World Breaking: ਜ਼ਹਿਰੀਲੀ ਸ਼ਰਾਬ ਪੀਣ ਕਾਰਨ 48 ਲੋਕਾਂ ਦੀ ਮੌਤ, 100 ਤੋਂ ਵਧ ਹਸਪਤਾਲ ‘ਚ ਦਾਖ਼ਲ
ਨਾਈਜੀਰੀਆ ਜ਼ਹਿਰੀਲੀ ਸ਼ਰਾਬ ਦਾ ਕਹਿਰ; 48 ਲੋਕਾਂ ਦੀ ਮੌਤ, ਪੁਲਿਸ ਵੱਲੋਂ 15 ਮੁਲਜ਼ਮ ਗ੍ਰਿਫ਼ਤਾਰ, ਮੇਥਾਨੋਲ ਦੀ ਮਿਲਾਵਟ ਦਾ ਖ਼ਦਸ਼ਾ
ਅਬੂਜਾ/ਓਂਡੋ, 17 ਸਤੰਬਰ 2026- ਪੱਛਮੀ ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਓਂਡੋ ਰਾਜ (Ondo State) ਤੋਂ ਇਕ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸਥਾਨਕ ਪੱਧਰ ‘ਤੇ ਤਿਆਰ ਕੀਤੇ ਗਏ ਜ਼ਹਿਰੀਲੇ ਪੀਣ ਵਾਲੇ ਪਦਾਰਥ (ਦੇਸੀ ਸ਼ਰਾਬ) ਦਾ ਸੇਵਨ ਕਰਨ ਨਾਲ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 100 ਤੋਂ ਵਧੇਰੇ ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਓਂਡੋ ਰਾਜ ਪੁਲਿਸ ਦੇ ਬੁਲਾਰੇ ਅਬਾਯੋਮੀ ਜਿਮੋਹ (Abayomi Jimoh) ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ਵਿੱਚ ਹੁਣ ਤੱਕ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਅਜਿਹਾ ਵਿਅਕਤੀ ਵੀ ਸ਼ਾਮਲ ਹੈ ਜੋ ਇਹ ਜ਼ਹਿਰੀਲਾ ਪੀਣ ਵਾਲਾ ਪਦਾਰਥ ਖ਼ੁਦ ਬਣਾ ਰਿਹਾ ਸੀ। ਪੁਲਿਸ ਬੁਲਾਰੇ ਮੁਤਾਬਕ, ਜਾਂਚ ਦੌਰਾਨ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਦੇਸੀ ਸ਼ਰਾਬ ਵਿੱਚ ‘ਮੇਥਾਨੋਲ’ (Methanol) ਨਾਮਕ ਖ਼ਤਰਨਾਕ ਕੈਮੀਕਲ ਦੀ ਮਿਲਾਵਟ ਕੀਤੀ ਗਈ ਸੀ।
ਗ੍ਰਿਫ਼ਤਾਰ ਕੀਤਾ ਗਿਆ ਮੁੱਖ ਮੁਲਜ਼ਮ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਅਤੇ ਪੁੱਛਗਿੱਛ ਦੌਰਾਨ ਜਾਂਚ ਵਿੱਚ ਮਦਦ ਕਰ ਰਿਹਾ ਹੈ। ਓਂਡੋ ਰਾਜ ਦੇ ਸਿਹਤ ਕਮਿਸ਼ਨਰ ਬਾਂਜੀ ਅਜਾਕਾ (Banji Ajaka) ਨੇ ਘਟਨਾ ਬਾਰੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਓਂਡੋ ਦੇ ‘ਓਡਿਗਬੋ’ (Odigbo) ਅਤੇ ‘ਇਰੇਲੇ’ (Irele) ਖੇਤਰਾਂ ਵਿੱਚ ਇਸ ਨਕਲੀ ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ 100 ਤੋਂ ਵੱਧ ਲੋਕਾਂ ਦੀ ਤਬੀਅਤ ਵਿਗੜ ਗਈ।
ਕਮਿਸ਼ਨਰ ਅਜਾਕਾ ਨੇ ਦੱਸਿਆ, “ਇਹ ਸਭ ਕੁੱਝ ਬਹੁਤ ਹੀ ਤੇਜ਼ੀ ਨਾਲ ਵਾਪਰਿਆ। ਇਸ ਜ਼ਹਿਰੀਲੇ ਲਿਕਵਿਡ ਨੂੰ ਪੀਣ ਤੋਂ ਬਾਅਦ, ਇਸ ਦੀ ਮਾਤਰਾ ਦੇ ਹਿਸਾਬ ਨਾਲ ਵਿਅਕਤੀ ਦੇ ਗੁਰਦੇ (ਕਿਡਨੀ) ਕੰਮ ਕਰਨਾ ਬੰਦ ਕਰ ਸਕਦੇ ਹਨ, ਅੱਖਾਂ ਦੀ ਰੋਸ਼ਨੀ ਹਮੇਸ਼ਾ ਲਈ ਜਾ ਸਕਦੀ ਹੈ ਅਤੇ ਦਿਮਾਗ ਨੂੰ ਵੀ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।”
