Join WhatsApp

Join Now

ਬੱਦਲ ਫਟਣ ਲਈ ਕੌਣ ਜ਼ਿੰਮੇਵਾਰ? ਮੌਸਮ ਵਿਗਿਆਨੀਆਂ ਨੇ ਕੀਤਾ ਵੱਡਾ ਖ਼ੁਲਾਸਾ!

On: ਸਤੰਬਰ 17, 2026 6:34 ਬਾਃ ਦੁਃ

 

ਬੱਦਲ ਫਟਣ ਲਈ ਕੌਣ ਜ਼ਿੰਮੇਵਾਰ? ਮੌਸਮ ਵਿਗਿਆਨੀਆਂ ਨੇ ਕੀਤਾ ਵੱਡਾ ਖ਼ੁਲਾਸਾ!

Ashwani Chatrath

ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (National disaster management authority) ਅਨੁਸਾਰ ਪਿਛਲੇ ਕੁਝ ਸਾਲਾਂ ਦੌਰਾਨ ਬਰਸਾਤੀ ਮੌਸਮ ’ਚ ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ’ਚ ਬਹੁਤ ਤੇਜ਼ੀ ਆਈ ਹੈ। ਇਸ ਨਾਲ ਦੇਸ਼ ਦੇ ਉੱਤਰ ਪੂਰਬੀ ਰਾਜਾਂ ਤੋਂ ਲੈ ਕੇ ਉੱਤਰਾਖੰਡ ਤੱਕ ਅਤੇ ਆਸਾਮ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਕਾਰਨ ਵੱਡੇ ਪੱਧਰ ’ਤੇ ਜਾਨੀ-ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਇਸ ਕੁਦਰਤੀ ਆਫ਼ਤ ਕਾਰਨ ਹਰ ਸਾਲ ਵੱਡੀ ਗਿਣਤੀ ਵਿੱਚ ਮਨੁੱਖੀ ਜਾਨਾਂ ਜਾ ਰਹੀਆਂ ਹਨ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ।

ਵਿਗਿਆਨੀ ਇਨ੍ਹਾਂ ਕੁਦਰਤੀ ਆਫ਼ਤਾਂ ਲਈ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਵਾਤਾਵਰਨ ਵਿੱਚ ਆਈਆਂ ਤਬਦੀਲੀਆਂ ਕਾਰਨ ਮੌਨਸੂਨ ਪੌਣਾਂ ਦਾ ਵਤੀਰਾ ਵਿਨਾਸ਼ਕਾਰੀ ਹੋ ਗਿਆ ਹੈ। ਇਸ ਤੋਂ ਭਾਵ ਇਹ ਹੈ ਕਿ ਕਈ ਵਾਰ ਮੌਨਸੂਨ ਸੀਜ਼ਨ ਵਿੱਚ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਜਾਂਦੇ ਹਨ, ਪਰ ਕਈ ਵਾਰ ਮੀਂਹ ਤੋਂ ਬਾਅਦ ਲੰਮੇ ਸਮੇਂ ਤੱਕ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ।

ਵਿਸ਼ਾ ਮਾਹਿਰ ਇਸ ਨੂੰ ਤਕਨੀਕੀ ਪੱਖੋਂ ਇੰਜ ਸਮਝਾਉਂਦੇ ਹਨ ਕਿ ਧਰਤੀ ਦਾ ਵਾਤਾਵਰਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਗਰਮ ਹੋ ਗਿਆ ਹੈ, ਜਿਸ ਕਾਰਨ ਸਮੁੰਦਰ ਤੋਂ ਆ ਰਹੀਆਂ ਜਲਵਾਸ਼ਪਾਂ ਨਾਲ ਭਰਪੂਰ ਹਵਾਵਾਂ ਥੋੜ੍ਹੀ ਜਿਹੀ ਥਾਂ ’ਤੇ ਹੀ ਵੱਡੀ ਮਾਤਰਾ ’ਚ ਇੱਕਠੀਆਂ ਹੋ ਕੇ ਸੰਘਣੇ ਬੱਦਲ ਬਣਾਉਂਦੀਆਂ ਹਨ ਅਤੇ ਬੱਦਲ ਫਟਣ ਦੀਆਂ ਸੰਭਾਵਨਾਵਾਂ ਬਹੁਤ ਵਧ ਜਾਂਦੀਆਂ ਹਨ। ਥੋੜ੍ਹੀ ਜਿਹੀ ਥਾਂ ਉੱਤੇ ਸੰੰਘਣੇ ਬੱਦਲਾਂ ਦੇ ਬਣਨ ਨੂੰ ‘ਹਵਾਈ ਦਰਿਆਵਾਂ’ ਦਾ ਨਾਂ ਦਿੱਤਾ ਜਾਂਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਕਿਰਿਆਵਾਂ ਨਾਲ ਜਿਉਂ-ਜਿਉਂ ਧਰਤੀ ਗਰਮ ਹੁੰਦੀ ਜਾਵੇਗੀ, ਤਿਉਂ-ਤਿਉਂ ਬੱਦਲ ਫਟਣ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ। ਇੱਥੇ 16 ਜੂਨ 2013 ਦੇ ਉੱਤਰਾਖੰਡ ਵਿੱਚ ਬੱਦਲ ਫਟਣ ਦੀ ਘਟਨਾ ਨੂੰ ਯਾਦ ਕਰਨਾ ਬਣਦਾ ਹੈ।

