Join WhatsApp

Join Now

ਪਲਾਸਟਿਕ ਪ੍ਰਦੂਸ਼ਣ-ਮਨੁੱਖੀ ਸਿਹਤ ਅਤੇ ਸਵੱਛਤਾ ਲਈ ਵੱਡਾ ਖਤਰਾ

On: ਜੁਲਾਈ 12, 2026 12:41 ਬਾਃ ਦੁਃ

 

ਪਲਾਸਟਿਕ ਪ੍ਰਦੂਸ਼ਣ-ਮਨੁੱਖੀ ਸਿਹਤ ਅਤੇ ਸਵੱਛਤਾ ਲਈ ਵੱਡਾ ਖਤਰਾ

ਮਨੁੱਖ ਦੇ ਸੁਚੱਜਾ ਜੀਵਨ ਜੀਉਣ ਲਈ ਉਸ ਦਾ ਆਲਾ-ਦੁਆਲਾ ਸਵੱਛ ਹੋਣਾ

ਬੇਹੱਦ ਜ਼ਰੂਰੀ ਹੈ। ਸਵੱਛਤਾ ਸਿਰਫ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਪੱਖ ਤੋਂ ਹੀ ਜਰੂਰੀ ਨਹੀਂ , ਬਲਕਿ ਵਿਅਕਤੀਗਤ ਅਤੇ ਸਮਾਜਿਕ ਜੀਵਨ ਲਈ ਵੀ ਮਹੱਤਵਪੂਰਣ ਹੈ। ਮਹਾਤਮਾ ਗਾਂਧੀ ਜੀ ਨੇ ਵੀ ਇਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿਹਾ ਸੀ ਕਿ ਸਵੱਛਤਾ ਆਜ਼ਾਦੀ ਨਾਲੋਂ ਵੱਧ ਮਹੱਤਵਪੂਰਨ ਹੈ।‌ਸਵੱਛਤਾ ਹਵਾ ,ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਦੀ ਹੈ।

ਪ੍ਰੰਤੂ ਸਾਡੇ ਦੇਸ਼ ਦੇ ਹਰ ਸ਼ਹਿਰ ਦੀ ਸਵੱਛਤਾ ਅਤੇ ਵਾਤਾਵਰਣ ਦੀ ਅਸਲ ਸਥਿਤੀ ਕੀ ਹੈ, ਇਹ ਕਿਸੇ ਤੋਂ ਛੁਪੀ ਨਹੀਂ ਹੈ ।ਪਲਾਸਟਿਕ ਅਤੇ ਪਾਲੀਥੀਨ ਬੈਗ ਨੇ ਜਿਥੇ ਵਾਤਾਵਰਣ ਵਿੱਚ ਜ਼ਹਿਰ ਘੋਲ ਦਿੱਤਾ ਹੈ , ਉਥੇ ਸਵੱਛਤਾ ਮੁਹਿੰਮ ਦੀ ਸਫਲਤਾ ਵਿਚ ਵੱਡੀ ਰੁਕਾਵਟ ਬਣ ਗਿਆ ਹੈ।

ਪਲਾਸਟਿਕ ਕਾਰਨ ਵੱਧਦਾ ਪ੍ਰਦੂਸ਼ਣ ਮੌਜੂਦਾ ਦੌਰ ਵਿੱਚ ਇੱਕ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਹਰ ਸਾਲ ਲੱਖਾਂ ਟਨ ਪਲਾਸਟਿਕ ਦਾ ਕੂੜਾ ਨਦੀਆਂ ,ਨਾਲਿਆਂ ,ਦਰਿਆਵਾਂ ਰਾਹੀਂ ਸਮੁੰਦਰ ਤੱਕ ਪਹੁੰਚ ਰਿਹਾ ਹੈ।ਜ਼ੋ ਕਿ ਜਲ ਜੀਵਾਂ ਲਈ ਗੰਭੀਰ ਸੰਕਟ ਪੈਦਾ ਕਰ ਰਿਹਾ ਹੈ ।ਪਲਾਸਟਿਕ ਦੀ ਵੱਧਦੀ ਵਰਤੋਂ ਦੇ ਨਾਲ ਨਾਲ ਇਸਦਾ ਨਿਪਟਾਰਾ ਕਰਨਾ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕਿਆ ਹੈ।

