ਸਕੂਲਾਂ ‘ਚ ਪੜ੍ਹਾਈ ਦੇ ਮਾਹੌਲ ਲਈ ਪ੍ਰਿੰਸੀਪਲਾਂ ਦੀ ਤੈਨਾਤੀ ਜ਼ਰੂਰੀ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਸਾਂਝੀ ਕਨਵੈਨਸ਼ਨ ਦੌਰਾਨ ਵੱਡਾ ਐਲਾਨ
ਪ੍ਰਿੰਸੀਪਲ ਪਦ-ਉਨਤ ਹੋਣ ਜਾ ਰਹੇ ਲੈਕਚਰਾਰਾਂ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸਾਂਝੀ ਕਨਵੈਨਸ਼ਨ- ਤਰੱਕੀਆਂ ਤੁਰੰਤ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੀ ਮੰਗ
ਲੁਧਿਆਣਾ 21 ਜੁਲਾਈ 2026- ਲੰਬੀ ਕਾਨੂੰਨੀ ਲੜਾਈ ਅਤੇ ਜਥੇਬੰਦਕ ਸੰਘਰਸ਼ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚੋਂ ਤਰੱਕੀਆਂ ਦੇ ਰਾਹ ਵਿੱਚ ਲੱਗੀ ਰੁਕਾਵਟ ਨੂੰ ਦੂਰ ਕਰਕੇ ਪਦ ਉਨਤ ਹੋਣ ਜਾ ਲੈਕਚਰਾਰਾਂ ਅਤੇ ਡੈਮੋਕਰੇਟਿਕ ਟੀਚਰ ਪੰਜਾਬ ਦੀ ਸੂਬਾ ਪੱਧਰੀ ਟੀਮ ਦੀ ਸਾਂਝੀ ਕਨਵੈਂਸ਼ਨ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।
ਇੱਥੇ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਸਯੁੰਕਤ ਸਕੱਤਰ ਦਲਜੀਤ ਸਮਰਾਲਾ ਅਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਵੱਖ ਵੱਖ ਰੰਗਾਂ ਦੀਆਂ ਸਰਕਾਰਾਂ ਵੱਲੋਂ ਸਿੱਖਿਆ ਅਤੇ ਸਿਹਤ ਵਰਗੇ ਅਹਿਮ ਮਸਲਿਆਂ ਨੂੰ ਅਂੱਖੋਂ -ਪਰੋਖੇ ਕਰਕੇ ਅਧਿਆਪਕਾਂ ਨੂੰ ਗ਼ੈਰ ਵਿੱਦਿਅਕ ਕੰਮਾਂ ਵਿੱਚ ਝੋਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਅਜਿਹੇ ਨਾਜ਼ੁਕ ਸਮੇਂ ਵਿੱਚ ਅਧਿਆਪਕਾਂ ਦੀ ਘੱਟੋ- ਘੱਟ ਮੁੱਦਿਆਂ ਤੇ ਸਾਂਝ ਬੇਹੱਦ ਲਾਜ਼ਮੀ ਹੈ। ਇਸ ਲਈ ਜੱਥੇਬੰਦੀ ਸਮੂਹ ਅਧਿਆਪਕਾਂ ਦੀ ਇੱਕੋ ਇੱਕ ਸਾਂਝੀ ਜੱਥੇਬੰਦੀ ਬਣਾਉਣ ਲਈ ਵਚਨਬੱਧ ਹੈ। ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵੱਖ ਵੱਖ ਸਮਿਆਂ ਦੀਆਂ ਸਰਕਾਰਾਂ ਵੱਲੋਂ ਲੋਕ ਪੱਖੀ ਸਿੱਖਿਆ ਨੀਤੀਆ ਬਣਾਉਣ ਦੀ ਥਾਂ ਆਪਣੇ ਹਿੱਤ ਪੂਰਤੀ ਵਾਲੀ ਸਿੱਖਿਆਂ ਦੇਣ ਅਤੇ ਤੇਜੀ ਨਾਲ ਸਿੱਖਿਆ ਦੇ ਕੀਤੇ ਜਾ ਰਹੇ ਭਗਵੇਂ ਕਰਨ, ਨਿੱਜੀਕਰਨ ਅਤੇ ਕਾਰਪੋਰੇਟੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਤਰ੍ਹਾਂ ਦੇ ਲੋਕ ਵਿਰੋਧੀ ਵਰਤਾਰੇ ਖਿਲਾਫ਼ ਜਨਤਕ ਲਾਮਬੰਦੀ ਦੀ ਲੋੜ ਤੇ ਜ਼ੋਰ ਦਿੱਤਾ।
ਉਨ੍ਹਾਂ ਸਮਾਜਿਕ ਕਾਰਕੁੰਨ ਅਤੇ ਵਿਗਿਆਨੀ ਸੋਨਮ ਵਾਂਗਚੁੱਕ ਨੂੰ ਦਿੱਲੀ ਪੁਲੀਸ ਵੱਲੋਂ ਜਬਰੀ ਚੁੱਕੇ ਜਾਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਿੱਖਿਆ ਨੀਤੀ 2020 ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਇਸ ਨੀਤੀ ਤਹਿਤ ਸਿਲੇਬਸ ਵਿਚ ਗੈਰ ਵਿਗਿਆਨਕ ਤੱਥ ਸ਼ਾਮਲ ਕਰਨ ਦੇ ਨਾਂਹ ਪੱਖੀ ਰੁਝਾਨ ਨੂੰ ਰੋਕਣ ਲਈ ਇੱਕ ਜੁਟ ਹੋਣ ਦਾ ਸੱਦਾ ਦਿੱਤਾ।
ਕਨਵੈਨਸ਼ਨ ਨੂੰ ਲੈਕਚਰਾਰ ਹਰਵਿੰਦਰ ਸਿੰਘ ਦਿਉਲ, ਕੁਲਵਿੰਦਰ ਸਿੰਘ ਬਠਿੰਡਾ ਅਤੇ ਸਤਿੰਦਰਜੀਤ ਕੌਰ ਫਾਜ਼ਿਲਕਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਚਰਨਜੀਤ ਸਿੰਘ ਲੁਧਿਆਣਾ, ਸੁਖਵਿੰਦਰ ਸਿੰਘ ਪਟਿਆਲਾ, ਬਿਨਾਕਸੀ ਸੋਢੀ ਮੁਹਾਲੀ, ਨਿਰਮਲ ਸਿੰਘ ਹੁਸ਼ਿਆਰਪੁਰ, ਡਾਕਟਰ ਸੁਰੇਸ਼ ਮਹਿਤਾ ਹਰਜੀਤ ਸੁਧਾਰ ਬਲਜਿੰਦਰ ਬਠਿੰਡਾ,ਜੀਵਨ ਸਿੰਘ ਬਧਾਈ, ਕੁਲਵਿੰਦਰ ਅਕਾਲਗੜ੍ਹ, ਜਸਕੌਲ ਪ੍ਰੀਤ, ਤਲਵਿੰਦਰ ਸਿੰਘ ਖਰੌੜ, ਸੁਖਜੀਤ ਥਾਂਦੇਵਾਲਾ , ਗੁਰਮਤਿ ਝੋਰੜਾਂ, ਮੁਖਤਿਆਰ ਫਾਜਲਿਕਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜਰ ਸਨ।
















