Punjab News: ਓਵਰਫਲੋਅ ਕਾਰਨ ਨਹਿਰ ‘ਚ ਪਿਆ ਪਾੜ, 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਤਬਾਹ!

On: ਜੁਲਾਈ 4, 2026 1:44 ਬਾਃ ਦੁਃ

 

ਨਹਿਰ ‘ਚ ਪਿਆ ਪਾੜ, 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਤਬਾਹ! ਪਿੰਡ ਨਸਰਾਲੀ ਨੇੜੇ ਨਵੇਂ ਬਣੇ ਸੂਏ ਵਿੱਚ ਤੰਗ ਮੋਘੇ ਅਤੇ ਤੇਜ਼ ਬਹਾਅ ਕਾਰਨ ਵਾਪਰਿਆ ਹਾਦਸਾ; ਕਿਸਾਨਾਂ ਦੀ ਪਨੀਰੀ ਗਲੀ

ਖਾਦ, ਦਵਾਈ, ਲਵਾਈ ਅਤੇ ਡੀਜ਼ਲ ਦਾ ਸਾਰਾ ਖ਼ਰਚਾ ਦੁਬਾਰਾ ਝੱਲਣ ਕਾਰਨ ਕਿਸਾਨਾਂ ‘ਤੇ ਪਿਆ ਵੱਡਾ ਆਰਥਿਕ ਬੋਝ

ਨਹਿਰੀ ਵਿਭਾਗ ਦੇ ਜੇਈ (JE) ਨੇ ਮੰਨਿਆ- “ਮੋਘੇ ਬੰਦ ਹੋਣ ਕਰਕੇ ਪਾਣੀ ਓਵਰਫਲੋਅ ਹੋਇਆ, ਜਲਦੀ ਕਰਾਂਗੇ ਪੱਕਾ ਹੱਲ”

ਪਾਇਲ, 04 ਜੁਲਾਈ 2026- ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਫ਼ਸਲਾਂ ਦੀ ਸਿੰਜਾਈ ਲਈ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪੱਕੇ ਸੂਇਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਪਰ ਦੂਜੇ ਪਾਸੇ ਅੱਗਿਓਂ ਮੋਘਿਆਂ ਵਾਲੀ ਜਗ੍ਹਾ ਤੰਗ ਹੋਣ ਕਾਰਨ ਕਈ ਥਾਵਾਂ ’ਤੇ ਪਾੜ ਪੈਣ ਦੀਆਂ ਗੰਭੀਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਤਾਜ਼ਾ ਮਾਮਲਾ ਹਲਕਾ ਪਾਇਲ ਦੇ ਪਿੰਡ ਨਸਰਾਲੀ ਨੇੜੇ ਬਣੇ ਨਵੇਂ ਨਹਿਰੀ ਸੂਏ ਤੋਂ ਸਾਹਮਣੇ ਆਇਆ ਹੈ, ਜਿੱਥੇ ਦੂਜੀ ਵਾਰ ਪਾੜ ਪੈਣ ਕਾਰਨ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਇਸ ਘਟਨਾ ਨੇ ਸੂਆ ਪੱਕਾ ਕਰਨ ਸਮੇਂ ਵਰਤੀ ਗਈ ਸਮੱਗਰੀ ਦੀ ਗੁਣਵੱਤਾ ਅਤੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਜਸਵੰਤ ਸਿੰਘ ਨਸਰਾਲੀ ਅਤੇ ਨੰਬਰਦਾਰ ਹਾਕਮ ਸਿੰਘ ਨਸਰਾਲੀ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਦੇਣਾ ਸਰਕਾਰ ਦਾ ਇੱਕ ਬੇਹੱਦ ਸ਼ਲਾਘਾਯੋਗ ਕਦਮ ਹੈ, ਪਰ ਨਵੇਂ ਬਣੇ ਸੂਏ ਦਾ ਵਾਰ-ਵਾਰ ਟੁੱਟਣਾ ਇਸ ਦੀ ਉਸਾਰੀ ਦੇ ਕਾਰਜਾਂ ਵਿੱਚ ਹੋਈ ਵੱਡੀ ਗੜਬੜੀ ਵੱਲ ਇਸ਼ਾਰਾ ਕਰਦਾ ਹੈ। ਪਾਣੀ ਦੀ ਲਗਾਤਾਰ ਮਾਰ ਕਾਰਨ ਕਿਸਾਨਾਂ ਵੱਲੋਂ ਮਿਹਨਤ ਨਾਲ ਤਿਆਰ ਕੀਤੀ ਝੋਨੇ ਦੀ ਪਨੀਰੀ ਪੂਰੀ ਤਰ੍ਹਾਂ ਗਲ ਚੁੱਕੀ ਹੈ।

