Big Breaking: ਚੰਡੀਗੜ੍ਹ ‘ਚ ਕਾਂਗਰਸ ਦਾ ਵੱਡਾ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ! ਕਈ ਲੀਡਰ ਜ਼ਖ਼ਮੀ- ਮੰਗਿਆ ਵਿੱਤ ਮੰਤਰੀ ਹਰਪਾਲ ਚੀਮੇ ਦਾ ਅਸਤੀਫ਼ਾ
ਚੰਡੀਗੜ੍ਹ ‘ਚ ਕਾਂਗਰਸ ਦਾ ਵੱਡਾ ਧਰਨਾ: ਗੁਲਜ਼ਾਰ ਸੁਸਾਈਡ ਕੇਸ ‘ਚ ਹਰਪਾਲ ਚੀਮਾ ਦੇ ਅਸਤੀਫ਼ੇ ਦੀ ਮੰਗ, ਸਚਿਨ ਪਾਇਲਟ ਦੀ ਅਗਵਾਈ ਹੇਠ ਇਕੱਠੇ ਹੋਏ ਸਾਰੇ ਧੜੇ
ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ! ਚੰਨੀ, ਬਾਜਵਾ ਤੇ ਵੜਿੰਗ ਇੱਕ ਮੰਚ ‘ਤੇ ਆਏ ਨਜ਼ਰ; AAP ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
“2027 ‘ਚ ਭਗਵੰਤ ਮਾਨ ਨੂੰ ਹਰਾ ਕੇ ਜੇਲ੍ਹ ਭੇਜਾਂਗੇ” – ਚੰਡੀਗੜ੍ਹ ਪ੍ਰਦਰਸ਼ਨ ਦੌਰਾਨ ਚਰਨਜੀਤ ਚੰਨੀ ਤੇ ਪ੍ਰਤਾਪ ਬਾਜਵਾ ਦਾ ਤਿੱਖਾ ਹਮਲਾ
ਚੰਡੀਗੜ੍ਹ, 15 ਸਤੰਬਰ 2026- ਪੰਜਾਬ ਦੀ ਸਿਆਸਤ ਵਿੱਚ ਅੱਜ ਵੱਡਾ ਫੇਰਬਦਲ ਅਤੇ ਤਣਾਅਪੂਰਨ ਮਾਹੌਲ ਦੇਖਣ ਨੂੰ ਮਿਲਿਆ। ਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਕਲੇਸ਼ ‘ਤੇ ਪੂਰਨ ਵਿਰਾਮ ਲਗਾਉਂਦੇ ਹੋਏ ਪਾਰਟੀ ਦੇ ਤਮਾਮ ਸੀਨੀਅਰ ਲੀਡਰ ਇੱਕ ਮੰਚ ‘ਤੇ ਇਕੱਠੇ ਨਜ਼ਰ ਆਏ। ਚੰਡੀਗੜ੍ਹ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਮਜ਼ਦੂਰ ਗੁਲਜ਼ਾਰ ਸਿੰਘ ਸੁਸਾਈਡ ਕੇਸ ਵਿੱਚ ਇਨਸਾਫ਼ ਦੀ ਮੰਗ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫ਼ੇ ਨੂੰ ਲੈ ਕੇ ਕੀਤਾ ਗਿਆ।

ਪ੍ਰਦਰਸ਼ਨ ਦੌਰਾਨ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਨਾਗਰਾ ਬੇਹੋਸ਼ ਹੋ ਗਏ। ਨਾਗਰਾ ਪ੍ਰਦਰਸ਼ਨ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਅ ਰਹੇ ਸਨ। ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਮੌਕੇ ’ਤੇ ਮੌਜੂਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਜਿਸ ਦੌਰਾਨ ਕਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੁਲਜੀਤ ਨਾਗਰਾ ਦੇ ਬੇਹੋਸ਼ ਹੋਣ ਤੋਂ ਬਾਅਦ ਕਾਫ਼ੀ ਸਮੇਂ ਤੱਕ ਐਂਬੂਲੈਂਸ ਮੌਕੇ ’ਤੇ ਨਹੀਂ ਪੁੱਜੀ, ਜਿਸ ਕਾਰਨ ਸਾਥੀਆਂ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਪੁਲਿਸ ਨੇ ਕਾਂਗਰਸ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਸਚਿਨ ਪਾਇਲਟ ਸਮੇਤ ਕਈ ਆਗੂਆਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਹੈ। ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਕਾਫ਼ੀ ਤਕਰਾਰ ਵੀ ਹੋਈ।

