ਮੌਸਮ ਵਿਭਾਗ ਦੀ ਚੇਤਾਵਨੀ: ਮੀਂਹ ਨਾਲ ਬਦਲਿਆ ਪੰਜਾਬ ਦਾ ਮੌਸਮ- ਅਗਲੇ ਦੋ ਦਿਨ ਪੰਜਾਬ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ, ਝੋਨੇ ਦੀ ਫ਼ਸਲ ਲਈ ਬਾਰਿਸ਼ ਬਣੀ ਅੰਮ੍ਰਿਤ- ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
ਚੰਡੀਗੜ੍ਹ, 20 ਜੁਲਾਈ 2026– ਪੰਜਾਬ ਵਿੱਚ ਸੋਮਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਹੁੰਮਸ ਅਤੇ ਗਰਮੀ ਤੋਂ ਵੱਡੀ ਰਾਹਤ ਦਿਵਾਈ ਹੈ। ਬਾਰਿਸ਼ ਦੇ ਚੱਲਦਿਆਂ ਸੂਬੇ ਦੇ ਔਸਤ ਤਾਪਮਾਨ ਵਿੱਚ 3.9 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਵੀ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਗੂੜ੍ਹੇ ਬਾਦਲ ਛਾਏ ਹੋਏ ਹਨ ਅਤੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ।
ਮੌਸਮ ਵਿਭਾਗ ਨੇ ਆਉਣ ਵਾਲੇ ਅਗਲੇ ਦੋ ਦਿਨਾਂ ਲਈ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੰਦੇ ਹੋਏ ‘ਔਰੈਂਜ ਅਲਰਟ’ ਜਾਰੀ ਕੀਤਾ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ, ਉਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਸੰਗਰੂਰ ਸ਼ਾਮਲ ਹਨ।
ਇਸ ਤੋਂ ਇਲਾਵਾ 23 ਜੁਲਾਈ ਨੂੰ ਸੂਬੇ ਦੇ ਚਾਰ ਮੁੱਖ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ।
ਮੌਸਮ ਵਿਭਾਗ ਤੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਰੂਪਨਗਰ ਵਿੱਚ ਸਭ ਤੋਂ ਵੱਧ 16.5 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ 13.0 ਐੱਮ.ਐੱਮ., ਮੋਹਾਲੀ ਵਿੱਚ 10.0 ਐੱਮ.ਐੱਮ. ਅਤੇ ਪਠਾਨਕੋਟ ਵਿੱਚ 9.0 ਐੱਮ.ਐੱਮ. ਮੀਂਹ ਰਿਕਾਰਡ ਕੀਤਾ ਗਿਆ।
ਖੇਤੀਬਾੜੀ ਮਾਹਰਾਂ ਅਨੁਸਾਰ ਇਹ ਬਾਰਿਸ਼ ਝੋਨੇ ਦੀ ਫ਼ਸਲ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਮੀਂਹ ਦਾ ਪਾਣੀ ਜ਼ਮੀਨ ਦੇ ਜ਼ਰੂਰੀ ਪੋਸ਼ਕ ਤੱਤਾਂ ਨੂੰ ਫ਼ਸਲ ਦੀਆਂ ਜੜ੍ਹਾਂ ਤੱਕ ਡੂੰਘਾਈ ਨਾਲ ਲੈ ਜਾਂਦਾ ਹੈ, ਜਿਸ ਨਾਲ ਫ਼ਸਲ ਦਾ ਝਾੜ ਵਧਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਬਾਰਿਸ਼ ਹੋਣ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਭੂ-ਜਲ (ਟਿਊਬਵੈੱਲ ਦੇ ਪਾਣੀ) ਦੀ ਵਰਤੋਂ ਘੱਟ ਕਰਨੀ ਪਵੇਗੀ, ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਬਜਲੀ ਦੀ ਬੱਚਤ ਹੋਵੇਗੀ।
ਸੋਮਵਾਰ ਨੂੰ ਹੋਈ ਬਾਰਿਸ਼ ਕਾਰਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.9 ਡਿਗਰੀ ਹੇਠਾਂ ਆ ਗਿਆ ਹੈ। ਹਾਲਾਂਕਿ, ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫ਼ਰੀਦਕੋਟ ਵਿੱਚ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਹੇਠਲੇ (ਨਿਊਨਤਮ) ਤਾਪਮਾਨ ਵਿੱਚ 0.5 ਡਿਗਰੀ ਦੀ ਕਮੀ ਆਈ ਹੈ, ਪਰ ਇਹ ਹਾਲੇ ਵੀ ਆਮ ਨਾਲੋਂ 3.2 ਡਿਗਰੀ ਉੱਪਰ ਬਣਿਆ ਹੋਇਆ ਹੈ। ਸਭ ਤੋਂ ਘੱਟ ਨਿਊਨਤਮ ਤਾਪਮਾਨ ਹੁਸ਼ਿਆਰਪੁਰ ਵਿੱਚ 25.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
















