5178 Teacher Recruitment Punjab! 5178 ਅਧਿਆਪਕ ਭਰਤੀ ਤੋਂ ਵਾਂਝੇ ਉਮੀਦਵਾਰ; ਬੋਲੀਆਂ- “ਸਾਨੂੰ 1000 ਰੁਪਏ ਨਹੀਂ, ਸਾਡਾ ਹੱਕ ‘ਨਿਯੁਕਤੀ ਪੱਤਰ’ ਦਿਓ”

On: ਜੁਲਾਈ 8, 2026 9:45 ਪੂਃ ਦੁਃ

 

5178 Teacher Recruitment Punjab! 5178 ਅਧਿਆਪਕ ਭਰਤੀ ਤੋਂ ਵਾਂਝੇ ਉਮੀਦਵਾਰ; ਬੋਲੀਆਂ- “ਸਾਨੂੰ 1000 ਰੁਪਏ ਨਹੀਂ, ਸਾਡਾ ਹੱਕ ‘ਨਿਯੁਕਤੀ ਪੱਤਰ’ ਦਿਓ”

ਮੋਗਾ 8 ਜੁਲਾਈ 2026:

5178 Teacher Recruitment Punjab! 5178 ਅਧਿਆਪਕ ਭਰਤੀ ਤੋਂ ਵਾਂਝੇ ਰਹੇ ਯੋਗ ਉਮੀਦਵਾਰਾਂ ਵੱਲੋਂ ਮੋਗਾ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਮੀਦਵਾਰਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਮਾਵਾਂ ਧੀਆਂ ਸਤਿਕਾਰ ਯੋਜਨਾ” ਤਹਿਤ ਦਿੱਤੀ ਜਾਣ ਵਾਲੀ 1000 ਅਤੇ 1500 ਰੁਪਏ ਦੀ ਮਾਸਿਕ ਰਾਸ਼ੀ ਨੂੰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੜ੍ਹੀਆਂ-ਲਿਖੀਆਂ ਧੀਆਂ ਲਈ ਅਸਲ ਸਤਿਕਾਰ ਕੋਈ ਭੱਤਾ ਨਹੀਂ, ਬਲਕਿ ਉਨ੍ਹਾਂ ਦੀ ਯੋਗਤਾ ਮੁਤਾਬਕ ਬਣਦਾ ਨਿਯੁਕਤੀ ਪੱਤਰ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਇੰਦਰਪਾਲ ਨੇ ਕਿਹਾ ਕਿ 5178 ਅਧਿਆਪਕ ਭਰਤੀ ਵਿੱਚ ਵੱਧ ਮੈਰਿਟ ਹੋਣ ਦੇ ਬਾਵਜੂਦ ਵੀ ਸੈਂਕੜੇ ਯੋਗ ਉਮੀਦਵਾਰ ਨਿਯੁਕਤੀਆਂ ਤੋਂ ਵਾਂਝੇ ਰਹਿ ਗਏ, ਜਿਸ ਲਈ ਪੂਰੀ ਤਰ੍ਹਾਂ ਸਰਕਾਰ ਦੀਆਂ ਗਲਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਸਾਲ 2011 ਦੇ PSTET ਪੇਪਰ ਅਤੇ ਉਸ ਦੇ ਨਤੀਜੇ ਵਿੱਚ ਗੰਭੀਰ ਗਲਤੀਆਂ ਹੋਈਆਂ ਸਨ।

