ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਦਉਨਤੀ ਅਤੇ ਸਿੱਧੀ ਭਰਤੀ ਰਾਹੀਂ ਤੁਰੰਤ ਭਰੀਆਂ ਜਾਣ- ਪ੍ਰੇਮ ਚਾਵਲਾ
ਜ਼ਿਲ੍ਹਾ ਫਰੀਦਕੋਟ ਦੇ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 27 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ
ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵਿਆਂ ਦੀ ਨਿਕਲੀ ਫੂਕ
ਕੋਟਕਪੂਰਾ , 10 ਜੁਲਾਈ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਸਵਾ ਚਾਰ ਸਾਲਾਂ ਤੋਂ ਹੁਕਮਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਬੜੇ ਜ਼ੋਰ ਸ਼ੋਰ ਨਾਲ ਦਾਅਵੇ ਕੀਤੇ ਜਾ ਰਹੇ ਹਨ। ਜਦਕਿ ਤਸਵੀਰ ਦਾ ਇੱਕ ਪਹਿਲੂ ਇਹ ਵੀ ਹੈ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੱਕੇ ਪ੍ਰਿੰਸੀਪਲ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰਬੰਧਕੀ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ , ਰੋੜੀਕਪੂਰਾ, ਮੱਤਾ ,ਚੰਦਭਾਨ , ਬਾਜਾਖਾਨਾ (ਕੁੜੀਆਂ) , ਗੋਬਿੰਦਗੜ੍ਹ ਦਬੜੀਖਾਨਾ, ਝੱਖੜ ਵਾਲਾ, ਬਰਗਾੜੀ, ਜੈਤੋ (ਲੜਕੇ), ਜੈਤੋ (ਕੁੜੀਆਂ), ਹਰੀ ਨੌ , ਕੋਹਾਰਵਾਲਾ , ਵਾਂਦਰ ਜਟਾਣਾ, ਸਰਾਵਾਂ, ਪੰਜਗਰਾਈ ਕਲਾਂ (ਲੜਕੇ ), ਮਚਾਕੀ ਕਲਾਂ, ਸਾਦਿਕ (ਕੁੜੀਆਂ) , ਗੋਲੇਵਾਲਾ,ਢੁੱਡੀ, ਕੋਟ ਸੁਖੀਆ, ਜੰਡ ਸਾਹਿਬ , ਸ਼ੇਰ ਸਿੰਘ ਵਾਲਾ, ਸੁੱਖਣ ਵਾਲਾ, ਦੀਪ ਸਿੰਘ ਵਾਲਾ, ਫਰੀਦਕੋਟ (ਕੁੜੀਆਂ) , ਬਲਬੀਰ ਫਰੀਦਕੋਟ, ਚੰਦ ਬਾਜਾ ਵਿੱਚ ਪ੍ਰਿੰਸੀਪਲ ਦੀਆਂ ਕੁੱਲ 27 ਅਸਾਮੀਆਂ ਬੜੇ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ, ਜਦਕਿ ਜ਼ਿਲ੍ਹਾ ਫਰੀਦਕੋਟ ਵਿੱਚ ਕੁੱਲ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਜ਼ਿਲ੍ਹੇ ਦੇ ਲਗਭਗ 65 ਫੀਸਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ। ਜ਼ਿਕਰ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ
ਦੇ ਆਪਣੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਕੁੱਲ 13 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਪ੍ਰਿੰਸੀਪਲਾਂ ਦੀਆਂ 6 ਅਸਾਮੀਆਂ ( ਹਰੀਨੋ, ਕੋਹਾਰਵਾਲਾ, ਵਾਂਦਰ ਜਟਾਣਾ , ਕੋਟ ਸੁਖੀਆ , ਢੁੱਡੀ ਅਤੇ ਚੰਦ ਬਾਜਾ ) ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਜੈਤੋ ਵਿਦਿਅਕ ਬਲਾਕ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ । ਸਮੁੱਚੇ ਜੈਤੋ ਬਲਾਕ ਦੇ ਸਿਰਫ ਇੱਕ ਸਕੂਲ ਬਾਜਾਖਾਨਾ ਵਿੱਚ ਪ੍ਰਿੰਸੀਪਲ ਦਰਸ਼ਨ ਸਿੰਘ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ) ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ) ਦੀਆਂ ਆਸਾਮੀਆਂ ਵੀ ਖਾਲੀ ਪਈਆਂ ਹਨ।
ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਕਿਹਾ ਕਿ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਵੱਡੇ ਪੱਧਰ ਤੇ ਖਾਲੀ ਹੋਣ ਕਰਕੇ ਮੌਜੂਦਾ ਸਮੇਂ ਵਿੱਚ ਕੰਮ ਕਰਦੇ ਪੱਕੇ ਪ੍ਰਿੰਸੀਪਲਾਂ ਨੂੰ 5-6 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਤੀ ਅਤੇ ਹੋਰ ਪ੍ਰਬੰਧਕੀ ਕਾਰਜ ਮੁਕੰਮਲ ਕਰਨ ਲਈ ਡੀ ਡੀ ਓ ਪਾਵਰਜ਼ ਦੇਕੇ ਡੰਗ ਟਪਾਇਆ ਜਾ ਰਿਹਾ ਹੈ।ਅਜਿਹਾ ਹੋਣ ਨਾਲ ਉਨਾਂ ਦੇ ਆਪਣੇ ਸਕੂਲਾਂ ਦੇ ਵਿਦਿਅਕ ਅਤੇ ਪ੍ਰਸ਼ਾਸਨਿਕ ਕੰਮ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਹਨ ।
ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਸਮੂਹ ਵਿਦਿਆਰਥੀਆਂ , ਅਧਿਆਪਕਾਂ ਅਤੇ ਲੋਕ ਹਿੱਤ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਜਲਦੀ ਤੋਂ ਜਲਦੀ ਸੀਨੀਅਰ ਲੈਕਚਰਾਰਾਂ ਅਤੇ ਮੁੱਖ ਅਧਿਆਪਕਾਂ ਵਿੱਚੋ ਤਰੱਕੀਆਂ ਕਰਕੇ ਅਤੇ ਸਿੱਧੀ ਭਰਤੀ ਦੇ ਕੋਟੇ ਅਨੁਸਾਰ ਤੁਰੰਤ ਭਰੀਆਂ ਜਾਣ ਕਿਉਂਕਿ ਹੁਣ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਹਨ ਕਿ ਮਾਨਯੋਗ ਅਦਾਲਤ ਵੱਲੋਂ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਤੇ ਤਰੱਕੀਆਂ ਕਰਨ ਸਬੰਧੀ ਲਗਾਈ ਗਈ ਰੋਕ ਹਟਾ ਦਿੱਤੀ ਗਈ ਹੈ। ਇਸ ਕਰਕੇ ਹੁਣ ਸਿੱਖਿਆ ਵਿਭਾਗ ਪੰਜਾਬ ਸਰਕਾਰ ਕੋਲ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਕੋਈ ਹੋਰ ਅੜਿੱਕਾ ਵਿਖਾਈ ਨਹੀਂ ਦਿੰਦਾ।


