ਪਲਾਸਟਿਕ ਸਿਰਫ ਵਾਤਾਵਰਨ ਪ੍ਰਦੂਸ਼ਣ ਵਿੱਚ ਹੀ ਵਾਧਾ ਨਹੀਂ ਕਰ ਰਿਹਾ, ਸਗੋਂ ਮਨੁੱਖੀ ਸਿਹਤ ਤੇ ਵੀ ਬੇਹੱਦ ਮਾੜਾ ਅਸਰ ਪਾ ਰਿਹਾ ਹੈ। ਪਲਾਸਟਿਕ ਦੇ ਛੋਟੇ ਛੋਟੇ ਕਣ ਜਿਨਾਂ ਨੂੰ ਮਾਈਕਰੋ ਪਲਾਸਟਿਕ ਅਤੇ ਨੈਨੋਪਲਾਸਟਿਕ ਕਿਹਾ ਜਾਂਦਾ ਹੈ। ਇਹ ਸਾਡੀ ਖੁਰਾਕ ਦਾ ਹਿੱਸਾ ਬਣ ਸਾਡੇ ਸਰੀਰ ਅੰਦਰ ਦਾਖਿਲ ਹੋ ਰਹੇ ਹਨ । ਜਿਸ ਦੇ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ। ਪਲਾਸਟਿਕ ਦੇ ਕਣ ਹਵਾ ਵਿੱਚ ਮਿਲ ਜਾਣ ਕਾਰਨ ਸਾਹ ਦੇ ਰੋਗ, ਐਲਰਜੀ, ਦਮਾ ਅਤੇ ਫੇਫੜਿਆਂ ਦੇ ਰੋਗ ਪੈਦਾ ਹੋ ਰਹੇ ਹਨ। ਹਾਰਮੋਨਾਂ ਦਾ ਸੰਤੁਲਨ ਵਿਗੜ ਰਿਹਾ ਹੈ । ਇਸ ਤੋਂ ਇਲਾਵਾ ਖਾਣ ਪੀਣ ਦੀਆਂ ਵਸਤੂਆਂ ਪਲਾਸਟਿਕ ਨਾਲ ਪੈਕ ਕਰਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।

ਪ੍ਰਸਿੱਧ ਸੰਸਥਾ ਕੇਂਦਰੀ ਔਸ਼ਧੀ ਅਤੇ ਸੁਗੰਧਤ ਪੌਂਦਾ ਸੰਸਥਾਨ (CIMAP) ਲਖਨਊ ,ਉੱਤਰ ਪ੍ਰਦੇਸ਼ ਦੇ ਵਿਗਿਆਨੀਆਂ ਵੱਲੋਂ ਹਾਲ ਹੀ ਵਿੱਚ ਕੀਤੀ ਖੋਜ ਨਾਲ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਖੋਜ ਅਨੁਸਾਰ ਇਹ ਨੈਨੋਪਲਾਸਟਿਕ ਮਨੁੱਖ ਦੀ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੇ ਹਨ। ਇਸ ਨਾਲ ਤਨਾਅ, ਉਦਾਸੀ ਅਤੇ ਪਾਰਕਿੰਸਨਸ ਵਰਗੀਆਂ ਬਿਮਾਰੀਆਂ ਵੱਧਣ ਦਾ ਖਤਰਾ ਪੈਦਾ ਹੋ ਰਿਹਾ ਹੈ। ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਪਲਾਸਟਿਕ ਦਾ ਜਹਿਰ ਸਾਡੀ ਮਾਨਸਿਕ ਸਿਹਤ ਨੂੰ ਬਰਬਾਦ ਕਰ ਰਿਹਾ ਹੈ। ਮਨੁੱਖੀ ਦੀ ਦਿਮਾਗੀ ਪ੍ਰਣਾਲੀ ਨੂੰ ਬੂਰੀ ਤਰਾਂ ਪ੍ਰਭਾਵਿਤ ਕਰ ਰਿਹਾ ਹੈ।ਅਜਿਹੇ ਹਾਲਾਤਾਂ ਵਿੱਚ ਪਲਾਸਟਿਕ ਦਾ ਤਿਆਗ ਕਰਨਾ ਸਾਡੀ ਪਸੰਦ ਨਹੀਂ, ਬਲਕਿ ਸਾਡੇ ਜੀਵਨ ਦੀ ਰੱਖਿਆ ਲਈ ਜਰੂਰੀ ਬਣ ਚੁੱਕਿਆ ਹੈ।

