Join WhatsApp

Join Now

ਪੇਪਰ ਲੀਕ ਲਈ ਪੰਜਾਬ ਸਰਕਾਰ ਜਿੰਮੇਵਾਰ! ਵਿਜੀਲੈਂਸ ਵਲੋਂ ਕੀਤੀ ਪੜਤਾਲ ਉਪਰੰਤ ਦਸੰਬਰ 2023 ‘ਚ ਦਰਜ FIR ਦੇ ਦੋਸ਼ੀ ਇਸ ‘ਚ ਸ਼ਾਮਲ?

On: ਜੁਲਾਈ 31, 2026 10:33 ਪੂਃ ਦੁਃ

 

ਪੇਪਰ ਲੀਕ ਲਈ ਪੰਜਾਬ ਸਰਕਾਰ ਜਿੰਮੇਵਾਰ! ਵਿਜੀਲੈਂਸ ਵਲੋਂ ਕੀਤੀ ਪੜਤਾਲ ਉਪਰੰਤ ਦਸੰਬਰ 2023 ‘ਚ ਦਰਜ FIR ਦੇ ਦੋਸ਼ੀ ਇਸ ‘ਚ ਸ਼ਾਮਲ?

ਫਿਰੋਜ਼ਪੁਰ 31 ਜੁਲਾਈ 2026- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਬੀਤੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਫਾਰਮੇਸੀ ਅਫਸਰਾਂ ਦੀ ਭਰਤੀ ਲਈ ਕਰਵਾਈ ਗਈ ਪ੍ਰੀਖਿਆ ਵਿੱਚ ਪੇਪਰ ਲੀਕ ਅਤੇ ਸਮੂਹਿਕ ਨਕਲ ਦੀ ਘਟਨਾ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੈਡੀਕਲ ਸਿੱਖਿਆ ਮਾਫ਼ੀਏ ਨਾਲ ਮਿਲੀਭੁਗਤ ਨੂੰ ਜੁਮੇਵਾਰ ਠਹਿਰਾਇਆ ਹੈ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਪੰਜਾਬ ਦੇ ਪ੍ਰਾਈਵੇਟ ਫਾਰਮੇਸੀ ਕਾਲਜਾਂ ਵਿਚ ਜਾਅਲੀ ਸਰਟੀਫਿਕੇਟਾਂ ਦੇ ਆਧਾਰ ਤੇ ਦਾਖਲੇ ਦੇ ਕੇ ਫਾਰਮੇਸੀ ਦਾ ਡਿਪਲੋਮਾ ਕਰਵਾਉਣ ਦਾ ਸਿਲਸਿਲਾ ਬੀਤੇ ਲੰਮੇਂ ਸਮੇਂ ਤੋਂ ਚਲ ਰਿਹਾ ਸੀ।

ਇਕ ਸਿਹਤ ਵਿਭਾਗ ਦੀ ਮੁਲਾਜ਼ਮ ਜਥੇਬੰਦੀ ਵਲੋਂ ਕੀਤੀ ਸ਼ਿਕਾਇਤ ਦੀ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਕੀਤੀ ਪੜਤਾਲ ਉਪਰੰਤ ਦਸੰਬਰ 2023 ਵਿੱਚ ਪਰਚਾ ਦਰਜ ਕਰਕੇ ਕੁਝ ਅਧਿਕਾਰੀਆਂ, ਮੁਲਾਜ਼ਮਾਂ, ਪ੍ਰਾਈਵੇਟ ਫਾਰਮੇਸੀ ਕਾਲਜਾਂ ਦੇ ਮਾਲਕਾਂ ਪ੍ਰਿੰਸੀਪਲਾਂ ਅਤੇ ਕੁਝ ਜਾਅਲੀ ਸਰਟੀਫਿਕੇਟਾਂ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਤਫਤੀਸ਼ ਦਾ ਕੰਮ ਐਸ ਐਸ ਪੀ ਵਿਜੀਲੈਂਸ ਬਿਊਰੋ ਲੁਧਿਆਣਾ ਨੂੰ ਸੌਂਪਿਆ ਗਿਆ ਸੀ।

ਪ੍ਰੰਤੂ ਤਕਰੀਬਨ ਡੇਢ ਸਾਲ ਬੀਤ ਜਾਣ ਤੇ ਵੀ ਇਸ ਤਫਤੀਸ਼ ਨੂੰ ਮੈਡੀਕਲ ਸਿੱਖਿਆ ਮਾਫ਼ੀਏ ਦੀ ਸਰਕਾਰ ਨਾਲ਼ ਮਿਲੀਭੁਗਤ ਕਾਰਨ ਠੱਪ ਕਰਕੇ ਰੱਖਿਆ ਹੋਇਆ ਹੈ। ਸਗੋਂ ਫਾਰਮੇਸੀ ਕਾਲਜਾਂ ਦੇ ਮਾਲਕਾਂ ਨੂੰ ਫਾਰਮੇਸੀ ਕੌਂਸਿਲ ਵਿੱਚ ਉਚ ਆਹੁਦੇ ਬਖਸ਼ ਕੇ ਮਾਫ਼ੀਏ ਨੂੰ ਕੇਸ ਨਾਲ ਸੰਬੰਧਿਤ ਸਬੂਤ ਮਿਟਾਉਣ ਦੀ ਖੁਲ੍ਹੀ ਛੁੱਟੀ ਦਿੱਤੀ ਹੋਈ ਹੈ।

