Weather Alert: ਭਾਰੀ ਮੀਂਹ ਦਾ ਕਹਿਰ, 13 ਲੋਕਾਂ ਦੀ ਮੌਤ!
ਮੁੰਬਈ/ਚੰਡੀਗੜ੍ਹ, 07 ਜੁਲਾਈ 2026- Weather Alert: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ। ਮੀਂਹ ਨਾਲ ਸਬੰਧਤ ਵੱਖ-ਵੱਖ ਹਾਦਸਿਆਂ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਨਖੁਰਦ ਦੇ ਪੂਰਬੀ ਉਪਨਗਰ ਵਿੱਚ ਇੱਕ ਤਿੰਨ ਮੰਜ਼ਿਲਾ ਫਲੈਟ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਕੁਝ ਹਫ਼ਤੇ ਪਹਿਲਾਂ ਹੀ ਜਨਤਾ ਲਈ ਖੋਲ੍ਹੇ ਗਏ ਮੁੰਬਈ-ਪੂਣੇ ਐਕਸਪ੍ਰੈਸਵੇਅ ਦੇ ਨਵੇਂ “ਮਿਸਿੰਗ ਲਿੰਕ” (Missing Link) ਨੇ ਪ੍ਰਸ਼ਾਸਨ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਇਸ ਅਤਿ-ਆਧੁਨਿਕ ਹਾਈਵੇਅ ਦੀ ਇੱਕ ਵੱਡੀ ਸੁਰੰਗ ਦੇ ਅੰਦਰੋਂ ਤੇਜ਼ੀ ਨਾਲ ਪਾਣੀ ਲੀਕ ਹੋਣਾ ਸ਼ੁਰੂ ਹੋ ਗਿਆ ਹੈ।
ਸੁਰੱਖਿਆ ਦੇ ਮੱਦੇਨਜ਼ਰ ਲੋਕ ਨਿਰਮਾਣ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੇ ਇਸ ਨਵੇਂ ਰਸਤੇ ‘ਤੇ ਵਾਹਨਾਂ ਦੀ ਆਵਾਜਾਈ ਨੂੰ ਮੁਕੰਮਲ ਤੌਰ ‘ਤੇ ਰੋਕ ਦਿੱਤਾ ਹੈ। ਨਵੇਂ ਹਾਈਵੇਅ ‘ਤੇ ਭਾਰੀ ਲੀਕੇਜ ਕਾਰਨ ਵਿਰੋਧੀ ਧਿਰ ਨੇ ਸਰਕਾਰ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਵ ਸੈਨਾ (UBT) ਦੇ ਐਮਐਲਸੀ ਅੰਬਦਾਸ ਦਾਨਵੇ ਨੇ ਕੈਰੇਜਵੇਅ ‘ਤੇ ਕੰਕਰੀਟ ਦਾ ਥੰਮ੍ਹ ਡਿੱਗਣ ਦੀ ਘਟਨਾ ਤੋਂ ਬਾਅਦ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਅਤੇ ਜਵਾਬਦੇਹੀ ਦੀ ਮੰਗ ਕੀਤੀ ਹੈ।
ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਕਾਰਨ ਵਿਧਾਨ ਸਭਾ ਦੇ ਦੋਵੇਂ ਸਦਨਾਂ ਨੂੰ ਵੀ ਮੁਲਤਵੀ ਕਰਨਾ ਪਿਆ। ਮੁੱਖ ਮੰਤਰੀ ਫੜਨਵੀਸ ਨੇ ਇਸ ਨੂੰ ਮਨੁੱਖੀ ਕੰਟਰੋਲ ਤੋਂ ਬਾਹਰ ਦੀ “ਅਣਕਿਆਸੀ ਸਥਿਤੀ” ਦੱਸਦਿਆਂ ਨਿੱਜੀ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ‘ਘਰੋਂ ਕੰਮ’ (Work From Home) ਕਰਨ ਦੀ ਇਜਾਜ਼ਤ ਦੇਣ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਕਰਜਤ ਨੇੜੇ ਜ਼ਮੀਨ ਖਿਸਕਣ ਅਤੇ ਪਟੜੀਆਂ ‘ਤੇ ਮਲਬਾ ਡਿੱਗਣ ਕਾਰਨ ਮੁੰਬਈ-ਪੁਣੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈਸ ਸਮੇਤ ਕਈ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਹਿੰਦਮਾਤਾ, ਸਿਓਨ, ਕੁਰਲਾ ਅਤੇ ਅੰਧੇਰੀ ਵਰਗੇ ਨੀਵੇਂ ਇਲਾਕਿਆਂ ਵਿੱਚ ਕਈ ਫੁੱਟ ਪਾਣੀ ਭਰ ਗਿਆ ਹੈ ਅਤੇ ਸ਼ਹਿਰ ਵਿੱਚ 250 ਤੋਂ ਵੱਧ ਦਰੱਖਤ ਡਿੱਗ ਚੁੱਕੇ ਹਨ।
ਮੌਸਮ ਵਿਭਾਗ ਨੇ ਮੁੰਬਈ, ਠਾਣੇ ਅਤੇ ਰਾਏਗੜ੍ਹ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ, ਜਦਕਿ ਨਾਸਿਕ ਵਿੱਚ ਬੱਦਲ ਫਟਣ ਕਾਰਨ 300 ਮਿਲੀਮੀਟਰ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪ੍ਰਸ਼ਾਸਨ ਨੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਹਨ। ਮੁੰਬਈ ਦੀ ਮੇਅਰ ਰਿਤੂ ਤਾਵੜੇ ਨੇ ਨਾਗਰਿਕਾਂ ਨੂੰ ਕੇਵਲ ਬੇਹੱਦ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।
