ਇਹ ਘਟਨਾ ਬੱਦਲਾਂ ਦੇ ਅਚਾਨਕ ਫਟਣ ਨਾਲ ਕੀਤੇ ਜਾਂਦੇ ਮਹਾਵਿਨਾਸ਼ ਦੀ ਪ੍ਰਤੱਖ ਉਦਾਹਰਣ ਹੈ। ਇਸ ਘਟਨਾ ਵਿੱਚ 6054 ਲੋਕਾਂ ਦੀ ਮੌਤ ਹੋ ਗਈ ਸੀ, 4550 ਪਿੰਡਾਂ ਦਾ ਮਾਲੀ ਨੁਕਸਾਨ ਹੋਇਆ ਸੀ, ਕਈ ਪਿੰਡਾਂ ਦਾ ਤਾਂ ਨਾਮੋ-ਨਿਸ਼ਾਨ ਹੀ ਮਿਟ ਗਿਆ ਸੀ, ਹਜ਼ਾਰਾਂ ਪਸ਼ੂ ਮਰ ਗਏ ਸਨ, ਕਈ ਪੁਲ, ਸੜਕਾਂ ਜ਼ਮੀਨੀ ਨਕਸ਼ੇ ਤੋਂ ਮਿਟ ਗਈਆਂ ਸਨ ਅਤੇ ਤਿੰਨ ਲੱਖ ਦੇ ਕਰੀਬ ਸ਼ਰਧਾਲੂਆਂ ਨੂੰ ਕਈ ਦਿਨ ਖੁਆਰ ਹੋਣਾ ਪਿਆ ਸੀ। ਇਸ ਤੋਂ ਬਾਅਦ ਵੀ 2018, 2021 ਅਤੇ 2022 ’ਚ ਬੱਦਲ ਫਟਣ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਨ।

ਸੰਨ 2024 ’ਚ ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਦੀਆਂ ਕਈ ਘਟਨਾਵਾਂ ਵਾਪਰੀਆਂ। ਸਾਲ 2025 ਵਿੱਚ ਪਹਿਲੀ ਜੁਲਾਈ ਨੂੰ ਹਿਮਾਚਲ ਦੇ ਮੰਡੀ ਜ਼ਿਲ੍ਹੇ ’ਚ ਬੱਦਲ ਫਟਣ, ਅਚਨਚੇਤ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ 43 ਲੋਕਾਂ ਦੀ ਜਾਨ ਚਲੀ ਗਈ ਅਤੇ 37 ਦੇ ਕਰੀਬ ਲੋਕ ਲਾਪਤਾ ਹੋ ਗਏ ਸਨ। ਇੱਕ ਅਨੁਮਾਨ ਅਨੁਸਾਰ 5000 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਸੀ।

ਵਿਗਿਆਨੀਆਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਾਰਤ ਅਤੇ ਸਮੁੱਚੇ ਦੱਖਣੀ ਏਸ਼ੀਆ ’ਚ ਪਿਛਲੇ ਸਾਲਾਂ ਤੋਂ ਵਾਪਰ ਰਹੀਆਂ ਬੱਦਲ ਫਟਣ ਦੀਆਂ ਘਟਨਾਵਾਂ ਭਾਰੇ-ਭਾਰੇ ਬੱਦਲਾਂ ’ਚ ਸੰਘਣੇ ਜਲਵਾਸ਼ਪਾਂ ਦੇ ਇਕੱਠੇ ਹੋ ਕੇ ‘ਹਵਾਈ ਦਰਿਆ’ ਬਣ ਜਾਣ ਦਾ ਹੀ ਸਿੱਟਾ ਹਨ। ਇਉਂ ਸਮੁੱਚੇ ਦੱਖਣੀ ਏਸ਼ੀਆ ’ਚ ਮੌਨਸੂਨ ਸੀਜ਼ਨ ਦੇ ‘ਹਵਾਈ ਦਰਿਆ’ ਬੱਦਲਾਂ ਦੇ ਫਟਣ ਦੇ ਪ੍ਰਤੀਕ ਬਣ ਚੁੱਕੇ ਹਨ। ਇਸੇ ਤਰ੍ਹਾਂ ਦੀ ਇੱਕ ਉਦਾਹਰਣ ਅਮਰੀਕਾ ਦੇ ਰਾਜ ਟੈਕਸਸ ਦੇ ਕੇਰ ਕਾਊਂਟੀ ਦੀ ਹੈ। ਕੁਦਰਤੀ ਆਫ਼ਤਾਂ ਦੇ ਪ੍ਰਭਾਵ ਤੋਂ ਅਮਰੀਕਾ ਵੀ ਨਹੀਂ ਬਚ ਸਕਿਆ।

ਸਾਲ 2025 ਦੀ 4-5 ਜੁਲਾਈ ਦਰਮਿਆਨ ਉੱਥੇ ਆਏ ਫਲੈਸ਼ ਫਲੱਡ ਭਾਵ ਅਚਾਨਕ ਹੜ੍ਹਾਂ ਕਰਕੇ ਗੁਵਾੜਾਲੂਪ ਨਦੀ ਵਿੱਚ 45 ਮਿੰਟਾਂ ਅੰਦਰ 26 ਫੁੱਟ ਪਾਣੀ ਉੱਪਰ ਚੜ੍ਹ ਗਿਆ ਸੀ। ਇਸ ਨਾਲ 51 ਲੋਕਾਂ ਦੀ ਮੌਤ ਹੋ ਗਈ ਸੀ ਅਤੇ 27 ਲੋਕ ਲਾਪਤਾ ਹੋ ਗਏ ਸਨ। ਇਨ੍ਹਾਂ ਵਿੱਚ ਗੁਵਾੜਾਲੂਪ ਨਦੀ ਕੰਢੇ ਲਾਏ ਗਏ ਗਰਮੀਆਂ ਦੇ ਯੂਥ ਕੈਂਪ ਦੇ ਵਿਦਿਆਰਥੀ ਵੀ ਸ਼ਾਮਿਲ ਸਨ। ਸਾਲ 2025 ਵਿੱਚ 25 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ 1400 ਪਿੰਡਾਂ ਵਿੱਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਸੀ।

ਇਸ ਵਿੱਚ ਪੰਜਾਹ ਦੇ ਕਰੀਬ ਜਾਨਾਂ ਚਲੀਆਂ ਗਈਆਂ ਸਨ, ਕਰੀਬ ਦੋ ਲੱਖ ਏਕੜ ਜ਼ਮੀਨ ਉੱਤੇ ਖੜ੍ਹੀ ਫ਼ਸਲ ਨੁਕਸਾਨੀ ਗਈ ਸੀ ਅਤੇ ਹਜ਼ਾਰਾਂ ਦੀ ਗਿਣਤੀ ’ਚ ਮਾਲ ਡੰਗਰ ਦਾ ਨੁਕਸਾਨ ਹੋਇਆ ਸੀ। ਸਾਲ 2026 ਵਿੱਚ ਫਿਰ ਇਹੀ ਘਟਨਾਕ੍ਰਮ ਦੁਹਰਾਇਆ ਜਾ ਰਿਹਾ ਹੈ। ਇਸ ਸਾਲ 7 ਜੁਲਾਈ ਨੂੰ ਕੇਰਲਾ ’ਚ 8 ਲੋਕਾਂ, 13 ਜੁਲਾਈ ਨੂੰ ਅਰੁਣਾਚਲ ’ਚ 7 ਲੋਕਾਂ ਅਤੇ 19 ਜੁਲਾਈ ਨੂੰ ਜੰਮੂ ਦੇ ਰਾਜੌਰੀ ਤੇ ਪੁਣਛ ਵਿੱਚ 12 ਲੋਕਾਂ ਦੀ ਅਚਾਨਕ ਆਏ ਹੜ੍ਹਾਂ ਕਾਰਨ ਮੌਤ ਹੋਈ। ਉਕਤ ਹੜ੍ਹਾਂ ਲਈ ਵੀ ਅਚਾਨਕ ਬੱਦਲ ਫਟਣ ਨੂੰ ਹੀ ਜ਼ਿੰਮੇਵਾਰ ਦੱਸਿਆ ਗਿਆ ਹੈ।

