Punjab Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਕੱਲ੍ਹ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ!
ਚੰਡੀਗੜ੍ਹ, 8 ਅਗਸਤ 2026- ਭਾਰਤ ਮੌਸਮ ਵਿਗਿਆਨ ਵਿਭਾਗ (IMD) ਕੇਂਦਰ ਚੰਡੀਗੜ੍ਹ ਵੱਲੋਂ 8 ਅਗਸਤ 2026 ਨੂੰ ਪੰਜਾਬ ਦੇ ਜ਼ਿਲ੍ਹੇਵਾਰ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ। ਜਾਰੀ ਚੇਤਾਵਨੀ ਅਨੁਸਾਰ 9 ਅਗਸਤ ਨੂੰ ਭਾਰੀ ਮੀਂਹ ਦਾ ਅਸਰ ਸਿਰਫ਼ ਉੱਤਰੀ-ਪੂਰਬੀ ਪਹਾੜੀ ਖੇਤਰਾਂ ਨਾਲ ਲੱਗਦੇ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਤੱਕ ਹੀ ਸੀਮਤ ਰਹਿ ਜਾਵੇਗਾ। ਬਾਕੀ ਪੂਰੇ ਪੰਜਾਬ ਵਿੱਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ।
10 ਅਗਸਤ ਤੋਂ ਲੈ ਕੇ 12 ਅਗਸਤ ਤੱਕ ਪੂਰੇ ਪੰਜਾਬ ਲਈ ਮੌਸਮ ਵਿਭਾਗ ਵੱਲੋਂ Green Zone ਦਰਸਾਇਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਭਾਰੀ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਸੁਖਾਵਾਂ ਰਹੇਗਾ।
ਕਿਸਾਨਾਂ ਅਤੇ ਆਮ ਲੋਕਾਂ ਲਈ ਅਹਿਮ ਸੁਝਾਅ
ਮੌਸਮ ਵਿਭਾਗ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨੀਵੇਂ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨ। ਕਿਉਂਕਿ ਨੀਵੇਂ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਪਾਣੀ ਭਰ ਜਾਂਦਾ ਹੈ ਅਤੇ ਇਸੇ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਵਿਭਾਗ ਨੇ ਕਿਹਾ ਹੈ ਕਿ, ਜਿਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਹੈ, ਉੱਥੇ ਕਿਸਾਨ ਫ਼ਸਲਾਂ ਵਿੱਚ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਰੱਖਣ। 10 ਅਗਸਤ ਤੋਂ ਮੌਸਮ ਸਾਫ਼ ਹੋਣ ਤੋਂ ਬਾਅਦ ਕਿਸਾਨ ਖਾਦਾਂ ਜਾਂ ਕੀਟਨਾਸ਼ਕਾਂ ਦਾ ਛਿੜਕਾਅ ਕਰ ਸਕਦੇ ਹਨ।
















