Join WhatsApp

Join Now

ਸੋਧੀ ਖ਼ਬਰ: ਛੁੱਟੀਆਂ ਵਾਲੇ ਦਿਨ ਸਕੂਲ਼ ਖੋਲ੍ਹ ਕੇ ਕੰਮ ਕਰਨ ਵਾਲੇ ਹਜ਼ਾਰਾਂ ਅਧਿਆਪਕਾਂ ਨੂੰ ਮਾਣਭੱਤਾ ਕਿਉਂ ਨਹੀਂ? ਪੰਜਾਬ ਦੇ ਟੀਚਰਾਂ ਨੇ ਚੁੱਕੇ ਸਵਾਲ

On: ਜੁਲਾਈ 13, 2026 5:08 ਬਾਃ ਦੁਃ

 

ਮੁਆਫ਼ ਕਰਨਾ ਜੀ … ਡਰੱਗ ਸੈਂਸਜ਼ ਅਤੇ BLO ਦੀ ਪੈਮੇਂਟ ਗਲਤੀ ਨਾਲ ਲਿਖੀ ਗਈ! ਹੁਣ ਖ਼ਬਰ ਵਿਚ ਸੋਧ ਕਰ ਦਿੱਤੀ ਗਈ ਹੈ। 

ਛੁੱਟੀ ਵਾਲੇ ਦਿਨ ਕੰਮ ਕਰਨ ਵਾਲੇ ਅਧਿਆਪਕ ਮਿਹਨਤਾਨੇ ਤੋਂ ਸੱਖਣੇ ਕਿਉਂ?

ਚੰਡੀਗੜ੍ਹ, 13 ਜੁਲਾਈ 2026- ਪੰਜਾਬ ਵਿੱਚ ਇਸ ਵੇਲੇ ਸਟੇਟ ਇਲੈਕਸ਼ਨ ਕਮਿਸ਼ਨ (State Election Commission) ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਸਦਕਾ ਐਸ.ਆਈ.ਆਰ. (SIR) ਦਾ ਮਹੱਤਵਪੂਰਨ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਅਤਿਅੰਤ ਗਰਮ ਮੌਸਮ ਅਤੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਬੀ.ਐਲ.ਓਜ਼ (BLOs) ਸਾਥੀ ਦਿਨ-ਰਾਤ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਲੱਗੇ ਹੋਏ ਹਨ। ਇਸੇ ਸਖ਼ਤ ਮਿਹਨਤ ਸਦਕਾ ਹੁਣ ਤੱਕ 1 ਕਰੋੜ ਤੋਂ ਵੱਧ ਲੋਕਾਂ ਦੇ ਗਣਨਾ ਫਾਰਮ ਜਮ੍ਹਾ ਕੀਤੇ ਜਾ ਚੁੱਕੇ ਸਨ।

ਇਸ ਕਾਰਜ ਨੂੰ ਹੋਰ ਤੇਜ਼ੀ ਦੇਣ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਪੰਜਾਬ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਸਨ। ਇਨ੍ਹਾਂ ਕੈਂਪਾਂ ਵਿੱਚ ਸਮੂਹ ਸਕੂਲਾਂ ਦੇ ਅਧਿਆਪਕਾਂ ਵੱਲੋਂ ਅੱਗੇ ਆ ਕੇ ਫਾਰਮ ਭਰਨ ਵਿੱਚ ਬੀ.ਐਲ.ਓਜ਼ ਦੀ ਵੱਡੀ ਮਦਦ ਕੀਤੀ ਗਈ। ਅਧਿਆਪਕਾਂ ਅਤੇ ਬੀ.ਐਲ.ਓਜ਼ ਦੇ ਇਸ ਆਪਸੀ ਤਾਲਮੇਲ ਸਦਕਾ ਮਹਿਜ਼ ਇਨ੍ਹਾਂ ਦੋ ਦਿਨਾਂ ਦੇ ਅੰਦਰ ਹੀ 30 ਲੱਖ ਦੇ ਕਰੀਬ ਹੋਰ ਗਣਨਾ ਫਾਰਮ ਜਮ੍ਹਾ ਹੋ ਗਏ, ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ।