ਪਲਾਸਟਿਕ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਸ ਦੀ ਖੋਜ ਦੀ ਗੱਲ ਤਾਂ ਭਾਵੇਂ 1862 ਈਸਵੀ ਤੋਂ ਹੀ ਸ਼ੁਰੂ ਹੋ ਗਈ ਸੀ। ਪ੍ਰੰਤੂ ਇਸ ਦਾ ਮੌਜੂਦਾ ਰੂਪ 1907 ਵਿਚ ਬੈਲਜੀਅਮ ਮੂਲ ਦੇ ਅਮਰੀਕੀ ਵਿਗਿਆਨੀ ਲਿਉ ਹੈਡ੍ਰਿਕ ਬੈਕਲੈਡ ਦੀ ਖੋਜ ਨਾਲ ਹੀ ਦੁਨੀਆਂ ਦੇ ਸਾਹਮਣੇ ਆਇਆ । ਉਸ ਨੇ 1912 ਵਿੱਚ ਜਦੋਂ ਇਸ ਦੀ ਘੋਸ਼ਣਾ ਕੀਤੀ ਤਾਂ ਇਸ ਨੂੰ ਮਨੁੱਖਤਾ ਦੀ ਸਹੂਲਤ ਵੱਲ ਵੱਡਾ ਕਦਮ ਅਤੇ ਵਿਗਿਆਨ ਦੀ ਅਦਭੁੱਤ ਖੋਜ ਦੱਸਿਆ ਸੀ। ਥੋੜੇ ਸਮੇਂ ਵਿੱਚ ਹੀ ਪਲਾਸਟਿਕ ਪੂਰੇ ਵਿਸ਼ਵ ਵਿੱਚ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਬਣ ਗਿਆ।

ਪਲਾਸਟਿਕ ਬੈਗ, ਪਲੇਟਾਂ, ਗਲਾਸ,ਚਮਚ, ਛੋਟੀਆਂ ਬੋਤਲਾਂ, ਪੈਕਿੰਗ ਲਈ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ,ਖਿਡੌਣੇ , ਪਾਇਪਾਂ, ਫਰਨੀਚਰ ਅਤੇ ਬਰਤਨਾਂ ਆਦਿ ਦੇ ਰੂਪ ਵਿਚ ਪਲਾਸਟਿਕ ਹੀ ਪਲਾਸਟਿਕ ਸਾਡੇ ਬਜਾਰਾਂ ਅਤੇ ਘਰਾਂ ਵਿੱਚ ਦਾਖਲ ਹੋ ਗਿਆ ਹੈ। ਦੁਨੀਆਂ ਭਰ ਵਿੱਚ ਲੋਕ 01ਮਿੰਟ ਵਿੱਚ ਪਲਾਸਟਿਕ ਦੀਆਂ 10 ਲੱਖ ਬੋਤਲਾਂ ਖਰੀਦਦੇ ਹਨ । ਪਲਾਸਟਿਕ ਦੇ ਆਉਣ ਨਾਲ ਸਾਡਾ ਜੀਵਨ ਆਸਾਨ ਤਾਂ ਜ਼ਰੂਰ ਹੋਇਆ ਹੈ, ਪ੍ਰੰਤੂ ਇਸ ਦੇ ਭਿਅੰਕਰ ਨਤੀਜੇ ਹੁਣ ਸਾਡੇ ਸਾਹਮਣੇ ਆਉਣ ਲੱਗੇ ਹਨ।