ਵਿੱਤ ਮੰਤਰੀ ਦੇ ਘਰ ਵੱਲ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਸੈਕਟਰ 15 ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਮੋਰਚੇ ‘ਤੇ ਨਾਕਾਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗਰੀਬ ਦਲਿਤ ਗੁਲਜ਼ਾਰ ਸਿੰਘ ਨੂੰ ਆਪਣੀ ਜਾਨ ਦੇਣ ਲਈ ਮਜਬੂਰ ਕੀਤਾ ਗਿਆ ਹੈ। ਮ੍ਰਿਤਕ ਨੇ ਵੀਡੀਓ ਬਣਾ ਕੇ ਵਿੱਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਪੱਖਪਾਤ ਕਰ ਰਹੀ ਹੈ। ਕੀ ਕਾਨੂੰਨ ਮੁਤਾਬਕ ਮੰਤਰੀ ਵਿਰੁੱਧ ਐਫ.ਆਈ.ਆਰ. (FIR) ਦਰਜ ਨਹੀਂ ਹੋਣੀ ਚਾਹੀਦੀ?

ਪਾਇਲਟ ਨੇ ਅੱਗੇ ਕਿਹਾ ਕਿ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਨਾ ਤਾਂ ਦਲਿਤ ਸਮਾਜ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਅਤੇ ਨਾ ਹੀ 3 ਮਹੀਨਿਆਂ ਵਿੱਚ ਨਸ਼ਾ ਖ਼ਤਮ ਕੀਤਾ ਗਿਆ। ਅੱਜ ਪੰਜਾਬ ਦਾ ਨੌਜਵਾਨ ਨਸ਼ੇ ਦੇ ਕਾਲੇ ਅੰਧੇਰੇ ਵਿੱਚ ਧੱਸਦਾ ਜਾ ਰਹਾ ਹੈ ਅਤੇ ਚਿੱਟਾ ਘਰ-ਘਰ ਪਹੁੰਚ ਰਿਹਾ ਹੈ। ਪਾਇਲਟ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਰਾਹੁਲ ਗਾਂਧੀ ਦੇ ਨਿਰਦੇਸ਼ਾਂ ‘ਤੇ ਕਾਂਗਰਸ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਸੰਘਰਸ਼ ਕਰੇਗੀ ਅਤੇ ਪੁਲਿਸ ਦੀਆਂ ਲਾਠੀਆਂ ਸਭ ਤੋਂ ਪਹਿਲਾਂ ਲੀਡਰ ਆਪਣੇ ਪਿੰਡੇ ‘ਤੇ ਖਾਣਗੇ।

ਇਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਨੇ ਪਾਰਟੀ ਵਿੱਚ ਏਕਤਾ ਦਾ ਸੁਨੇਹਾ ਦਿੱਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ “ਅਸੀਂ ਸਾਰੇ ਇਕੱਠੇ ਹਾਂ।” ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਸਰਕਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਭ੍ਰਿਸ਼ਟ ਮੁੱਖ ਮੰਤਰੀ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਏਕਤਾ ‘ਤੇ ਮੋਹਰ ਲਗਾਉਂਦਿਆਂ ਕਿਹਾ ਕਿ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਅਤੇ ਪੰਜਾਬ ਦਾ ਵਿਰੋਧ ਕੀਤਾ ਹੈ, ਉਨ੍ਹਾਂ ਦਾ ਹਸ਼ਰ ਵੀ ‘ਮੱਸੇ ਰੰਗੜ’ ਵਰਗਾ ਹੀ ਹੋਵੇਗਾ।

ਸੰਬੋਧਨ ਤੋਂ ਬਾਅਦ ਸਚਿਨ ਪਾਇਲਟ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਵਿਜੇਇੰਦਰ ਸਿੰਗਲਾ ਸਮੇਤ ਤਮਾਮ ਸਾਂਸਦਾਂ, ਵਿਧਾਇਕਾਂ ਅਤੇ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਘਿਰਾਓ ਲਈ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।