ਮਿਹਨਤਾਨੇ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ

ਇਸ ਵੱਡੀ ਸਫਲਤਾ ਦੇ ਵਿਚਕਾਰ ਹੁਣ ਇੱਕ ਨਵਾਂ ਵਿਵਾਦ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ। ਇੱਕ ਅਧਿਆਪਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਵਿਸ਼ੇਸ਼ ਕਾਰਜ ਲਈ ਬੀ.ਐਲ.ਓਜ਼ ਨੂੰ ਵੱਖਰੀ ਪੇਮੈਂਟ (ਮਿਹਨਤਾਨਾ) ਮਿਲਣੀ ਤੈਅ ਹੋਈ ਹੈ। ਪਰ ਦੂਜੇ ਪਾਸੇ, ਜਿਨ੍ਹਾਂ ਹਜ਼ਾਰਾਂ ਅਧਿਆਪਕਾਂ ਨੇ ਇਸ ਵਿਸ਼ੇਸ਼ ਕੈਂਪ ਵਿੱਚ ਆਪਣੀਆਂ ਕੀਮਤੀ ਹਫ਼ਤਾਵਾਰੀ ਛੁੱਟੀਆਂ (ਸ਼ਨੀਵਾਰ ਅਤੇ ਐਤਵਾਰ) ਗਵਾ ਕੇ ਦਿਨ-ਰਾਤ ਕੰਮ ਕੀਤਾ, ਉਨ੍ਹਾਂ ਨੂੰ ਕੋਈ ਵੱਖਰਾ ਭੁਗਤਾਨ ਨਹੀਂ ਕੀਤਾ ਜਾ ਰਿਹਾ।

ਅਧਿਆਪਕਾਂ ਵੱਲੋਂ ਹੁਣ ਇਹ ਸਵਾਲ ਸਿੱਧੇ ਤੌਰ ‘ਤੇ ਸਟੇਟ ਇਲੈਕਸ਼ਨ ਕਮਿਸ਼ਨ ਅੱਗੇ ਰੱਖਿਆ ਜਾ ਰਿਹਾ ਹੈ ਕਿ ਜੇਕਰ ਇੱਕੋ ਕੰਮ ਲਈ ਬੀ.ਐਲ.ਓਜ਼ ਨੂੰ ਭੁਗਤਾਨ ਕੀਤਾ ਜਾ ਰਿਹਾ ਹੈ, ਤਾਂ ਛੁੱਟੀ ਵਾਲੇ ਦਿਨ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਇਸ ਵੱਖਰੇ ਕੰਮ ਦਾ ਮਿਹਨਤਾਨਾ ਕਿਉਂ ਨਹੀਂ ਮਿਲਣਾ ਚਾਹੀਦਾ?

ਅਫਸਰਸ਼ਾਹੀ ਨੂੰ ਇਹ ਵੀ ਮਾਨਵਤਾ ਦੇ ਆਧਾਰ ‘ਤੇ ਵਿਚਾਰਨਾ ਚਾਹੀਦਾ ਹੈ ਕਿ ਸਿੱਖਿਆ ਵਿਭਾਗ ਵਿੱਚ ਅਧਿਆਪਕ ਆਪਣੇ ਘਰਾਂ ਤੋਂ 200-250 ਕਿਲੋਮੀਟਰ ਦੂਰ ਨੌਕਰੀ ਕਰ ਰਹੇ ਹਨ। ਸਰਕਾਰੀ ਛੁੱਟੀਆਂ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਜਾਣਾ ਹੁੰਦਾ ਹੈ। ਅਜਿਹੇ ਵਿਚ ਛੁੱਟੀ ਵਾਲੇ ਦਿਨ ਵਿਸ਼ੇਸ਼ ਕੈਂਪ (SIR) ਦੇ ਨਾਂ ਹੇਠ ਉਹਨਾਂ ਨੂੰ ਆਪਣੇ ਪਰਿਵਾਰ ਕੋਲ ਜਾਣ ਤੋਂ ਰੋਕਣਾ ਸਰਾਸਰ ਗਲਤ ਹੈ।

ਆਉਣ ਵਾਲੀਆਂ ਛੁੱਟੀਆਂ ਖੂਹ-ਖਾਤੇ ਜਾਣ ਦਾ ਖਦਸ਼ਾ

ਨਾਮ ਨਾ ਛਾਪਣ ਦੀ ਸ਼ਰਤ ‘ਤੇ ਕੁਝ ਅਧਿਆਪਕ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦੀ ਆੜ ਹੇਠ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀਆਂ ਛੁੱਟੀਆਂ ਨੂੰ ‘ਖੂਹ-ਖਾਤੇ’ ਪਾ ਦਿੱਤਾ ਜਾਵੇਗਾ। ਅਧਿਆਪਕ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਤੁਰੰਤ ਇਸ ਮਾਮਲੇ ਦਾ ਨੋਟਿਸ ਲਵੇ ਅਤੇ ਛੁੱਟੀਆਂ ਵਾਲੇ ਦਿਨ ਕੰਮ ਕਰਨ ਬਦਲੇ ਅਧਿਆਪਕਾਂ ਨੂੰ ਬਣਦੀ ਪੇਮੈਂਟ ਜਾਂ ਕਮਾਈ ਛੁੱਟੀ (Earned Leave) ਦਿੱਤੀ ਜਾਵੇ।

 

Leave a Comment