ਉਹਨਾਂ ਅੱਗੇ ਦੱਸਿਆ ਕਿ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਇਲਾਜ ਤੋਂ ਬਾਅਦ ਕੁਝ ਲੋਕਾਂ ਦੀ ਸਥਿਤੀ ਵਿੱਚ ਸੁਧਾਰ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਕਈ ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਸ ਦੁਖਦਾਈ ਘਟਨਾ ਵਿੱਚ ਪਹਿਲੀ ਮੌਤ ਦੀ ਖ਼ਬਰ ਲਗਭਗ ਦੋ ਹਫ਼ਤੇ ਪਹਿਲਾਂ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਮੌਤਾਂ ਦਾ ਸਿਲਸਿਲਾ ਲਗਾਤਾਰ ਵਧਦਾ ਗਿਆ। ਅਫ਼ਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨਾਈਜੀਰੀਆ ਵਿੱਚ ਸਥਾਨਕ ਪੱਧਰ ‘ਤੇ ਤਿਆਰ ਕੀਤੀ ਗਈ ਦੇਸੀ ਸ਼ਰਾਬ ਪੀਣਾ ਇੱਕ ਬਹੁਤ ਹੀ ਆਮ ਗੱਲ ਹੈ।
ਵਿਸ਼ੇਸ਼ ਤੌਰ ‘ਤੇ ਨਾਈਜੀਰੀਆ ਦੇ ਪੇਂਡੂ ਅਤੇ ਪੱਛੜੇ ਇਲਾਕਿਆਂ ਵਿੱਚ ਲੋਕ ਇਸ ਦਾ ਸੇਵਨ ਵੱਡੀ ਮਾਤਰਾ ਵਿੱਚ ਕਰਦੇ ਹਨ, ਕਿਉਂਕਿ ਇਹ ਬਹੁਤ ਸਸਤੀ ਮਿਲਦੀ ਹੈ। ਗ਼ਰੀਬੀ ਅਤੇ ਮਹਿੰਗਾਈ ਦੇ ਕਾਰਨ ਲੋਕ ਮਿਆਰੀ ਸ਼ਰਾਬ ਦੀ ਬਜਾਏ ਇਸ ਗ਼ੈਰ-ਕਾਨੂੰਨੀ ਅਤੇ ਜ਼ਹਿਰੀਲੀ ਸ਼ਰਾਬ ਵੱਲ ਆਕਰਸ਼ਿਤ ਹੁੰਦੇ ਹਨ, ਜੋ ਅਕਸਰ ਉਹਨਾਂ ਦੀ ਜਾਨ ਲਈ ਖ਼ਤਰਾ ਬਣ ਜਾਂਦੀ ਹੈ।
ਦੇਸ਼ ਵਿੱਚ ਵਧ ਰਹੇ ਇਸ ਖ਼ਤਰੇ ਨੂੰ ਦੇਖਦਿਆਂ, ਨਾਈਜੀਰੀਆ ਦੀ ‘ਨੈਸ਼ਨਲ ਏਜੰਸੀ ਫ਼ਾਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ’ (NAFDAC) ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਏਜੰਸੀ ਵਲੋਂ ਫਿਲਹਾਲ ਪਾਊਚਾਂ (Pouch) ਅਤੇ ਛੋਟੇ ਪਲਾਸਟਿਕ ਕੰਟੇਨਰਾਂ ਵਿੱਚ ਵਿਕਣ ਵਾਲੀ ਸ਼ਰਾਬ ‘ਤੇ ਦੇਸ਼ ਭਰ ਵਿੱਚ ਪਾਬੰਦੀ ਲਗਾਉਣ ਦੀ ਨੀਤੀ ਨੂੰ ਲਾਗੂ ਕੀਤਾ ਜਾ ਰਹਾ ਹੈ।
ਏਜੰਸੀ ਦਾ ਮੰਨਣਾ ਹੈ ਕਿ ਪਾਊਚਾਂ ਅਤੇ ਛੋਟੀਆਂ ਪਲਾਸਟਿਕ ਬੋਤਲਾਂ ਵਿੱਚ ਵਿਕਣ ਵਾਲੀ ਸ਼ਰਾਬ ਬਹੁਤ ਸਸਤੀ ਹੁੰਦੀ ਹੈ, ਜਿਸ ਕਰਕੇ ਇਹ ਬੱਚਿਆਂ, ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਤੱਕ ਆਸਾਨੀ ਨਾਲ ਪਹੁੰਚ ਜਾਂਦੀ ਹੈ। ਇਸ ਨਾਲ ਨਾ ਕੇਵਲ ਨੌਜਵਾਨ ਪੀੜ੍ਹੀ ਵਿੱਚ ਨਸ਼ੇ ਦੀ ਆਦਤ ਵਧ ਰਹੀ ਹੈ, ਸਗੋਂ ਮਿਲਾਵਟਖੋਰਾਂ ਲਈ ਵੀ ਅਜਿਹੀ ਸ਼ਰਾਬ ਵਿੱਚ ਜ਼ਹਿਰੀਲੇ ਰਸਾਇਣ ਮਿਲਾਉਣਾ ਆਸਾਨ ਹੋ ਜਾਂਦਾ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਪਾਬੰਦੀ ਨਾਲ ਗ਼ੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ‘ਤੇ ਠੱਲ੍ਹ ਪਵੇਗੀ।
