ਹੁਣ ਤੱਕ ਇਹਨਾਂ ਜਾਅਲੀ ਸਰਟੀਫਿਕੇਟਾਂ ਵਾਲੇ ਵਿਅਕਤੀਆਂ ਦੀਆਂ ਰਜਿਸਟਰੇਸ਼ਨਾਂ ਨੂੰ ਫਾਰਮੇਸੀ ਕੌਂਸਿਲ ਵਲੋਂ ਰੱਦ ਨਹੀਂ ਕੀਤਾ ਗਿਆ ਸਗੋਂ ਓਪਨ ਸਕੂਲ ਤੋਂ ਸਾਇੰਸ ਵਿਸ਼ਿਆਂ ਨਾਲ ਬਾਰਵੀਂ ਜਮਾਤ ਕਰਵਾ ਕੇ ਦਾਖਲਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਆਸਾਮੀਆਂ ਨੂੰ ਕੱਢਣ ਤੋਂ ਪਹਿਲਾਂ ਸਰਕਾਰ ਨੇ ਫਾਰਮੇਸੀ ਅਫਸਰਾਂ ਦੇ ਭਰਤੀ ਨਿਯਮਾਂ ਵਿਚ ਸੋਧ ਕਰਕੇ ਭਰਤੀ ਦੀ ਯੋਗਤਾ ਵਿਚ ਡਿਪਲੋਮਾ ਇਨ ਫਾਰਮੇਸੀ ਨੂੰ ਸ਼ਾਮਲ ਕਰਕੇ ਡਿਪਲੋਮਾ ਇਨ ਫਾਰਮੇਸੀ ਦੀ ਯੋਗਤਾ ਵਾਲੇ ਵਿਅਕਤੀਆਂ ਨੂੰ ਨੌਕਰੀ ਦੇ ਯੋਗ ਬਣਾ ਦਿੱਤਾ ਗਿਆ ਤਾਂ ਜੋ ਡਿਪਲੋਮਾ ਇਨ ਫਾਰਮੇਸੀ ਵਾਲੇ ਵਿਅਕਤੀਆਂ ਨੂੰ ਜਾਇਜ਼ ਜਾਂ ਨਾਜਾਇਜ਼ ਤਰੀਕੇ ਨਾਲ ਨੌਕਰੀਆਂ ਦਿਵਾ ਕੇ ਪ੍ਰਾਈਵੇਟ ਫਾਰਮੇਸੀ ਕਾਲਜਾਂ ਵਿਚ ਡਿਪਲੋਮਾ ਇਨ ਫਾਰਮੇਸੀ ਦੀ ਖਾਲੀ ਰਹਿੰਦੀਆਂ ਸੀਟਾਂ ਲਈ ਵਿਦਿਆਰਥੀਆਂ ਵਿਚ ਖਿੱਚ ਪੈਦਾ ਕੀਤੀ ਜਾ ਸਕੇ।

ਇਸੇ ਵਰਤਾਰੇ ਕਾਰਨ ਹੀ ਇਸ ਮਾਫੀਏ ਨੂੰ ਪੇਪਰ ਲੀਕ ਕਰਵਾਉਣ ਅਤੇ ਸਮੂਹਿਕ ਨਕਲ ਦਾ ਯੋਗ ਮਹੌਲ ਦਿੱਤਾ ਗਿਆ। ਉਹਨਾਂ ਕਿਹਾ ਇਹ ਵਰਤਾਰਾ ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਮੈਡੀਕਲ ਸਿੱਖਿਆ ਮਾਫ਼ੀਏ ਨਾਲ ਮਿਲੀਭੁਗਤ ਬਿਨਾਂ ਸੰਭਵ ਹੀ ਨਹੀਂ ਸੀ। ਉਹਨਾਂ ਇਸ ਸਾਰੇ ਘਟਨਾਕ੍ਰਮ ਦੀ ਅਦਾਲਤੀ ਜਾਂਚ ਦੀ ਮੰਗ ਕਰਦਿਆਂ ਸਮਾਜ ਦੇ ਸਮੂਹ ਇਨਸਾਨ ਪਸੰਦ ਲੋਕਾਂ ਨੂੰ ਇਸ ਖਿਲਾਫ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।

 

Leave a Comment