Holiday Alert: ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਲਈ 6 ਜੁਲਾਈ ਦੀ ਛੁੱਟੀ ਦਾ ਐਲਾਨ- ਚੋਣ ਡਿਊਟੀ ਕਰਨ ਵਾਲੇ ਸਟਾਫ਼ ਨੂੰ ਪੰਜਾਬ ਸਰਕਾਰ ਨੇ 6 ਜੁਲਾਈ ਦੀ ਛੁੱਟੀ ਐਲਾਨੀ
Punjab News, 5 ਜੁਲਾਈ 2026: ਪੰਜਾਬ ਦੇ ਜਲਾਲਾਬਾਦ, ਮਮਦੋਟ, ਗੁਰੂਹਰਸਹਾਏ ਅਤੇ ਹੁਸ਼ਿਆਰਪੁਰ ਵਿੱਚ ਅੱਜ ਐਮ.ਸੀ. (MC) ਚੋਣਾਂ ਲਈ ਵੋਟਾਂ ਪਈਆਂ। ਇਨ੍ਹਾਂ ਚੋਣਾਂ ਦੇ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਣਾਂ ਵਿੱਚ ਅੱਜ ਡਿਊਟੀ ਭੁਗਤਾਉਣ ਵਾਲੇ ਮੁਲਾਜ਼ਮਾਂ ਲਈ 6 ਜੁਲਾਈ ਦੀ ਛੁੱਟੀ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਵਲੋਂ ਚੋਣ ਡਿਊਟੀ ਵਿਚ ਤਾਇਨਾਤ ਪ੍ਰੀਜਾਇਡਿੰਗ ਅਫ਼ਸਰਾਂ, ਪੋਲਿੰਗ ਅਫ਼ਸਰਾਂ, ਸੈਕਟਰ ਅਧਿਕਾਰੀਆਂ, ਗਰੁੱਪ ਡੀ ਮੁਲਾਜ਼ਮਾਂ ਨੂੰ 6 ਜੁਲਾਈ (ਸੋਮਵਾਰ) ਨੂੰ ਚੋਣ ਡਿਊਟੀ ਦੇ ਇਵਜ਼ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਬੁਲਾਰੇ ਨੇ ਪਈਆਂ ਵੋਟਾਂ ਦਾ ਸਮੁੱਚਾ ਅਮਲ ਸ਼ਾਂਤਮਈ, ਪਾਰਦਰਸ਼ੀ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਨ ’ਤੇ ਵੋਟਰਾਂ ਦਾ ਧੰਨਵਾਦ ਕੀਤਾ। ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਦੀਆਂ ਚੋਣਾਂ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਮੁੱਚੀ ਵੋਟਿੰਗ ਪ੍ਰਕਿਰਿਆ ਸੁਚੱਜੇ ਢੰਗ ਨਾਲ ਜਾਰੀ ਹੈ ਅਤੇ ਵੋਟਰਾਂ ਵਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ-ਜਲਾਲਾਬਾਦ ਤੇ ਮਮਦੋਟ ‘ਚ ਚੱਲਿਆ AAP ਦਾ ਝਾੜੂ, ਗੁਰੂਹਰਸਹਾਏ ‘ਚ ਕਾਂਗਰਸ ਦਾ ਹੂੰਝਾਫੇਰ ਪ੍ਰਦਰਸ਼ਨ; ਭਾਜਪਾ ਦਾ ਖ਼ਾਤਾ ਵੀ ਨਾ ਖੁੱਲ੍ਹਿਆ
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਨੇ ਵੱਖ-ਵੱਖ ਸਿਆਸੀ ਉਲਟ-ਫੇਰ ਦਿਖਾਏ ਹਨ। ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ (AAP) ਜਲਾਲਾਬਾਦ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਵਿੱਚ ਕਾਮਯਾਬ ਰਹੀ, ਉੱਥੇ ਹੀ ਗੁਰੂਹਰਸਹਾਏ ਵਿੱਚ ਕਾਂਗਰਸ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਮਮਦੋਟ ਨਗਰ ਪੰਚਾਇਤ ਵਿੱਚ ‘ਆਪ’ ਅਤੇ ਅਕਾਲੀ ਦਲ (SAD) ਦਰਮਿਆਨ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਪੂਰੀ ਚੋਣ ਪ੍ਰਕਿਰਿਆ ਦੌਰਾਨ ਭਾਰਤੀ ਜਨਤਾ ਪਾਰਟੀ (BJP) ਨੂੰ ਵੱਡਾ ਝਟਕਾ ਲੱਗਾ ਹੈ, ਜੋ ਤਿੰਨਾਂ ਸਥਾਨਕ ਨਿਕਾਗਾਂ ਵਿੱਚ ਇੱਕ ਵੀ ਸੀਟ ਜਿੱਤਣ ਵਿੱਚ ਨਾਕਾਮ ਰਹੀ।
ਜਲਾਲਾਬਾਦ ਨਗਰ ਕੌਂਸਲ ਵਿੱਚ ਸੱਤਾਧਾਰੀ ‘ਆਪ’ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 17 ਵਾਰਡਾਂ ਵਿੱਚੋਂ 12 ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇੱਥੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ 4 ਵਾਰਡਾਂ ਵਿੱਚ ਸਫ਼ਲਤਾ ਮਿਲੀ, ਜਦੋਂ ਕਿ ਅਕਾਲੀ ਦਲ ਮਹਿਜ਼ 1 ਸੀਟ ‘ਤੇ ਸਿਮਟ ਕੇ ਰਹਿ ਗਿਆ। ਭਾਜਪਾ ਇੱਥੇ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ। ਇਹ ਨਤੀਜਾ ਇਸ ਖੇਤਰ ਵਿੱਚ ਸੱਤਾਧਾਰੀ ਧਿਰ ਦੇ ਹੌਸਲੇ ਬੁਲੰਦ ਕਰਨ ਵਾਲਾ ਹੈ।
ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸ ਨੇ ਵਿਰੋਧੀਆਂ ਦਾ ਸਫ਼ਾਇਆ ਕਰਦੇ ਹੋਏ 15 ਵਿੱਚੋਂ 13 ਵਾਰਡਾਂ ‘ਤੇ ਹੂੰਝਾਫੇਰ ਜਿੱਤ ਹਾਸਲ ਕੀਤੀ। ਬਾਕੀ ਬਚੀਆਂ 2 ਸੀਟਾਂ ਸ਼ਿਰੋਮਣੀ ਅਕਾਲੀ ਦਲ ਦੇ ਖ਼ਾਤੇ ਵਿੱਚ ਗਈਆਂ। ਹਲਕੇ ਦੇ ਕਈ ਵੱਡੇ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ ਇੱਥੇ ‘ਆਪ’ ਅਤੇ ਭਾਜਪਾ ਦੋਵੇਂ ਹੀ ਸਿਫ਼ਰ ‘ਤੇ ਰਹੀਆਂ, ਜਿਸ ਕਾਰਨ ਕਾਂਗਰਸ ਦੀ ਇਸ ਜਿੱਤ ਨੂੰ ਜ਼ਿਲ੍ਹੇ ਦੇ ਸਭ ਤੋਂ ਫੈਸਲਾਕੁੰਨ ਨਤੀਜਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
13 ਮੈਂਬਰੀ ਮਮਦੋਟ ਨਗਰ ਪੰਚਾਇਤ ਵਿੱਚ ਆਮ ਆਦਮੀ ਪਾਰਟੀ 9 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹੀ ‘ਆਪ’ ਦੇ 9 ਉਮੀਦਵਾਰ ਅਤੇ ਅਕਾਲੀ ਦਲ (SAD) ਦੇ 2 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਸਨ। ਬਾਕੀ ਬਚੇ 2 ਵਾਰਡਾਂ ਲਈ ਅੱਜ ਐਤਵਾਰ ਨੂੰ ਹੋਈ ਵੋਟਿੰਗ ਦੌਰਾਨ ਦੋਵਾਂ ਸੀਟਾਂ ‘ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ, ਜਿਸ ਨਾਲ 13 ਮੈਂਬਰੀ ਕੌਂਸਲ ਵਿੱਚ ਅਕਾਲੀ ਦਲ ਦੇ ਮੈਂਬਰਾਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ।
ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਈ ਹਿੰਸਾ ਦੇ ਮੱਦੇਨਜ਼ਰ ਅੱਜ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਇਨ੍ਹਾਂ ਚੋਣ ਨਤੀਜਿਆਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਸਿਆਸੀ ਰੁਝਾਨਾਂ ਨੂੰ ਉਜਾਗਰ ਕੀਤਾ ਹੈ, ਜਿੱਥੇ ‘ਆਪ’ ਨੇ ਜਲਾਲਾਬਾਦ ਅਤੇ ਮਮਦੋਟ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ, ਉੱਥੇ ਹੀ ਕਾਂਗਰਸ ਨੇ ਗੁਰੂਹਰਸਹਾਏ ਵਿੱਚ ਆਪਣਾ ਪੁਰਾਣਾ ਕਿਲ੍ਹਾ ਬਚਾ ਲਿਆ ਹੈ।
ਹੁਸ਼ਿਆਰਪੁਰ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਇੱਕ ਵੱਡੀ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਸਥਾਨਕ ਸਿਆਸਤ ਵਿੱਚ ਆਪਣਾ ਦਬਦਬਾ ਕਾਇਮ ਰੱਖਦਿਆਂ ‘ਆਪ’ ਨੇ ਵਿਰੋਧੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਕੁੱਲ 50 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 35 ਸੀਟਾਂ ‘ਤੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਦੇ ਸਥਾਨਕ ਚੋਣਾਂ ਵਿੱਚ ਮਜ਼ਬੂਤ ਪਕੜ ਰੱਖਣ ਵਾਲੀ ਕਾਂਗਰਸ ਪਾਰਟੀ ਮਹਿਜ਼ 9 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ (BJP) ਦਾ ਪ੍ਰਦਰਸ਼ਨ ਵੀ ਬੇਹੱਦ ਨਿਰਾਸ਼ਾਜਨਕ ਰਿਹਾ ਅਤੇ ਉਹ ਸਿਰਫ਼ 3 ਵਾਰਡਾਂ ਵਿੱਚ ਹੀ ਜਿੱਤ ਦਰਜ ਕਰ ਸਕੀ। ਬਾਕੀ ਬਚੀਆਂ ਸੀਟਾਂ ਦੂਜੇ ਉਮੀਦਵਾਰਾਂ ਦੇ ਖਾਤੇ ਵਿੱਚ ਗਈਆਂ ਹਨ।
















