Join WhatsApp

Join Now

Weather Update: ਪੰਜਾਬ ਦੇ 8 ਜ਼ਿਲ੍ਹਿਆਂ ’ਚ ਅੱਜ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ

On: ਸਤੰਬਰ 19, 2026 12:14 ਬਾਃ ਦੁਃ

 

Weather Update: ਪੰਜਾਬ ਦੇ 8 ਜ਼ਿਲ੍ਹਿਆਂ ’ਚ ਅੱਜ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ

ਮਾਨਸੂਨ ਦੀ ਵਾਪਸੀ ਦੀ ਤਿਆਰੀ: ਪੰਜਾਬ ‘ਚ ਚੱਲਣਗੀਆਂ ਪੱਛਮੀ ਹਵਾਵਾਂ, ਦਿਨ ਗਰਮ ਤੇ ਰਾਤਾਂ ਹੋਣਗੀਆਂ ਠੰਢੀਆਂ-, 20-21 ਸਤੰਬਰ ਤੋਂ ਮਾਨਸੂਨ ਦੀ ਅਲਵਿਦਾ ਸੰਭਵ

ਚੰਡੀਗੜ੍ਹ, 19 ਸਤੰਬਰ 2026:

ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ (IMD) ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਸੂਬੇ ਦੇ 8 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਰੂਪਨਗਰ ਵਿੱਚ ਅੱਜ ਮੀਂਹ ਦੀਆਂ ਛੜਾੜਾਂ ਪੈ ਸਕਦੀਆਂ ਹਨ।

ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਵਾਲਾ ਰਹੇਗਾ ਅਤੇ ਦਿਨ ਦੌਰਾਨ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਬਾਰਿਸ਼ ਦਾ ਆਖ਼ਰੀ ਦੌਰ ਮੰਨਿਆ ਜਾ ਰਿਹਾ ਹੈ, ਕਿਉਂਕਿ ਕੱਲ੍ਹ ਤੋਂ ਪੂਰੇ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਦੇ ਅਨੁਸਾਰ, ਖੇਤਰ ਵਿੱਚ ਹੁਣ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਇਹ ਗਰਮ ਅਤੇ ਖੁਸ਼ਕ ਹਵਾਵਾਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਦੇ ਸਮੀਕਰਨ ਨੂੰ ਬਦਲਣਗੀਆਂ। ਇਸ ਦੇ ਪ੍ਰਭਾਵ ਨਾਲ ਦਿਨ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ, ਜਦਕਿ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਢਕ ਵਧੇਗੀ ਯਾਨੀ ਤਾਪਮਾਨ ‘ਚ ਗਿਰਾਵਟ ਆਵੇਗੀ। ਇਸ ਬਦਲਾਅ ਕਾਰਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚਕਾਰ ਅੰਤਰ ਵਧ ਜਾਵੇਗਾ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਆਂਕੜਿਆਂ ਮੁਤਾਬਕ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਹੁਣ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਬੀਤੇ ਦਿਨ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ਚ 35.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਦੇ ਇਸ ਬਦਲਾਅ ਪਿੱਛੇ ਵਿਗਿਆਨਕ ਕਾਰਨਾਂ ਦਾ ਖੁਲਾਸਾ ਕਰਦਿਆਂ ਮੌਸਮ ਵਿਭਾਗ ਨੇ ਦੱਸਿਆ ਕਿ ਥਾਈਲੈਂਡ ਨੂੰ ਪਾਰ ਕਰਨ ਤੋਂ ਬਾਅਦ ਇੱਕ ਘੱਟ ਦਬਾਅ ਵਾਲਾ ਖੇਤਰ ਹੁਣ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਹੈ, ਜਿਸ ਨਾਲ ਜੁੜੀ ਟਰੱਫ ਓਡੀਸ਼ਾ ਤੱਕ ਫੈਲੀ ਹੋਈ ਹੈ। ਇਸ ਤੋਂ ਇਲਾਵਾ, ਗੁਆਂਢੀ ਰਾਜ ਰਾਜਸਥਾਨ ਦੇ ਉੱਪਰ ਇੱਕ ‘ਐਂਟੀ-ਸਾਈਕਲੋਨ’ (Anti-Cyclone) ਬਣਨ ਦੀ ਸੰਭਾਵਨਾ ਹੈ।

