Join WhatsApp

Join Now

‘ਪੰਜਾਬ ਬਚਾਓ’ ਮੁਹਿੰਮ! ਸੁਖਬੀਰ ਬਾਦਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

On: ਸਤੰਬਰ 19, 2026 12:21 ਬਾਃ ਦੁਃ

 

‘ਪੰਜਾਬ ਬਚਾਓ’ ਮੁਹਿੰਮ! ਸੁਖਬੀਰ ਬਾਦਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

ਸੁਖਬੀਰ ਬਾਦਲ ਵੱਲੋਂ ਨੌਜਵਾਨਾਂ ਲਈ 10 ਲੱਖ ਦਾ ਬਿਨਾ ਵਿਆਜ ਕਰਜ਼ਾ, ਸ਼ਗਨ ਸਕੀਮ 1 ਲੱਖ ਤੇ ਪੈਨਸ਼ਨ 3,100 ਰੁਪਏ ਕਰਨ ਦਾ ਵਾਅਦਾ

ਜਲਾਲਾਬਾਦ / ਫਾਜ਼ਿਲਕਾ, 19 ਸਤੰਬਰ 2026- ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ‘ਪੰਜਾਬ ਬਚਾਓ’ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜਲਾਲਾਬਾਦ ਦੀ ਦਾਣਾ ਮੰਡੀ ਵਿਖੇ ਇੱਕ ਬਹੁਤ ਹੀ ਵਿਸ਼ਾਲ ਅਤੇ ਰਿਕਾਰਡਤੋੜ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਨੇ ਜਲਾਲਾਬਾਦ ਸਮੇਤ ਪੂਰੇ ਸਰਹੱਦੀ ਖੇਤਰ ਦੇ ਸਰਵਪੱਖੀ ਵਿਕਾਸ ਲਈ ਕਈ ਇਤਿਹਾਸਕ ਅਤੇ ਅਹਿਮ ਐਲਾਨ ਕੀਤੇ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਜਲਾਲਾਬਾਦ ਵਿਖੇ ਇੱਕ ਆਧੁਨਿਕ ਵੱਡਾ ਮੈਡੀਕਲ ਕਾਲਜ ਅਤੇ ਇੱਕ ਵੈਟਰਨਰੀ (ਪਸ਼ੂ ਪਾਲਣ) ਕਾਲਜ ਸਥਾਪਤ ਕੀਤਾ ਜਾਵੇਗਾ। ਇਸ ਕਦਮ ਨਾਲ ਨਾ ਕੇਵਲ ਇਲਾਕੇ ਦੇ ਨੌਜਵਾਨਾਂ ਲਈ ਮੈਡੀਕਲ ਅਤੇ ਪਸ਼ੂ-ਪਾਲਣ ਦੇ ਖੇਤਰ ਵਿੱਚ ਉੱਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ, ਬਲਕਿ ਸਿਹਤ ਸੇਵਾਵਾਂ ਵਿੱਚ ਵੀ ਵੱਡਾ ਸੁਧਾਰ ਆਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਜਲਾਲਾਬਾਦ ਵਰਗਾ ਸਰਹੱਦੀ ਖੇਤਰ ਲੰਮੇ ਸਮੇਂ ਤੋਂ ਵਿਸ਼ੇਸ਼ ਧਿਆਨ ਦੀ ਮੰਗ ਕਰ ਰਿਹਾ ਹੈ। ਅਕਾਲੀ ਦਲ ਦੀ ਹਮੇਸ਼ਾ ਇਹ ਤਰਜੀਹ ਰਹੀ ਹੈ ਕਿ ਸਰਹੱਦੀ ਇਲਾਕਿਆਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇ। ਮੈਡੀਕਲ ਕਾਲਜ ਬਣਨ ਨਾਲ ਜਿੱਥੇ ਸਥਾਨਕ ਪੱਧਰ ‘ਤੇ ਮਾਹਿਰ ਡਾਕਟਰ ਤਿਆਰ ਹੋਣਗੇ ਅਤੇ ਆਮ ਲੋਕਾਂ ਨੂੰ ਚੰਗੀਆਂ ਇਲਾਜ ਸਹੂਲਤਾਂ ਮਿਲਣਗੀਆਂ, ਉੱਥੇ ਹੀ ਵੈਟਰਨਰੀ ਕਾਲਜ ਦੀ ਸਥਾਪਨਾ ਨਾਲ ਕਿਸਾਨਾਂ, ਡੇਅਰੀ ਕਾਰੋਬਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਆਧੁਨਿਕ ਤਕਨੀਕੀ ਗਿਆਨ ਅਤੇ ਮਾਹਿਰਾਂ ਦੀਆਂ ਸੇਵਾਵਾਂ ਦਾ ਸਿੱਧਾ ਲਾਭ ਮਿਲੇਗਾ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਸਿਹਤ ਪ੍ਰਣਾਲੀ ਦੇ ਨਾਲ-ਨਾਲ ਖੇਤੀਬਾੜੀ ਅਤੇ ਡੇਅਰੀ ਖੇਤਰ ਨੂੰ ਮਜ਼ਬੂਤ ਕਰਨਾ ਪੰਜਾਬ ਦੀ ਆਰਥਿਕਤਾ ਲਈ ਬਹੁਤ ਜ਼ਰੂਰੀ ਹੈ। ਸਮਾਜਿਕ ਭਲਾਈ ਅਤੇ ਨੌਜਵਾਨਾਂ ਦੇ ਭਵਿੱਖ ਬਾਰੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਆਉਂਦਿਆਂ ਹੀ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਕਰਨ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਬਿਨਾ ਵਿਆਜ (ਇੰਟਰਸਟ-ਫ੍ਰੀ) ਕਰਜ਼ਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਔਰਤਾਂ ਅਤੇ ਬਜ਼ੁਰਗਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਲੜਕੀਆਂ ਦੇ ਵਿਆਹ ਲਈ ਦਿੱਤੀ ਜਾਣ ਵਾਲੀ ‘ਸ਼ਗਨ ਸਕੀਮ’ ਦੀ ਰਕਮ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ, ਜਦਕਿ ਬਜ਼ੁਰਗਾਂ ਦੀ ਮਹੀਨਾਵਾਰ ਬੁਢਾਪਾ ਪੈਨਸ਼ਨ ਵਧਾ ਕੇ 3,100 ਰੁਪਏ ਕੀਤੀ ਜਾਵੇਗੀ। ਉਨ੍ਹਾਂ ਆਟਾ-ਦਾਲ ਸਕੀਮ ਦਾ ਜ਼ਿਕਰ ਕਰਦਿਆਂ ਭਰੋਸਾ ਦਿਵਾਇਆ ਕਿ ਮੌਜੂਦਾ ਸਰਕਾਰ ਵੱਲੋਂ ਰੱਦ ਕੀਤੇ ਗਏ ਸਾਰੇ ਨੀਲੇ ਕਾਰਡਾਂ ਨੂੰ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਬਹਾਲ ਕੀਤਾ ਜਾਵੇਗਾ ਤਾਂ ਜੋ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ।