ਮੌਸਮ ਵਿਗਿਆਨੀਆਂ ਵੱਲੋਂ ਮਨੁੱਖ ਦੁਆਰਾ ਵਾਤਾਵਰਨ ਨਾਲ ਕੀਤੀ ਗਈ ਛੇੜਛਾੜ ਨੂੰ ਅਜਿਹੇ ਸੰਕਟਕਾਲੀ ਹਾਲਾਤ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਉਨ੍ਹਾਂ ਅਨੁਸਾਰ ਮਨੁੱਖੀ ਕਿਰਿਆਵਾਂ ਨਾਲ ਹਵਾ ਦਾ ਵਧਿਆ ਹੋਇਆ ਤਾਪਮਾਨ ਸਾਡੇ ਚੌਗਿਰਦੇ ’ਚ ਗੜਬੜ ਪੈਦਾ ਕਰ ਰਿਹਾ ਹੈ। ਗਰਮ ਹਵਾਵਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਦੇ ਜਲਵਾਸ਼ਪਾਂ (ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ) ਨੂੰ ਆਪਣੇ ਵਿੱਚ ਸਮੋ ਕੇ ਰੱਖਦੀਆਂ ਹਨ, ਜਿਸ ਨਾਲ ਬੱਦਲ ਸੰਘਣੇ ਬਣ ਜਾਂਦੇ ਹਨ।

ਇਨ੍ਹਾਂ ਦੇ ਫਟਣ ਨਾਲ ਹੀ ਅਚਾਨਕ ਹੜ੍ਹ ਆਉਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਸਮੁੱਚੇ ਸੰਸਾਰ ਦੀ ਵਧ ਰਹੀ ਮਨੁੱਖੀ ਆਬਾਦੀ ਅਤੇ ਕੋਲਾ, ਪੈਟਰੋਲ ਤੇ ਡੀਜ਼ਲ ਦੀ ਲਗਾਤਾਰ ਹੋ ਰਹੀ ਵਰਤੋਂ, ਤੇਜ਼ੀ ਨਾਲ ਵਧ ਰਿਹਾ ਸ਼ਹਿਰੀਕਰਨ ਅਤੇ ਜੰਗਲਾਂ ਦੀ ਕਟਾਈ ਕਰਕੇ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਤੇਜ਼ੀ ਨਾਲ ਬਦਲ ਰਿਹਾ ਹੈ। ਧਰਤੀ ਦੇ ਔਸਤ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਮੌਨਸੂਨ ਦੇ ਦਿਨਾਂ ਵਿੱਚ ਸਮੁੱਚੇ ਏਸ਼ੀਆ ਖਿੱਤੇ ’ਚ ਬੱਦਲ ‘ਹਵਾਈ ਦਰਿਆਵਾਂ’ ਦਾ ਰੂਪ ਧਾਰਨ ਕਰ ਲੈਂਦੇ ਹਨ।

ਇਹ ਹਵਾਈ ਦਰਿਆ ਇਸ ਇਲਾਕੇ ਵਿੱਚ ਅਚਾਨਕ ਹੜ੍ਹਾਂ ਅਤੇ ਜ਼ਮੀਨ ਦੇ ਖਿਸਕਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਤਬਦੀਲੀਆਂ ਕਰਕੇ ਏਸ਼ੀਆ ਹੀ ਨਹੀਂ ਸਗੋਂ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਪਾਣੀ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਜਾਰੀ ਰਿਹਾ ਤਾਂ ਦੁਨੀਆ ਦੇ ਬਹੁਤ ਸਾਰੇ ਇਲਾਕਿਆਂ ’ਚ ਸੋਕੇ ਵਾਲੇ ਹਾਲਾਤ ਬਣ ਸਕਦੇ ਹਨ। ਇਸ ਦੀ ਇੱਕ ਤਾਜ਼ਾ ਉਦਾਹਰਣ ਦੱਖਣੀ ਬ੍ਰਾਜ਼ੀਲ ਹੈ। ਇਹ ਇਲਾਕਾ ਕਿਸੇ ਸਮੇਂ ਹਰਿਆ-ਭਰਿਆ ਹੁੰਦਾ ਸੀ। ਐਮਾਜ਼ੋਨ ਦੇ ਜੰਗਲਾਂ ਦੀ ਕਟਾਈ ਕਰਨ ਨਾਲ ਇਸ ਇਲਾਕੇ ਨੂੰ ਮੀਂਹ ਦਾ ਪਾਣੀ ਮਿਲਣਾ ਬੰਦ ਹੋ ਗਿਆ ਹੈ, ਜਿਸ ਕਰਕੇ ਦੱਖਣੀ ਬ੍ਰਾਜ਼ੀਲ ਇਲਾਕੇ ਵਿੱਚ ਸੋਕੇ ਵਰਗੇ ਹਾਲਾਤ ਬਣ ਗਏ ਹਨ।