ਐਂਟੀ-ਸਾਈਕਲੋਨ ਸਿਸਟਮ ਕਾਰਨ ਹਵਾ ਘੜੀ ਦੀ ਦਿਸ਼ਾ (Clockwise) ਵਿੱਚ ਘੁੰਮਦੀ ਹੈ ਅਤੇ ਹੇਠਾਂ ਵੱਲ ਆਉਂਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸ ਪ੍ਰਕਿਰਿਆ ਨੂੰ ‘ਸਬਸਾਈਡੈਂਸ’ (Subsidence) ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਕਾਰਨ ਅਸਮਾਨ ਵਿੱਚ ਬੱਦਲ ਬਣਨ ਦੀ ਸਮਰੱਥਾ ਘਟ ਜਾਂਦੀ ਹੈ ਅਤੇ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਪ੍ਰਭਾਵ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬੱਦਲ ਛੱਟ ਜਾਣਗੇ ਅਤੇ ਧੁੱਪ ਖਿੜੇਗੀ।

ਦਿਨ-ਬ-ਦਿਨ ਬਦਲ ਰਹੇ ਹਾਲਾਤਾਂ ਤੋਂ ਸਪੱਸ਼ਟ ਹੈ ਕਿ ਮਾਨਸੂਨ ਹੁਣ ਅਲਵਿਦਾ ਕਹਿਣ ਦੀ ਤਿਆਰੀ ਵਿੱਚ ਹੈ। ਮਾਨਸੂਨ ਦੀ ਵਾਪਸੀ ਸਭ ਤੋਂ ਪਹਿਲਾਂ ਪੱਛਮੀ ਰਾਜਸਥਾਨ ਤੋਂ ਸ਼ੁਰੂ ਹੋਵੇਗੀ, ਜਿਸ ਦੇ ਨਾਲ ਹੀ ਪੰਜਾਬ ਵਿੱਚ ਵੀ ਮੌਸਮ ਪੂਰੀ ਤਰ੍ਹਾਂ ਸੁੱਕਾ (ਖੁਸ਼ਕ) ਹੋ ਜਾਵੇਗਾ। ਜੇਕਰ ਸਰਕਾਰੀ ਐਲਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਅਜੇ ਤੱਕ ਪੰਜਾਬ ਤੋਂ ਮਾਨਸੂਨ ਦੀ ਵਾਪਸੀ ਦੀ ਅਧਿਕਾਰਤ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਪਰ ਮੌਜੂਦਾ ਮੌਸਮੀ ਸਥਿਤੀਆਂ ਅਤੇ ਬਾਰਿਸ਼ ਦੇ ਘਟਦੇ ਪ੍ਰਭਾਵ ਨੂੰ ਦੇਖਦੇ ਹੋਏ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 20 ਜਾਂ 21 ਸਤੰਬਰ ਤੋਂ ਮਾਨਸੂਨ ਦੀ ਵਾਪਸੀ ਦੀ ਪ੍ਰਕਿਰਿਆ ਰਸਮੀ ਤੌਰ ‘ਤੇ ਸ਼ੁਰੂ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2025 ਵਿੱਚ ਪੰਜਾਬ ਤੋਂ ਮਾਨਸੂਨ ਦੀ ਪੂਰੀ ਵਾਪਸੀ 24 ਸਤੰਬਰ ਨੂੰ ਦਰਜ ਕੀਤੀ ਗਈ ਸੀ।

 

Leave a Comment