ਸਾਡੇ ਦੇਸ਼ ਵਿੱਚ ਪੋਲੀਥੀਨ ਬੈਗ ਦਾ ਪ੍ਰਚਲਨ 1960 ਦੇ ਕਰੀਬ ਸ਼ੁਰੂ ਹੋਇਆ। ਇਸ ਉਪਰ ਬਹਿਸ ਤਾਂ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ। ਪ੍ਰੰਤੂ 1970 ਵਿੱਚ ਇਸ ਦੇ ਖਿਲਾਫ ਅਵਾਜ ਵੀ ਉੱਠਣ ਲੱਗੀ ਸੀ । ਪਲਾਸਟਿਕ ਸਿਹਤ ਅਤੇ ਵਾਤਾਵਰਨ ਦੋਹਾ ਲਈ ਹੀ ਨੁਕਸਾਨਦੇਹ ਹੈ। ਇਸ ਦਾ ਉਤਪਾਦਨ ਪੈਟਰੋਲੀਅਮ ਤੋਂ ਪ੍ਰਾਪਤ ਰਸਾਇਨਾ ਤੋਂ ਹੁੰਦਾ ਹੈ । ਪਲਾਸਟਿਕ ਨੂੰ ਰੀਸਾਈਕਲ ਕਰਨਾ ਬਹੁਤ ਵੱਡੀ ਸਮੱਸਿਆ ਹੈ । ਕੁਲ ਉਤਪਾਦਨ ਦਾ 91 ਪ੍ਰਤੀਸ਼ਤ ਪਲਾਸਟਿਕ ਰੀਸਾਇਕਲ ਨਹੀਂ ਕੀਤਾ ਜਾ ਸਕਦਾ। ਉੱਥੇ ਇਸ ਦੇ ਕਾਰਨ ਸ਼ਹਿਰ ਦੀਆਂ ਨਾਲੀਆਂ, ਨਦੀਆਂ ,ਨਹਿਰਾਂ, ਦਰਿਆਵਾਂ ਤੋਂ ਲੈ ਕੇ ਸਮੁੰਦਰ ਤੱਕ ਦੀ ਬਰਬਾਦੀ ਸਾਫ ਨਜ਼ਰ ਆ ਰਹੀ ਹੈ। ਸ਼ਹਿਰਾ ਵਿੱਚ ਪੋਲੀਥੀਨ ਬੈਗ ਕਾਰਨ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ।