ਉਂਜ, ਦੁਨੀਆ ਭਰ ’ਚ ਹਵਾਈ ਦਰਿਆ ਦੋ ਕਿਸਮ ਦੇ ਹੁੰਦੇ ਹਨ। ਇੱਕ ਉਹ ਜੋ ਮੀਂਹ ਵਰ੍ਹਾ ਕੇ ਇਲਾਕੇ ਦੇ ਲੋਕਾਂ ਲਈ ਰਾਹਤ ਦਾ ਕੰਮ ਕਰਦੇ ਹਨ ਅਤੇ ਦੂਜੇ ਉਹ ਜਿਹੜੇ ਬੱਦਲਾਂ ਦੇ ਫਟਣ ਨਾਲ ਸਬੰਧਿਤ ਇਲਾਕੇ ਵਿੱਚ ਹੜ੍ਹਾਂ ਤੇ ਜ਼ਮੀਨ ਖਿਸਕਣ ਵਰਗੇ ਵਿਨਾਸ਼ਕਾਰੀ ਪ੍ਰਭਾਵ ਛੱਡਦੇ ਹਨ। ਪਹਿਲੀ ਕਿਸਮ ਦੇ ਹਵਾਈ ਦਰਿਆ ਦੱਖਣੀ ਅਫਰੀਕਾ ਵਿੱਚ ਮਿਲਦੇ ਹਨ ਅਤੇ ਦੂਜੀ ਕਿਸਮ ਦੇ ਹਵਾਈ ਦਰਿਆ ਦੱਖਣੀ ਏਸ਼ੀਆ ਵਿੱਚ ਬਣਦੇ ਹਨ। ਦੱਖਣੀ ਅਫਰੀਕਾ ਦੇ ਹਵਾਈ ਦਰਿਆ ਐਮਾਜ਼ੋਨ ਦੇ ਜੰਗਲਾਂ ਤੋਂ ਬਣਦੇ ਹਨ ਜਦੋਂਕਿ ਦੱਖਣੀ ਏਸ਼ੀਆ ਦੇ ਹਵਾਈ ਦਰਿਆ ਮੌਨਸੂਨ ਪੌਣਾਂ ਤੋਂ ਬਣਦੇ ਹਨ। ਦੋਵਾਂ ਹਵਾਈ ਦਰਿਆਵਾਂ ’ਚ ਵੱਡਾ ਫ਼ਰਕ ਹੁੰਦਾ ਹੈ।

