ਉੱਘੇ ਵਿਦਵਾਨ ਰਾਹੁਲ ਸਾਂਕ੍ਰਿਤਿਆਇਨ ਦਾ ਬੁੱਤ ਤੋੜਨ ਖ਼ਿਲਾਫ਼ ਲੋਕ ਇਤਿਹਾਸ ਦੇ ਵਾਰਸ ਅੱਗੇ ਆਉਣ: ਦੇਸ਼ ਭਗਤ ਕਮੇਟੀ
ਜਲੰਧਰ, 18 ਜੁਲਾਈ 2026: ਦੇਸ਼ ਭਗਤ ਯਾਦਗਾਰ ਕਮੇਟੀ ਨੇ ਮਹਾਨ ਵਿਦਵਾਨ ਰਾਹੁਲ ਸਾਂਕ੍ਰਿਤਿਆਇਨ ਦੇ ਰਾਣੀਗੰਜ (ਪੱਛਮੀ ਬੰਗਾਲ) ਵਿੱਚ ਲੱਗੇ 9 ਫੁੱਟ ਉੱਚੇ ਯਾਦਗਾਰੀ ਬੁੱਤ ਨੂੰ ਤੋੜਕੇ ਮਿੱਟੀ ਵਿੱਚ ਮਿਲਾ ਦਿੱਤੇ ਜਾਣ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ‘ਅਣਪਛਾਤੇ ਅਨਸਰਾਂ’ ਦੇ ਖਾਤੇ ਵਿੱਚ ਪਾਉਣ ਦੀਆਂ ਕਾਰਸ਼ਤਾਨੀਆਂ ਮੁਲਕ ਦੇ ਜਾਗਦੀ ਅੱਖ ਵਾਲੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀਆਂ ਕਿਉਂਕਿ ਲੋਕ ਜਾਣਦੇ ਨੇ ਇਹ ਕਾਰਾ ਭਾਜਪਾ ਅਤੇ ਆਰ.ਐਸ.ਐਸ. ਦੇ ਥਾਪੜੇ ਸਦਕਾ ਹੋਇਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਕਮੇਟੀ ਦੇ ਧਿਆਨ ਵਿੱਚ ਆਈ ਵਿਦਵਾਨ ਖੋਜੀ ਲੇਖਕ ਰਾਹੁਲ ਸਾਂਕ੍ਰਿਤਿਆਇਨ ਦੇ ਸਪੁੱਤਰ ਜੇਤਾ ਸਾਂਕ੍ਰਿਤਿਆਇਨ ਦੀ ਅਪੀਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੱਛਮੀ ਬੰਗਾਲ ਵਿੱਚ ਰਾਜ ਸਤਾ ਤੇ ਜਦੋਂ ਤੋਂ ਭਾਜਪਾ ਹਕੂਮਤ ਕਾਬਜ਼ ਹੋਈ ਹੈ ਉਸ ਵੇਲੇ ਤੋਂ ਹੀ ਇੱਕ ਤੋਂ ਬਾਅਦ ਦੂਜੀ ਮਜ਼ਦੂਰ ਜਮਾਤ ਦੇ ਮਹਾਨ ਇਨਕਲਾਬੀ ਰਹਿਬਰ ਲੈਨਿਨ ਦਾ ਬੁੱਤ ਤੋੜੇ ਜਾਣ ਵਰਗੀ ਕੋਈ ਨਾ ਕੋਈ ਅਜੇਹੀ ਹਰਕਤ ਹੁੰਦੀ ਆ ਰਹੀ ਹੈ ਅਤੇ ਉਸ ਵਿੱਚ ਭਾਜਪਾ, ਆਰ.ਐਸ.ਐਸ. ਅਤੇ ਉਸੇ ਧਰਮ ਦੀਆਂ ਹੋਰ ਸੰਸਥਾਵਾਂ ਵੱਲੋਂ ਹੁੱਬ ਕੇ ਪੂਰੀ ਬੇਸ਼ਰਮੀ ਨਾਲ ਜਸ਼ਨ ਮਨਾਉਣ ਦੀਆਂ ਝਲਕਾਂ ਲੋਕਾਈ ਨੇ ਦੇਖੀਆਂ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਤੋੜਿਆ ਜਾਣ ਵਾਲਾ ਬੁੱਤ ਰਾਹੁਲ ਸਾਂਕ੍ਰਿਤਿਆਇਨ ਦੀ ਜਨਮ ਸ਼ਤਾਬਦੀ ਮੌਕੇ 1994 ਵਿੱਚ ‘ਕੋਲ ਮਜ਼ਦੂਰ ਸਭਾ ਇੰਡੀਆਂ’ ਅਤੇ ‘ਈਸਟਰਨ ਕੋਲ ਫੀਲਡਜ਼ ਲਿਮ.’ ਦੀ ਪਹਿਲਕਦਮੀ ‘ਤੇ ਮਜ਼ਦੂਰਾਂ ਵੱਲੋਂ ਲਾਇਆ ਗਿਆ ਸੀ। ਰਾਹੁਲ ਸਾਂਕ੍ਰਿਤਿਆਇਨ ਦੇ ਵੱਡੀ ਉਮਰ ਦੇ ਗੰਭੀਰ ਮਰਜ਼ਾਂ ਤੋਂ ਪੀੜਤ ਸਪੁੱਤਰ ਜੇਤਾ ਸਾਂਕ੍ਰਿਤਿਆਇਨ ਦੀ ਅਪੀਲ ਨੂੰ ਤੁਰੰਤ ਹੁੰਗਾਰਾ ਭਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਗ਼ਦਰ, ਬੱਬਰ ਅਕਾਲੀ ਅਤੇ ਸਮੁੱਚੀ ਕੌਮੀ ਇਨਕਲਾਬੀ ਜਮਹੂਰੀ ਲਹਿਰ ਦੀ ਸ਼ਾਨਾਂਮੱਤੀ ਵਿਰਾਸਤ ਨੂੰ ਉਚਿਆਉਂਦੇ ਹੋਏ ਸਮੂਹ ਸੰਸਥਾਵਾਂ ਨੂੰ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਕਮੇਟੀ ਨੇ ਖ਼ਬਰਦਾਰ ਕੀਤਾ ਹੈ ਕਿ ਅਜੇਹੇ ਮਾਮਲਿਆਂ ‘ਚ ਜ਼ਰਾ ਜਿੰਨੀ ਢਿੱਲ ਵੀ ਸਾਥੋਂ ਭਵਿੱਖ਼ ‘ਚ ਵਡੇਰੀ ਕੀਮਤ ਵਸੂਲੇਗੀ ਅਤੇ ਜੇਕਰ ਇਸ ਮਾਰੂ ਹੱਲੇ ਖ਼ਿਲਾਫ਼ ਜਨਤਕ ਲਹਿਰ ਨਾ ਖੜ੍ਹੀ ਹੋਈ ਤਾਂ ਪੰਜਾਬ ਅੰਦਰ ਇਨਕਲਾਬੀ ਜਮਹੂਰੀ ਲੋਕ ਇਤਿਹਾਸ ਵਿਰਾਸਤ ਅਤੇ ਯਾਦਗਾਰਾਂ ਉਪਰ ਵੀ ਅਜੇਹੇ ਮਾਰੂ ਹੱਲੇ ਹੋਣਗੇ।
















