ਲੋਕ-ਪੱਖੀ ਸਿੱਖਿਆ ਨੀਤੀ ਨੂੰ ਲਾਗੂ ਕਰਾਉਣ ਲਈ ਵਿਸ਼ਾਲ ਲੋਕ ਲਹਿਰ ਸਮੇਂ ਦੀ ਲੋੜ: ਏਆਈਐੱਸਈਸੀ
Punjab News-
ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ (ਏਆਈਐੱਸਈਸੀ), ਪੰਜਾਬ ਚੈਪਟਰ ਵੱਲੋਂ ‘ਲੋਕ-ਪੱਖੀ ਸਿੱਖਿਆ ਨੀਤੀ 2026 ਨੂੰ ਲਾਗੂ ਕਰਾਉਣ ਲਈ ਲੋਕ ਲਹਿਰ ਹੀ ਸਮੇਂ ਦੀ ਲੋੜ ਹੈ’ ਦੇ ਵਿਸ਼ੇ ‘ਤੇ ਇਕ ਵਿਚਾਰ ਚਰਚਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਵਿਖ਼ੇ ਹੋਈ ਜਿਸ ਦਾ ਸੰਚਾਲਨ ਪ੍ਰੋ ਅਮਿੰਦਰਪਾਲ ਸਿੰਘ ਸੂਬਾ ਸਕੱਤਰ ਨੇ ਕੀਤਾ। ‘ਲੋਕ-ਪੱਖੀ ਸਿੱਖਿਆ ਨੀਤੀ 2026-ਰਾਸ਼ਟਰੀ ਸਿੱਖਿਆ ਨੀਤੀ2020 ਦਾ ਇਕ ਬਦਲ’ ਦੇ ਰੂਪ ਵਿਚ ਇਕ ਪ੍ਰਮਣਿਕ ਦਸਤਾਵੇਜ਼ ਆਖਰਕਾਰ ਤਿਆਰ ਹੋਣ ਤੋਂ ਬਾਅਦ ਸਾਡੇ ਅਗਲੇ ਕਾਰਜ ਕੀ ਬਣਦੇ ਹਨ-ਇਸ ਮੁੱਖ ਏਜੰਡੇ ਨੂੰ ਮੈਂਬਰਾਂ ਅੱਗੇ ਰੱਖ ਦਿੱਤਾ ਗਿਆ।
ਪ੍ਰੋ ਤਰੁਨ ਕਾਂਤੀ ਨਸਕਰ, ਜਨਰਲ ਸਕੱਤਰ, ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਨੇ ਕਿਹਾ ਕਿ ਇਹ ਕਮੇਟੀ ਸਿੱਖਿਆ ਨੂੰ ਪਿਆਰ-ਮੁਹੱਬਤ ਕਰਨ ਵਾਲੇ ਲੋਕਾਂ ਦਾ ਮੰਚ ਹੈ ਜਿਹੜੇ ਵਿਗਿਆਨਕ, ਧਰਮ-ਨਿਰਪੇਖ, ਜਮਹੂਰੀ ਅਤੇ ਸਰਬਵਿਆਪਕ ਸਿਖਿਆ ਢਾਂਚੇ ਨੂੰ ਲਿਆਉਣ ਲਈ ਜੂਝ ਰਹੇ ਹਨ। ਐਨ ਸ਼ੁਰੂ ਤੋਂ ਹੀ ਇਹ ਮੰਚ ਰਾਸ਼ਟਰੀ ਸਿੱਖਿਆ ਨੀਤੀ 2020 ਖਿਲਾਫ ਅੱਡ ਅੱਡ ਢੰਗ ਨਾਲ ਰੋਸ ਪ੍ਰਗਟ ਕਰ ਰਿਹਾ ਹੈ। ਇਸ ਨੀਤੀ ਖਿਲਾਫ਼ ਪੰਜ ਸਾਲ ਤੋਂ ਚਲਦੇ ਘੋਲ ਵਿੱਚੋਂ ਹੀ ਅਵਾਜ ਉੱਠੀ ਕਿ ਮਹਿਜ਼ ਆਲੋਚਨਾ ਕਰਨਾ ਕਾਫੀ ਨਹੀਂ, ਇਕ ਲੋਕ-ਪੱਖੀ ਸਿੱਖਿਆ ਨੀਤੀ ਦਾ ਹਥਿਆਰ ਵੀ ਸਾਡੇ ਹੱਥ ਵਿਚ ਹੋਣਾ ਚਾਹੀਦਾ ਹੈ।
ਕਈ ਉੱਘੇ ਵਿਦਵਾਨਾਂ, ਸਿੱਖਿਆ ਸ਼ਾਸਤਰੀਆਂ ਅਤੇ ਸਿੱਖਿਆ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਨੇ ਘਾਲਣਾ ਘਾਲ ਕੇ ਲੋਕ-ਪੱਖੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ। ਲਗਭਗ 20 ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸਾਂ ਵਿੱਚ ਇਸ ਖਰੜੇ ਦੀਆਂ ਲੱਖਾਂ ਕਾਪੀਆਂ ਛਾਪ ਕੇ ਵੰਡੀਆਂ ਗਈਆਂ ਅਤੇ ਆਏ ਸੁਝਾਵਾਂ ਵਿੱਚੋਂ ਯੋਗ ਸੁਝਾਵਾਂ ਨੂੰ ਸ਼ਾਮਲ ਕਰ ਕੇ ਲੋਕ-ਪੱਖੀ ਸਿੱਖਿਆ ਨੀਤੀ 2026 ਹੋਂਦ ਵਿਚ ਆਈ। ਪ੍ਰੋ ਨਸਕਰ ਨੇ ਇਸ ਨੀਤੀ ਦੇ ਵੱਖ ਵੱਖ ਪੱਖਾਂ ‘ਤੇ ਰੋਸ਼ਨੀ ਪਾਈ।
ਅਖੀਰ ਵਿਚ ਪ੍ਰੋ ਨਸਕਰ ਨੇ ਜਮੀਨੀ ਪੱਧਰ ਤੋਂ ਲੈ ਕੇ ਉਪਰ ਤੱਕ ਸਿੱਖਿਆ ਬਚਾਓ ਕਮੇਟੀਆਂ ਬਣਾਉਣ ਦਾ ਸੱਦਾ ਦਿੱਤਾ ਤਾਂ ਕਿ ਲੋਕ ਲਹਿਰ ਸਿਰਜਣ ਵਾਸਤੇ ਰਾਹ ਪੱਧਰ ਹੋ ਸਕੇ। ਹੋਰਾਂ ਤੋਂ ਇਲਾਵਾ ਉੱਘੇ ਲੋਕ-ਪੱਖੀ ਸੰਗੀਤਕਾਰ ਪ੍ਰਿੰਸੀਪਲ ਰਾਮ ਕੁਮਾਰ, ਜਸਪਾਲ ਸਿੰਘ ਸਿੱਧੂ, ਯਸ਼ਪਾਲ, ਪ੍ਰੋ ਸੰਤੋਖ ਸਿੰਘ ਔਜਲਾ, ਡਾ. ਮਨਜੀਤ ਸ਼ਰਮਾ, ਡਾ. ਜਗਦੀਸ਼ ਚੰਦਰ, ਜਨਰਲ ਇੰਦਰ ਸਿੰਘ, ਰਜਿੰਦਰ ਭਦੌੜ, ਐਡਵੋਕੇਟ ਸ਼ਿਵਾਸਿਸ ਆਦਿ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ।
