ਦੱਖਣੀ ਅਫਰੀਕਾ ਦੇ ਹਵਾਈ ਦਰਿਆ ਉੱਥੋਂ ਦੇ ਦੇਸ਼ਾਂ ਲਈ ਵਿਕਾਸ ਦੀ ਕਹਾਣੀ ਲਿਖਦੇ ਹਨ। ਇਹ ਉੱਥੋਂ ਦੀਆਂ ਜ਼ਮੀਨਾਂ ਦੀ ਸਿੰਜਾਈ ਕਰਦੇ ਹਨ, ਜੀਵਾਂ ਲਈ ਲੋੜੀਂਦੇ ਪਾਣੀ ਦੀ ਪੂਰਤੀ ਕਰਦੇ ਹਨ, ਜੰਗਲਾਂ ਨੂੰ ਬਚਾਉਣ ਦਾ ਕੰਮ ਕਰਦੇ ਹਨ, ਵਾਤਾਵਰਨ ਪ੍ਰਣਾਲੀ ਦੇ ਸੰਤੁਲਨ ਨੂੰ ਕਾਇਮ ਰੱਖਦੇ ਹਨ, ਵਾਤਾਵਰਨ ਦੇ ਤਾਪਮਾਨ ਨੂੰ ਸਥਿਰ ਰੱਖਦੇ ਹਨ ਅਤੇ ਸੋਕੇ ਵਾਲੇ ਇਲਾਕਿਆਂ ’ਚ ਜ਼ਮੀਨ ਨੂੰ ਤਰ ਕਰਦੇ ਹਨ ਜਦੋਂਕਿ ਦੱਖਣੀ ਏਸ਼ੀਆ ਖਿੱਤੇ ਦੇ ਹਵਾਈ ਦਰਿਆ ਵੀ ਲੋਕਾਂ ਦੀ ਪਾਣੀ ਦੀ ਪੂਰਤੀ ਕਰਦੇ ਹਨ, ਖੇਤਾਂ ਦੀ ਸਿੰਜਾਈ ਕਰਦੇ ਹਨ ਅਤੇ ਜ਼ਮੀਨ ਹੇਠਲੇ ਪਾਣੀ ਦੀ ਕਮੀ ਨੂੰ ਪੂਰਾ ਤਾਂ ਕਰਦੇ ਹਨ, ਪਰ ਇਸ ਦੇ ਨਾਲ ਹੀ ਇਨ੍ਹਾਂ ਬੱਦਲਾਂ ਦੁਆਰਾ ਵਿਨਾਸ਼ ਦੀਆਂ ਕੁਝ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ।

ਏਸ਼ੀਆ ਦੇ ਹਵਾਈ ਦਰਿਆ ਬੱਦਲਾਂ ਦੇ ਫਟਣ, ਵੱਡੇ ਪਹਾੜਾਂ ਦੇ ਟੁੱਟਣ ਤੇ ਜ਼ਮੀਨ ਖਿਸਕਣ ਦਾ ਕਾਰਨ ਬਣਦੇ ਹਨ ਅਤੇ ਭਾਰੀ ਜਾਨੀ-ਮਾਲੀ ਨੁਕਸਾਨ ਵੀ ਕਰਦੇ ਹਨ। ਇਨ੍ਹਾਂ ਦੋਵਾਂ ਦੇ ਅੰਤਰ ਦਾ ਕਾਰਨ ਇਹ ਹੈ ਕਿ ਦੱਖਣੀ ਅਫਰੀਕਾ ਦੇ ਹਵਾਈ ਦਰਿਆ ਕੁਦਰਤੀ ਤੌਰ ’ਤੇ ਐਮਾਜ਼ੋਨ ਦੇ ਜੰਗਲਾਂ ਦੇ ਰੁੱਖਾਂ ਤੋਂ ਪਾਣੀ ਦੇ ਵਾਸ਼ਪੀਕਰਨ ਕਾਰਨ ਬਣਦੇ ਹਨ, ਜੋ ਸਾਰਾ ਸਾਲ ਚੱਲਣ ਵਾਲੀ ਇੱਕ ਹੌਲੀ-ਹੌਲੀ ਅਤੇ ਇਕਸਾਰ ਹੋਣ ਵਾਲੀ ਕੁਦਰਤੀ ਪ੍ਰਕਿਰਿਆ ਹੈ ਜਦੋਂਕਿ ਏਸ਼ੀਆ ਦੇ ਹਵਾਈ ਦਰਿਆ ਮਨੁੱਖ ਦੁਆਰਾ ਕੁਦਰਤ ਨਾਲ ਕੀਤੀ ਗਈ ਛੇੜਛਾੜ ਦੇ ਸਿੱਟੇ ਵਜੋਂ ਉਪਜਦੇ ਹਨ ਅਤੇ ਸਮੁੰਦਰ ਤੇ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚਲੇ ਅੰਤਰ ਕਾਰਨ ਪੈਦਾ ਹੁੰਦੇ ਹਨ।

ਸੰਪਰਕ: 62842-20595

ਨੋਟ- ਇਹ ਲੇਖ ਪੰਜਾਬੀ ਟ੍ਰਿਬਿਊਨ ਵੈੱਬਸਾਈਟ ਤੋਂ ਧੰਨਵਾਦ ਸਹਿਤ ਲਿਆ ਗਿਆ ਹੈ।

 

Leave a Comment