Opinion China Door- ਕੀ ਇਹੋ ਹੈ ਬਦਲਾਅ? ਨਸ਼ੇ ਵਿਰੁੱਧ ਮੁਹਿੰਮ ਚਲਾਉਣ ਵਾਲੀ ਸਰਕਾਰ ਕਾਤਲ ਚਾਈਨਾ ਡੋਰ ‘ਤੇ ਚੁੱਪ ਕਿਉਂ?

 

Opinion China Door- ਨਸ਼ੇ ਵਿਰੁੱਧ ਮੁਹਿੰਮ ਬਨਾਮ ਕਾਤਲ ਚਾਈਨਾ ਡੋਰ!- ਕੀ ਇਹੋ ਹੈ ਬਦਲਾਅ? ਨਸ਼ੇ ਵਿਰੁੱਧ ਮੁਹਿੰਮ ਚਲਾਉਣ ਵਾਲੀ ਸਰਕਾਰ ਕਾਤਲ ਚਾਈਨਾ ਡੋਰ ‘ਤੇ ਚੁੱਪ ਕਿਉਂ?

Punjab, 23 Jan 2026- 

ਪੰਜਾਬ ਦੇ ਅੰਦਰ ਕਦੋਂ ਤੱਕ ਚਾਈਨਾ ਡੋਰ (China Door) ਜਾਨਾਂ ਲੈਂਦੀ ਰਹੇਗੀ? ਇਹ ਸਵਾਲ ਸਭਨਾਂ ਪੰਜਾਬੀਆਂ ਦੇ ਮਨਾਂ ਵਿੱਚ ਹੈ! ਚਾਈਨਾ ਡੋਰ ਦਾ ਕਹਿਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਅੰਦਰ ਵੇਖਣ ਨੂੰ ਮਿਲ ਰਿਹਾ ਹੈ। ਚਾਈਨਾ ਡੋਰ ਦੇ ਕਾਰਨ ਜਿੱਥੇ ਹੁਣ ਤੱਕ ਹਜ਼ਾਰਾਂ ਹੀ ਲੋਕ ਜ਼ਖਮੀ ਹੋ ਚੁੱਕੇ ਹਨ, ਉੱਥੇ ਹੀ ਸੈਂਕੜੇ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਨਸ਼ੇ ਵਿਰੁੱਧ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਦਰ ਗੈਰ ਕਾਨੂੰਨੀ ਕਾਤਲ ਚਾਈਨਾ ਡੋਰ ਖੁੱਲ੍ਹੇਆਮ ਵਿਕ ਰਹੀ ਹੈ।

ਪੰਜਾਬ ਵਿੱਚ ਬਸੰਤ ਦਾ ਤਿਉਹਾਰ ਹਰ ਸਾਲ ਹੀ ਬੜੇ ਜੋਸ਼ ਦੇ ਨਾਲ ਮਨਾਇਆ ਜਾਂਦਾ ਹੈ, ਪਰ ਜਿਸ ਜੋਸ਼ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ, ਉਸੇ ਜੋਸ਼ ਦੇ ਨਾਲ ਹੀ ਚਾਈਨਾ ਡੋਰ ਦੇ ਤਸਕਰਾਂ ਵੱਲੋਂ ਖੂਬ ਚਾਈਨਾ ਡੋਰ (China Door) ਵੇਚ ਕੇ ਲੋਕਾਂ ਦੇ ਕਤਲ ਕੀਤੇ ਜਾਂਦੇ ਹਨ। ਕਿਉਂ ਨਾ ਇਰਾਦਾ ਕਤਲ ਦਾ ਇਹਨਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ। ਜਿਹੜੇ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਨਾਲ ਦੀ ਨਾਲ ਚਾਈਨਾ ਡੋਰ ਦੀ ਸਪਲਾਈ ਪੂਰਨ ਤੌਰ ‘ਤੇ ਬੰਦ ਕੀਤੀ ਜਾਵੇ, ਪਰ ਇਹ ਸਭ ਕੁਝ ਉਦੋਂ ਹੀ ਹੋ ਸਕਦਾ ਹੈ ਜਦੋਂ ਪੁਲਿਸ ਪ੍ਰਸ਼ਾਸਨ ਉੱਤੇ ਸਰਕਾਰ ਇਮਾਨਦਾਰ ਹੋਵੇਗੀ।

ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਿੱਥੇ ਇੱਕ ਪਾਸੇ ਜਾਰੀ ਹੈ, ਉੱਥੇ ਦੂਜੇ ਪਾਸੇ ਚਾਈਨਾ ਡੋਰ ਦੇ ਨਾਲ ਅਨੇਕਾਂ ਹੀ ਅਜਾਈਂ ਮੌਤਾਂ ਹੋ ਰਹੀਆਂ ਹਨ। ਲੋਕ ਆਪਣੇ ਪੱਧਰ ‘ਤੇ ਚਾਈਨਾ ਡੋਰ ਤੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਹਨ।