ਭਾਵੇਂ 2017 ਵਿੱਚ PSTET ਦਾ ਨਤੀਜਾ ਸੁਧਾਰ ਦਿੱਤਾ ਗਿਆ ਸੀ, ਪਰ ਗਲਤ ਨਤੀਜੇ ਦੇ ਆਧਾਰ ‘ਤੇ ਕੀਤੀ ਗਈ 5178 ਅਧਿਆਪਕ ਭਰਤੀ ਨੂੰ ਅੱਜ ਤੱਕ ਦਰੁਸਤ ਨਹੀਂ ਕੀਤਾ ਗਿਆ, ਜਿਸ ਕਾਰਨ ਲਗਭਗ 300 ਵੱਧ ਮੈਰਿਟ ਵਾਲੇ ਉਮੀਦਵਾਰ ਨੌਕਰੀ ਤੋਂ ਬਾਹਰ ਰਹਿ ਗਏ। ਇੰਦਰਪਾਲ ਨੇ ਦੋਸ਼ ਲਗਾਇਆ ਕਿ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿੱਚ ਸੀ, ਤਾਂ ਉਸ ਦੇ ਆਗੂਆਂ ਨੇ ਸਰਕਾਰ ਬਣਨ ‘ਤੇ ਤੁਰੰਤ ਨਿਯੁਕਤੀ ਪੱਤਰ ਦੇਣ ਦਾ ਵੱਡਾ ਵਾਅਦਾ ਕੀਤਾ ਸੀ।

ਪਰ ਅੱਜ ਸਰਕਾਰ ਦਾ ਕਾਰਜਕਾਲ ਆਪਣੇ ਅੰਤਿਮ ਪੜਾਅ ਵਿੱਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇਸ ਲੰਬੇ ਸੰਘਰਸ਼ ਕਾਰਨ ਕਈ ਧੀਆਂ ਦੇ ਵਿਆਹ ਪ੍ਰਭਾਵਿਤ ਹੋਏ ਹਨ ਅਤੇ ਕਈ ਪਰਿਵਾਰ ਗੰਭੀਰ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਸਰਕਾਰ ਦੀ ਨੀਤੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ₹1500 ਦੇ ਕੇ ਧੀਆਂ ਦਾ ਸਤਿਕਾਰ ਕਰਨ ਦਾ ਦਾਅਵਾ ਕਰਦੀ ਹੈ।

ਜਦਕਿ ਦੂਜੇ ਪਾਸੇ ਹੱਕ ਮੰਗਦੀਆਂ ਪੜ੍ਹੀਆਂ-ਲਿਖੀਆਂ ਧੀਆਂ ਨੂੰ ਸੜਕਾਂ ‘ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਦਾ ਵਟਸਐੱਪ ਅਕਾਊਂਟ ਵੀ 24 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਉਮੀਦਵਾਰਾਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਗਏ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਜੋ ਬੇਇਨਸਾਫ਼ੀ ਅੱਜ ਉਨ੍ਹਾਂ ਨਾਲ ਹੋਈ ਹੈ, ਉਹ ਕੱਲ੍ਹ ਕਿਸੇ ਹੋਰ ਦੀਆਂ ਧੀਆਂ ਨਾਲ ਵੀ ਹੋ ਸਕਦੀ ਹੈ।

ਇਸ ਮੌਕੇ ਅਮਰਜੀਤ ਕੌਰ, ਜਤਿੰਦਰ ਕੌਰ (ਅੰਮ੍ਰਿਤਸਰ), ਗੁਰਸਰਨ (ਮੋਗਾ), ਮਨਜੋਤ ਅਤੇ ਰੰਜੂ (ਫ਼ਰੀਦਕੋਟ), ਰਾਜਵੀਰ ਕੌਰ, ਇੰਦਰਪਾਲ ਅਤੇ ਨੀਲਮ (ਜਲੰਧਰ), ਮਨਪ੍ਰੀਤ ਸਿੰਘ ਅਤੇ ਰਜਿੰਦਰ ਕੌਰ (ਲੁਧਿਆਣਾ), ਪੁਸ਼ਪਿੰਦਰ ਸਿੰਘ ਅਤੇ ਅਲਪਿੰਦਰ ਕੌਰ (ਫ਼ਤਹਿਗੜ੍ਹ ਸਾਹਿਬ), ਵੰਦਨਾ ਅਤੇ ਪ੍ਰੀਤਪਾਲ ਕੌਰ (ਸੰਗਰੂਰ) ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਉਮੀਦਵਾਰ ਹਾਜ਼ਰ ਸਨ।

 

Join WhatsApp

Join Now

Leave a Comment