ਪਲਾਸਟਿਕ ਦੇ ਲਿਫਾਫਿਆਂ ਵਿਚ ਪੈਕ ਹੁੰਦੇ ਖਾਣ ਵਾਲੇ ਪਦਾਰਥ, ਪੀਣ ਵਾਲੇ ਪਾਣੀ ਦੀਆਂ ਬੋਤਲਾਂ ਅਤੇ ਹੋਰ ਕਾਰਨਾ ਕਰਕੇ ਪਲਾਸਟਿਕ ਦੇ ਕਣ ਮਨੁੱਖੀ ਸਰੀਰ ਦੇ ਅੰਦਰ ਜਾਨਾ , ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੈ। ਉਥੇ ਇਸ ਦੇ ਕਾਰਨ ਪਸ਼ੂ ,ਪੰਛੀ ਅਤੇ ਜਲ ਜੀਵ ਬਿਮਾਰ ਹੋ ਕੇ ਦਮ ਤੋੜ ਰਹੇ ਹਨ। ਸਮੁੰਦਰੀ ਜਲ ਜੀਵਾਂ ਲਈ ਤਾਂ ਪਲਾਸਟਿਕ ਪਦਾਰਥ ਬਹੁਤ ਵੱਡਾ ਖਤਰਾ ਬਣ ਚੁੱਕੇ ਹਨ। ਮਿੱਟੀ ਦੀ ਉਪਜਾਊ ਸ਼ਕਤੀ ਵੀ ਪਲਾਸਟਿਕ ਦੇ ਕਾਰਨ ਘੱਟ ਰਹੀ ਹੈ। ਅਸੀਂ ਇਸ ਦੇ ਭਿਅੰਕਰ ਨਤੀਜਿਆ ਤੋਂ ਜਾਣੂ ਜਰੂਰ ਹਾਂ, ਪ੍ਰੰਤੂ ਇਸ ਦੀ ਵਰਤੋਂ ਕਰਨਾ ਫਿਰ ਵੀ ਨਹੀਂ ਛੱਡ ਰਹੇ। ਸਰਕਾਰ ਦੇ ਯਤਨ ਅਤੇ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਇਸ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ।

ਜੇ ਅਸੀਂ ਇਸ ਦੀ ਵਰਤੋਂ ਬੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਦੀ ਵਰਤੋਂ ਦਾ ਤਰੀਕਾ ਤਾਂ ਜ਼ਰੂਰ ਸਿੱਖ ਲਈਏ। ਇਸ ਨੂੰ ਸਾੜਨ ਤੋਂ ਪੂਰੀ ਤਰਾਂ ਗੁਰੇਜ਼ ਕੀਤਾ ਜਾਵੇ। ਨਦੀਆਂ, ਨਾਲਿਆਂ, ਸੀਵਰੇਜ ਅਤੇ ਸਮੁੰਦਰ ਵਿਚ ਸੁੱਟਣ ਤੋਂ ਪੂਰੀ ਤਰ੍ਹਾਂ ਬਚਿਆ ਜਾਵੇ। ਗਿਫ਼ਟ ਪੈਕ ਤੇ ਪਲਾਸਟਿਕ ਦੀ ਹੁੰਦੀ ਬੇਲੋੜੀ ਵਰਤੋਂ ਤੇ ਖਰਚ ਨੂੰ ਬੰਦ ਕੀਤਾ ਜਾਵੇ। ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਬੈਗ ਰੱਖਣ ਦੀ ਆਦਤ ਚੰਗੀ ਸ਼ੁਰੁਆਤ ਹੋ ਸਕਦੀ ਹੈ। ਘਰ ਦਾ ਕੂੜਾ ਕਰਕਟ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਗਲੀ ਦੇ ਕੋਨੇ ਵਿਚ ਰੱਖਣ ਦੀ ਆਦਤ ਨੂੰ ਮਨੁੱਖਤਾ ਦੀ ਭਲਾਈ ਲਈ ਛੱਡਣਾ ਹੋਵੇਗਾ। ਕੇਂਦਰੀ ਟਰਾਂਸਪੋਰਟ ਮੰਤਰੀ ਵੱਲੋਂ ਸੜਕ ਨਿਰਮਾਣ ਵਿੱਚ ਪਲਾਸਟਿਕ ਦੀ ਵਰਤੋ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਕੇ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ।

