ਪ੍ਰਸਿੱਧ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਯਾਦਗਾਰੀ ਕੰਪਲੈਕਸ ਦਾ ਤਾਲਾ ਤੋੜਿਆ, ਜਥੇਬੰਦੀਆਂ ਨੇ ਲਿਆ ਸਖ਼ਤ ਨੋਟਿਸ
ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਪਾਸ਼ ਹੰਸਰਾਜ ਯਾਦਗਾਰੀ ਕੰਪਲੈਕਸ ਦਾ ਜਿੰਦਰਾ ਤੋੜੇ ਜਾਣ ਤੇ ਤਿੱਖੀ ਪ੍ਰਤੀਕ੍ਰਿਆ
ਪ੍ਰਗਤੀਸ਼ੀਲ ਲੇਖਕ ਸੰਘ, ਪਲਸ ਮੰਚ ਅਤੇ ਜਮਹੂਰੀ ਅਧਿਕਾਰ ਸਭਾ
ਚੰਡੀਗੜ੍ਹ, 6 ਅਗਸਤ 2026- ਪ੍ਰਸਿੱਧ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਸਾਥੀ ਹੰਸਰਾਜ ਦੀ ਯਾਦ ਵਿੱਚ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ, ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਉਸਾਰੇ ਗਏ ਯਾਦਗਾਰੀ ਕੰਪਲੈਕਸ ਦੇ ਮੁੱਖ ਦੁਆਰ ਦਾ ਤਾਲਾ ਤੋੜਨ ਦਾ ਸਖ਼ਤ ਨੋਟਿਸ ਲਿਆ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ, ਸੂਬਾ ਪ੍ਰਧਾਨ ਸੁਰਜੀਤ ਜੱਜ, ਸੂਬਾ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਜਮਹੂਰੀ ਅਧਿਕਾਰ ਸਭਾ ਦੇ ਨੁਮਾਇੰਦੇ ਪ੍ਰੋ. ਜਗਮੋਹਨ ਸਿੰਘ ਤੇ ਡਾ. ਪਰਮਿੰਦਰ ਸਿੰਘ, ਪਲਸ ਮੰਚ ਦੇ ਨੁਮਾਇੰਦੇ ਅਮੋਲਕ ਸਿੰਘ, ਜਸਪਾਲ ਜੱਸੀ ਅਤੇ ਕੰਵਲਜੀਤ ਖੰਨਾ ਨੇ ਇਸ ਜ਼ਬਰੀ ਦਖਲਅੰਦਾਜ਼ੀ ਦਾ ਵਿਰੋਧ ਕਰਦਿਆਂ ਆਦਮੀ ਪਾਰਟੀ ਦੀ ਸ਼ਹਿ ਪ੍ਰਾਪਤ ਪਿੰਡ ਦੇ ਸਰਪੰਚ ਪਰਦੀਪ ਸਿੰਘ ਤੇ ਉਹਦੇ ਹਮਾਇਤੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉੱਘੇ ਚਿੰਤਕ ਸਵਰਾਜਬੀਰ, ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਇਤਿਹਾਸਕਾਰ ਸੁਵਰਨ ਸਿੰਘ ਵਿਰਕ, ਉੱਘੇ ਕਹਾਣੀਕਾਰ ਕਿਰਪਾਲ ਕਜ਼ਾਕ, ਬਲਦੇਵ ਮੋਗਾ, ਗੁਰਨਾਮ ਕੰਵਰ , ਲਾਭ ਸਿੰਘ ਖੀਵਾ , ਦੇਵਿੰਦਰ ਦਮਨ , ਮੱਖਣ ਮਾਨ , ਡਾ. ਅਰਵਿੰਦਰ ਕੌਰ ਕਾਕੜਾ, ਡਾ. ਸਰਬਜੀਤ ਕੌਰ ਸੋਹਲ , ਸ਼ਬਦੀਸ਼, ਅਤਰਜੀਤ ਸਿੰਘ, ਸ਼ਾਇਰ ਡਾ. ਪਾਲ ਕੌਰ, ਡਾ. ਗੁਲਜ਼ਾਰ ਪੰਧੇਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਗੁਰਮੀਤ ਕੜਿਆਲਵੀ, ਡਾ. ਗੁਰਮੀਤ ਕੱਲਰਮਾਜ਼ਰੀ, ਰਮੇਸ਼ ਯਾਦਵ, ਜਸਪਾਲ ਮਾਨਖੇੜਾ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਡਾ. ਸੰਤੋਖ ਸੁੱਖੀ, ਸੁਖਵਿੰਦਰ ਪੱਪੀ, ਕੁਲਬੀਰ ਮਲਿਕ, ਅਮੀਰ ਸੁਲਤਾਨਾ, ਮਨਜੀਤ ਪੁਰੀ, ਖੁਸ਼ਵੰਤ ਬਰਗਾੜੀ, ਸਤਪਾਲ ਭੀਖੀ, ਕੁਲਦੀਪ ਚੌਹਾਨ, ਗੁਰਨੈਬ ਮੰਘਾਣੀਆਂ ਅਤੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਨੇ ਯਾਦਗਾਰ ਦੀ ਬੇਹੁਰਮਤੀ ਕਰਨ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਰਪੰਚ ਅਤੇ ਉਸਦੇ ਹਮਾਇਤੀਆਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਦੋਸਤ ਹੰਸਰਾਜ ਨੂੰ 23 ਮਾਰਚ 1988 ਨੂੰ, ਉਹਨਾਂ ਦੇ ਪਿੰਡ ਹੀ ਦਹਿਸ਼ਤਗਰਦਾਂ ਵਲੋਂ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੀ ਯਾਦ ਵਿੱਚ ਪੰਜਾਬ ਦੀਆਂ ਲੋਕਪੱਖੀ ਸਾਹਿਤਕ ਤੇ ਸਮਾਜਿਕ ਜਥੇਬੰਦੀਆਂ ਨੇ ਮਿਲ ਕੇ ‘ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ’ ਬਣਾਇਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹਨਾਂ ਇਨਕਲਾਬੀ ਸ਼ਾਇਰਾਂ ਦੀ ਯਾਦ ਵਿੱਚ 23 ਮਾਰਚ ਨੂੰ ਹਰ ਸਾਲ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ।
ਤਿੰਨੇ ਸੰਸਥਾਵਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੀਤੇ ਕੱਲ੍ਹ ਸਰਪੰਚ ਪਰਦੀਪ ਸਿੰਘ ਨੇ ਕੰਪਲੈਕਸ ਦੇ ਜਿੰਦਰੇ ਤੋੜ ਕੇ ਅੰਦਰ ਝੂਲੇ ਲਾਕੇ ਅਤੇ ਪੀਂਘਾਂ ਝੂਟਣ ਲਈ ਪਾਈਪਾਂ ਗੱਡ ਕੇ, ਨਾ ਕਿ ਯਾਦਗਾਰ ਦੀ ਬੇਹੁਰਮਤੀ ਕੀਤੀ ਬਲਕਿ ਇਕ ਪਾਸੇ ਦਾ ਗੇਟ ਵੀ ਲਾਹ ਕੇ ਲੈ ਗਏ । ਉਹਨਾਂ ਕਿਹਾ ਕਿ ਸਰਪੰਚ ਅਤੇ ਉਸਦੀ ਢਾਣੀ ਵਲੋਂ ਕੀਤੇ ਜਾ ਯਤਨਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਨੇੜ ਭਵਿਖ ਵਿੱਚ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਅਜਿਹੇ ਅਨਸਰਾਂ ਦੇ ਖਿਲਾਫ ਲਾਮਬੰਦੀ ਕੀਤੀ ਜਾਵੇਗੀ ਤਾਂ ਜੋ ਕਿਸੇ ਹੋਰ ਦੀ ਵੀ ਕਿਸੇ ਯਾਦਗਾਰ ਦੀ ਬੇਹੁਰਮਤੀ ਕਰਨ ਦੀ ਜੁਰਅਤ ਨਾ ਹੋ ਸਕੇ।
