ਕਿਸਾਨੀ ਅਤੇ ਬਿਜਲੀ ਮੁੱਦਿਆਂ ‘ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਉਨ੍ਹਾਂ ਸਮੂਹ ਕਿਸਾਨਾਂ ਨੂੰ ਪਹਿਲ ਦੇ ਅਧਾਰ ‘ਤੇ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ ਜੋ ਹੁਣ ਤੱਕ ਇਸ ਸਹੂਲਤ ਤੋਂ ਵਾਂਝੇ ਹਨ। ਉਨ੍ਹਾਂ ਸੂਬੇ ਵਿੱਚ ਪੈਦਾ ਹੋਏ ਬਿਜਲੀ ਸੰਕਟ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਕਿਸਾਨ, ਘਰੇਲੂ ਖਪਤਕਾਰ ਅਤੇ ਉਦਯੋਗਪਤੀ ਸਾਰੇ ਹੀ ਮਾੜੀ ਬਿਜਲੀ ਵਿਵਸਥਾ ਕਾਰਨ ਪ੍ਰੇਸ਼ਾਨ ਹਨ।

ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ‘ਆਪ’ ਨੂੰ ਸੱਤਾ ਸੌਂਪੀ ਸੀ, ਪਰ ਇਹ ਸਰਕਾਰ ਹਰ ਮੋਰਚੇ ‘ਤੇ ਫਲਾਪ ਸਾਬਤ ਹੋਈ ਹੈ। ਸੂਬੇ ਵਿੱਚ ਨਸ਼ਿਆਂ ਦਾ ਬੋਲਬਾਲਾ ਹੈ, ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਅਤੇ ਬੇਰੁਜ਼ਗਾਰੀ ਨਾਲ ਨੌਜਵਾਨ ਨਿਰਾਸ਼ ਹਨ। ਸਰਕਾਰ ਮਸਲਿਆਂ ਦਾ ਪੱਕਾ ਹੱਲ ਲੱਭਣ ਦੀ ਬਜਾਏ ਮਹਿਜ਼ ਬਿਆਨਬਾਜ਼ੀ ਅਤੇ ਪ੍ਰਚਾਰ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀ ਸਿਆਸਤ ਪੰਜਾਬ ਦਾ ਭਲਾ ਨਹੀਂ ਕਰ ਸਕਦੀ; ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਹਿੱਤਾਂ ਨੂੰ ਸਮਰਪਿਤ ਖੇਤਰੀ ਸੋਚ ਅਤੇ ਅਕਾਲੀ ਦਲ ਵਰਗੀ ਮਜ਼ਬੂਤ ਪਾਰਟੀ ਦੀ ਹੀ ਲੋੜ ਹੈ।

 

Leave a Comment