ਪੀੜਤ ਕਿਸਾਨਾਂ ਜਸਵੀਰ ਸਿੰਘ ਜੱਸੀ, ਜਿੰਦਰ ਸਿੰਘ ਪੁਆਦੜ੍ਹਾ, ਲਖਵੀਰ ਸਿੰਘ ਲੱਖੀ, ਦਿਲਪ੍ਰੀਤ ਸਿੰਘ ਬੈਦਵਾਨ ਅਤੇ ਬਿੱਲਾ ਈਸੜੂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਝੋਨਾ ਡੁੱਬਣ ਕਾਰਨ ਹੁਣ ਉਨ੍ਹਾਂ ਦੀ ਸਾਰੀ ਮਿਹਨਤ ਬੇਕਾਰ ਹੋ ਗਈ ਹੈ। ਉਨ੍ਹਾਂ ਨੂੰ ਹੁਣ ਖਾਦ, ਦਵਾਈ, ਪਨੀਰੀ, ਲਵਾਈ ਅਤੇ ਟਰੈਕਟਰ ਨਾਲ ਕੱਦੂ ਕਰਨ ਸਮੇਤ ਡੀਜ਼ਲ ਦਾ ਸਾਰਾ ਖ਼ਰਚਾ ਦੁਬਾਰਾ ਝੱਲਣਾ ਪਵੇਗਾ, ਜਿਸ ਨਾਲ ਉਨ੍ਹਾਂ ’ਤੇ ਭਾਰੀ ਆਰਥਿਕ ਬੋਝ ਪੈ ਗਿਆ ਹੈ।

ਕਿਸਾਨਾਂ ਨੇ ਸੂਆ ਟੁੱਟਣ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਅੱਗੇ ਮੋਘਾ ਬਹੁਤ ਤੰਗ ਹੈ, ਜਦਕਿ ਪਿੱਛੋਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਹੀ ਇਸ ਜਗ੍ਹਾ ਦੁਬਾਰਾ ਪਾੜ ਪਿਆ ਹੈ। ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਸੂਏ ਦੀ ਮੁਰੰਮਤ ਕਰ ਕੇ ਇਸ ਦਾ ਪੱਕਾ ਬੰਦੋਬਸਤ ਕੀਤਾ ਜਾਵੇ।

ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਜੇਈ (JE) ਮਾਨਵ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਅਗਲੇ ਮੋਘੇ ਬੰਦ ਹੋਣ ਕਾਰਨ ਪਾਣੀ ਓਵਰਫਲੋਅ (Overflow) ਹੋ ਗਿਆ ਸੀ, ਜਿਸ ਕਰਕੇ ਸੂਏ ਵਿੱਚ ਪਾੜ ਪੈ ਗਿਆ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਹੁਣ ਇਸ ਸਮੱਸਿਆ ਦਾ ਜਲਦੀ ਹੀ ਪੱਕਾ ਹੱਲ ਕਰ ਦਿੱਤਾ ਜਾਵੇਗਾ।

 

Join WhatsApp

Join Now

Leave a Comment