Join WhatsApp

Join Now

Big Breaking: ਜੁਮੇ ਦੀ ਨਮਾਜ਼ ਦੌਰਾਨ ਆਤਮਘਾਤੀ ਹਮਲਾ! 16 ਲੋਕਾਂ ਦੀ ਮੌਤ- 50 ਤੋਂ ਵੱਧ ਜ਼ਖ਼ਮੀ!

On: ਸਤੰਬਰ 18, 2026 7:04 ਬਾਃ ਦੁਃ

 

Big Breaking: ਜੁਮੇ ਦੀ ਨਮਾਜ਼ ਦੌਰਾਨ ਆਤਮਘਾਤੀ ਹਮਲਾ! 5 ਪੁਲੀਸ ਮੁਲਾਜ਼ਮਾਂ ਸਮੇਤ 16 ਲੋਕਾਂ ਦੀ ਗਈ ਜਾਨ- 50 ਤੋਂ ਵੱਧ ਜ਼ਖ਼ਮੀ! 

ਨਮਾਜ਼ੀਆਂ ਨੂੰ ਬਣਾਇਆ ਗਿਆ ਨਿਸ਼ਾਨਾ, ਹਸਪਤਾਲਾਂ ‘ਚ ਐਮਰਜੈਂਸੀ ਲਾਗੂ- ਪੁਲੀਸ ਲਾਈਨ ਨੇੜੇ ਮਸਜਿਦ ‘ਚ ਆਤਮਘਾਤੀ ਧਮਾਕਾ

ਕੋਹਾਟ / ਪੇਸ਼ਾਵਰ, 18 ਸਤੰਬਰ 2026- ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖ਼ਤੂਨਖ਼ਵਾ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਭਿਆਨਕ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਕੋਹਾਟ ਵਿੱਚ ਪੁਲੀਸ ਲਾਈਨ ਦੇ ਬਿਲਕੁਲ ਨੇੜੇ ਸਥਿਤ ਇੱਕ ਮਸਜਿਦ ਵਿੱਚ ਸ਼ੁੱਕਰਵਾਰ (ਜੁਮੇ) ਦੀ ਨਮਾਜ਼ ਦੌਰਾਨ ਇੱਕ ਜ਼ਬਰਦਸਤ ਆਤਮਘਾਤੀ ਧਮਾਕਾ ਹੋਇਆ। ਇਸ ਦਹਿਸ਼ਤਗਰਦ ਹਮਲੇ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਧਮਾਕਾ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ਤੋਂ ਲਗਪਗ 60 ਕਿਲੋਮੀਟਰ ਦੱਖਣ-ਪੱਛਮ ਵੱਲ ਸਥਿਤ ਕੋਹਾਟ ਜ਼ਿਲ੍ਹੇ ਦੀ ਪੁਰਾਣੀ ਪੁਲੀਸ ਲਾਈਨ ਦੇ ਨੇੜੇ ਬਣੀ ਮਸਜਿਦ ਵਿੱਚ ਹੋਇਆ। ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਮਸਜਿਦ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਜੁਮੇ ਦੀ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ। ਆਤਮਘਾਤੀ ਹਮਲਾਵਰ ਨੇ ਨਮਾਜ਼ੀਆਂ ਦੀ ਭੀੜ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਆਪ ਨੂੰ ਧਮਾਕੇ ਨਾਲ ਉਡਾ ਲਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਅਤੇ ਮਸਜਿਦ ਦੀ ਇਮਾਰਤ ਦੇ ਬਾਹਰ ਇੱਕ ਵੱਡਾ ਟੋਆ ਪੈ ਗਿਆ।

ਸੂਬਾਈ ਪੁਲੀਸ ਮੁਖੀ ਜ਼ੁਲਫਿਕਾਰ ਹਮੀਦ ਨੇ ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਤਮਘਾਤੀ ਧਮਾਕੇ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਮਾਰੇ ਗਏ ਲੋਕਾਂ ਵਿੱਚ 5 ਪੁਲੀਸ ਮੁਲਾਜ਼ਮ ਅਤੇ 11 ਆਮ ਨਾਗਰਿਕ ਸ਼ਾਮਲ ਹਨ। ਦੂਜੇ ਪਾਸੇ, ‘ਜੀਓ ਨਿਊਜ਼’ ਨੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਦੇ ਐੱਮ ਐਸ ਤਾਹਿਰ ਅਲੀ ਸ਼ਾਹ ਦੇ ਹਵਾਲੇ ਨਾਲ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਹਸਪਤਾਲ ਵਿੱਚ 15 ਲਾਸ਼ਾਂ ਲਿਆਂਦੀਆਂ ਗਈਆਂ ਸਨ, ਜਦਕਿ 50 ਤੋਂ ਵੱਧ ਜ਼ਖ਼ਮੀਆਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਪੁਲੀਸ ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ਵਿੱਚੋਂ ਜ਼ਿਆਦਾਤਰ ਨਮਾਜ਼ੀ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਵਿੱਚ ਹੜਕੰਪ ਮਚ ਗਿਆ। ‘ਰੈਸਕਿਊ 1122 ਖ਼ੈਬਰ ਪਖ਼ਤੂਨਖ਼ਵਾ’ ਦੇ ਬੁਲਾਰੇ ਬਿਲਾਲ ਅਹਿਮਦ ਫ਼ੈਜ਼ੀ ਨੇ ਦੱਸਿਆ ਕਿ ਇਤਲਾਹ ਮਿਲਦੇ ਹੀ ਬਚਾਅ ਟੀਮਾਂ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈਆਂ। ਟੀਮਾਂ ਨੇ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਮਲਬੇ ਹੇਠੋਂ ਲੋਕਾਂ ਨੂੰ ਕੱਢ ਕੇ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਕਈ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾ ਰਿਹਾ ਹੈ। ਬਚਾਅ ਟੀਮਾਂ ਅਤੇ ਲਾਅ ਇਨਫੋਰਸਮੈਂਟ ਏਜੰਸੀਆਂ ਘਟਨਾ ਸਥਾਨ ‘ਤੇ ਮੌਜੂਦ ਹਨ, ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਥਿਤੀ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ ਜਾ ਰਹਾ ਹੈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Leave a Comment