ਪਰ ਸਰਕਾਰ ਇਸ ਦੇ ਵਿੱਚ ਕੁਝ ਨਹੀਂ ਕਰ ਰਹੀ। ਸਰਕਾਰ ਦੀ ਸ਼ੈਅ ‘ਤੇ ਸ਼ਰੇਆਮ ਪੰਜਾਬ ਦੇ ਅੰਦਰ ਚਾਈਨਾ ਡੋਰ ਵਿਕ ਰਹੀ ਹੈ। ਜਦੋਂ ਸਰਕਾਰ ਦੀ ਸ਼ਹਿ ‘ਤੇ ਹੀ ਵੱਡੇ ਪੱਧਰ ‘ਤੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਚਾਈਨਾ ਡੋਰ (China Door) ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੀ ਪਿੱਠ ਥਾਪੜਦੇ ਹੋਣ, ਤਾਂ ਉਦੋਂ ਸਮਝਿਆ ਜਾ ਸਕਦਾ ਹੈ ਕਿ ਇਹ ਚਾਈਨਾ ਡੋਰ ਰੁਕਣ ਵਾਲੀ ਨਹੀਂ, ਇਹ ਆਪਣਾ ਕਹਿਰ ਇਸੇ ਤਰ੍ਹਾਂ ਹੀ ਵਿਖਾਉਂਦੀ ਰਹੇਗੀ।

ਪੰਜਾਬ ਜਿਸ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ, ਉੱਥੇ ਸ਼ਰੇਆਮ ਲੋਕਾਂ ਦੇ ਕਤਲ ਹੋ ਰਹੇ ਨੇ, ਪਰ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਚਾਈਨਾ ਡੋਰ ਦੇ ਕਾਰਨ ਹੋ ਰਹੇ ਇਹਨਾਂ ਕਤਲਾਂ ਦੀ ਜਿੰਮੇਵਾਰ ਕੋਈ ਹੋਰ ਨਹੀਂ ਬਲਕਿ ਸੂਬੇ ਦੀ ਸਰਕਾਰ ਹੈ, ਕਿਉਂਕਿ ਜਿਸ ਦੀ ਸਰਕਾਰ ਹੁੰਦੀ ਹੈ ਉਹ ਹੀ ਸੂਬੇ ਦੇ ਹਾਲਾਤਾਂ ਲਈ ਜਿੰਮੇਵਾਰ ਹੁੰਦਾ ਹੈ।

ਤਤਕਾਲੀ ਸਰਕਾਰਾਂ ਵੀ ਆਪਣੇ ਸਮੇਂ ਦੌਰਾਨ ਹੋਈਆਂ ਗਲਤੀਆਂ ਦੀਆਂ ਜਿੰਮੇਵਾਰ ਹਨ ਅਤੇ ਕਈਆਂ ਸਰਕਾਰਾਂ ਦੇ ਵੱਲੋਂ ਤਾਂ ਆਪਣੀਆਂ ਗਲਤੀਆਂ ਮੰਨ ਵੀ ਲਈਆਂ ਗਈਆਂ ਹਨ। ਮੌਜੂਦਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ੇ ‘ਤੇ ਲਗਾਮ ਲਾਉਣ ਦੇ ਨਾਲ ਨਾਲ ਚਾਈਨਾ ਡੋਰ ‘ਤੇ ਵੀ ਲਗਾਮ ਲਾਵੇ, ਪਰ ਇਹ ਸਭ ਕੁਝ ਉਦੋਂ ਹੀ ਹੋ ਸਕਦਾ ਹੈ ਜਦੋਂ ਇਮਾਨਦਾਰ ਲੀਡਰ ਅਤੇ ਇਮਾਨਦਾਰ ਪੁਲਿਸ ਪ੍ਰਸ਼ਾਸਨ ਹੋਵੇਗਾ।

ਖੈਰ, ਵੇਖਦੇ ਹਾਂ ਕਿ ਅੱਗੇ ਕੀ ਬਣਦਾ ਹੈ, ਪਰ ਇਸ ਵੇਲੇ ਹਾਲਾਤ ਇਹ ਬਣ ਚੁੱਕੇ ਹਨ ਕਿ ਹਰ ਗਲੀ ਮੁਹੱਲੇ ਦੇ ਅੰਦਰ ਚਾਈਨਾ ਡੋਰ ਦੀ ਵਿਕਰੀ ਖੂਬ ਹੋ ਰਹੀ ਹੈ, ਜਿਸ ‘ਤੇ ਰੋਕ ਲਾਉਣੀ ਬਹੁਤ ਜਰੂਰੀ ਹੈ। ਕਈ ਪੱਤਰਕਾਰ ਵੀ ਇਸ ਵਿੱਚ ਸ਼ਾਮਿਲ ਨੇ, ਜਿਹੜੇ ਚਾਈਨਾ ਡੋਰ ਦੇ ਖੁਦ ਟਿਕਾਣੇ ਦੱਸਦੇ ਨੇ ਅਤੇ ਖੁਦ ਹੀ ਬਾਅਦ ‘ਚ ਛਾਪੇਮਾਰੀ ਕਰਵਾ ਕੇ ਚਾਈਨਾ ਡੋਰ (China Door) ਕੁਝ ਵੱਡੇ ਆਗੂਆਂ ਨਾਲ ਮਿਲ ਕੇ ਗੋਲ ਕਰ ਜਾਂਦੇ ਨੇ। ਚਿੱਟੇ ਦਿਨ ਸ਼ਰੇਆਮ ਕਾਤਲ ਡੋਰ ਲਗਾਤਾਰ ਲੋਕਾਂ ਦੀਆਂ ਜਾਨਾਂ ਲੈ ਰਹੀ ਹੈ, ਪਰ ਅਫ਼ਸੋਸ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ।

ਫ੍ਰੀਲਾਂਸ ਜਰਨਲਿਸਟ ਗੁਰਪ੍ਰੀਤ