ਵੱਡੀ ਖ਼ਬਰ: ਪੰਜਾਬ ‘ਚ ਸਰਪੰਚੀ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਤਾਬੜਤੋੜ ਗੋਲੀਆਂ; ਵਿਅਕਤੀ ਦੀ ਮੌਤ, 9 ਗ੍ਰਿਫ਼ਤਾਰ
ਅੰਮ੍ਰਿਤਸਰ ‘ਚ ਪੰਚਾਇਤੀ ਵਿਵਾਦ ਨੇ ਧਾਰਿਆ ਖੂਨੀ ਰੂਪ: ਦਾਣਾ ਮੰਡੀ ‘ਚ ਚੱਲੀਆਂ ਗੋਲੀਆਂ, ਵਿਅਕਤੀ ਦੀ ਮੌਤ, 9 ਕਾਬੂ
ਅੰਮ੍ਰਿਤਸਰ, 11 ਜੁਲਾਈ 2026- ਘਰਿੰਡਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਭਕਨਾ ਕਲਾਂ ਦੀ ਦਾਣਾ ਮੰਡੀ ਵਿੱਚ ਸਰਪੰਚ ਦੇ ਅਹੁਦੇ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਅੱਜ ਇੱਕ ਭਿਆਨਕ ਖੂਨੀ ਝੜਪ ਵਿੱਚ ਬਦਲ ਗਿਆ। ਦੋਵਾਂ ਧਿਰਾਂ ਵਿਚਕਾਰ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮੁਸਤੈਦੀ ਦਿਖਾਉਂਦੇ ਹੋਏ ਹੁਣ ਤੱਕ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭਕਨਾ ਕਲਾਂ ਵਿੱਚ ਸਰਪੰਚ ਅਤੇ ਪੰਚਾਇਤ ਮੈਂਬਰ ਦੇ ਧੜਿਆਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਨ੍ਹਾਂ ਦੋਵਾਂ ਧਿਰਾਂ ਵਿਚਕਾਰ ਸਰਪੰਚ ਦੇ ਅਹੁਦੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸੇ ਤਕਰਾਰ ਦੇ ਚੱਲਦਿਆਂ ਦੋਵੇਂ ਧਿਰਾਂ ਦਾਣਾ ਮੰਡੀ ਵਿੱਚ ਆਹਮੋ-ਸਾਹਮਣੇ ਹੋ ਗਈਆਂ, ਜਿੱਥੇ ਮਾਮਲਾ ਇੰਨਾ ਵਿਗੜ ਗਿਆ ਕਿ ਦੋਵਾਂ ਪਾਸਿਆਂ ਤੋਂ ਕਈ ਰਾਊਂਡ ਗੋਲੀਆਂ ਚਲਾਈਆਂ ਗਈਆਂ।
ਪੁਲਿਸ ਮੁਤਾਬਕ, ਪ੍ਰਗਟ ਸਿੰਘ ਦੇ ਧੜੇ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ‘ਚੀਨੀ’ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਡੀਐਸਪੀ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਚੀਨੀ ਇੱਕ ਬਦਮਾਸ਼ ਗੈਂਗਸਟਰ ਸੀ, ਜਿਸ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ (Arms Act) ਤਹਿਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਉਸ ਦੇ ਪੁਰਾਣੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਵਾਰਦਾਤ ਵਿੱਚ ਸੁਖਮਨ ਨਾਂ ਦਾ ਇੱਕ ਹੋਰ ਨੌਜਵਾਨ ਵੀ ਜ਼ਖਮੀ ਹੋਇਆ ਹੈ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਘਟਨਾ ਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ 8 ਮੁਲਜ਼ਮਾਂ ਨੂੰ ਦਬੋਚ ਲਿਆ, ਜਦੋਂ ਕਿ ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀ ਸੁਖਮਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਫਰਾਰ ਬਾਕੀ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸਾਰੇ ਸਲਾਖਾਂ ਪਿੱਛੇ ਹੋਣਗੇ।
















