ਹੈ।

ਪੁਲਿਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਅਤੇ ਡੂੰਘੀ ਪੁੱਛਗਿੱਛ ਤੋਂ ਬਾਅਦ ਹੀ ਲੱਗ ਸਕੇਗਾ।”

 

Join WhatsApp

Join Now

Leave a Comment