ਪਲਾਸਟਿਕ ਦੀਆਂ ਖਾਲੀ ਬੋਤਲਾਂ ਵਿੱਚ ਵਰਤੋਂ ਕੀਤੇ ਪੋਲੀਥੀਨ ਬੈਗ ਭਰਕੇ ਈਕੋ ਬਰਿਕਸ ਬਨਾਉਣ ਦਾ ਉਪਰਾਲਾ ਬੇਹੱਦ ਸ਼ਲਾਂਘਾਯੋਗ ਹੈ । ਮੈਂ ਨਿੱਜੀ ਤੌਰ ਤੇ ਵੀ ਇਸ ਨੂੰ ਸਫਲਤਾਪੂਰਵਕ ਕਰ ਚੁੱਕਿਆ ਹਾਂ । ਇਹਨਾਂ ਦੀ ਵਰਤੋਂ ਬਗੀਚੇ ਦੀ ਸੁੰਦਰਤਾ, ਪਾਰਕ ਦੀ ਵਾੜ , ਸਜਾਵਟੀ ਸਾਮਾਨ ਅਤੇ ਫਰਨੀਚਰ ਬਨਾਉਣ ਲਈ ਬਹੁਤ ਹੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

ਸਵੱਛਤਾ ਮੁਹਿੰਮ ਨੂੰ ਸਫ਼ਲ ਬਣਾਉਣਾ ਹਰ ਨਾਗਰਿਕ ਦਾ ਮੁਢਲਾ ਫ਼ਰਜ਼ ਹੈ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਅਕਤੀਗਤ ਯਤਨਾਂ ਦੇ ਨਾਲ ਨਾਲ ਸਾਂਝੇ ਯਤਨਾਂ ਦੀ ਜਰੂਰਤ ਹੈ । ਸਮਾਜ ਸੇਵੀ ਸੰਸਥਾਵਾਂ, ਸਰਕਾਰਾਂ, ਉਦਯੋਗ ਅਤੇ ਵਪਾਰੀ ਵਰਗ ਇਕੱਠੇ ਹੋ ਕੇ ਯਤਨ ਕਰਨ । ਪਲਾਸਟਿਕ ਦੀ ਵਰਤੋਂ ਘਟਾਉਣ ਤੋਂ ਪਹਿਲਾਂ ਇਸ ਦਾ ਵਿਕਲਪ ਲੱਭਣਾ ਅਤੇ ਉਸ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੀ ਜਰੂਰਤ ਹੈ। ਸਿੱਖਿਆ ਅਤੇ ਜਾਗਰੂਕਤਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਵਾਸ ਸਕਦੇ ਹਨ। ਸਮਾਜ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਜਰੂਰਤ ਹੈ। ਵਿਦਿਅਕ ਸੰਸਥਾਵਾਂ ,ਜਨ ਸੰਚਾਰ ਦੇ ਸਾਧਨ ਅਤੇ ਸੋਸ਼ਲ ਮੀਡੀਆ ਆਦਿ ਇਸ ਸਮੱਸਿਆ ਦੇ ਹੱਲ ਲਈ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ,ਜਾਗਰੂਕਤਾ ਪੈਦਾ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਜਿਸ ਨਾਲ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਸਿਹਤਮੰਦ ਮਨੁੱਖ ਅਤੇ ਸਾਫ਼ ਵਾਤਾਵਰਨ ਇੱਕ-ਦੂਜੇ ਦੇ ਪੂਰਕ ਹਨ, ਇਸ ਲਈ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ।

ਡਾ. ਸਤਿੰਦਰ ਸਿੰਘ
ਨੈਸ਼ਨਲ ਅਵਾਰਡੀ,
ਧਵਨ ਕਲੋਨੀ, ਫਿਰੋਜ਼ਪੁਰ ਸ਼ਹਿਰ।
9815427554

 

More

Punjab News: ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਡਿਊਟੀ ਦਾ ਆਂਗਣਵਾੜੀ ਵਰਕਰਾਂ ਵੱਲੋਂ ਬਾਈਕਾਟ ਦਾ ਐਲਾਨ

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

ਵੱਡੀ ਖ਼ਬਰ: ਕਿਸਾਨ ਲੀਡਰ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਘਰ ਚ ਨਜ਼ਰਬੰਦ

Leave a Comment