SIR ਦਾ ਮਤਲਬ ਵੋਟ ਚੋਰੀ? ਅਮਿਤ ਸ਼ਾਹ ਵਿਰੋਧੀਆਂ ਦੇ ਨਿਸ਼ਾਨੇ ‘ਤੇ..!
ਚੋਣ ਕਮਿਸ਼ਨ ਦੀ ‘SIR’ ਪ੍ਰਕਿਰਿਆ ‘ਤੇ ਕਾਂਗਰਸ ਦਾ ਅਮਿਤ ਸ਼ਾਹ ‘ਤੇ ਤਿੱਖਾ ਹਮਲਾ, ਵੋਟਰ ਸੂਚੀਆਂ ‘ਚੋਂ ਨਾਂ ਹਟਾਉਣ ਨੂੰ ਦੱਸਿਆ ‘ਸੰਵਿਧਾਨ ‘ਤੇ ਹਮਲਾ’
ਨਵੀਂ ਦਿੱਲੀ 20 ਸਤੰਬਰ 2026
ਕਾਂਗਰਸ ਪਾਰਟੀ ਨੇ ਐਤਵਾਰ ਨੂੰ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਏ ਜਾ ਰਹੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ – SIR ਦੀ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਇਸ ਪ੍ਰਕਿਰਿਆ ਦਾ ਅਸਲ ਮਨੋਰਥ ਆਮ ਵੋਟਰਾਂ ਦੇ ਅਧਿਕਾਰ ਖੋਹਣਾ ਅਤੇ ਵੋਟਰ ਸੂਚੀ ‘ਚੋਂ ਬਿਨਾਂ ਵਜ੍ਹਾ ਨਾਂ ਖਾਰਜ ਕਰਨਾ ਹੈ।
ਕਾਂਗਰਸ ਨੇ ‘SIR’ ਸ਼ਬਦ ਦਾ ਤਨਜ਼ੀਆ ਅਰਥ ਕੱਢਦਿਆਂ ਇਸ ਨੂੰ “ਸ਼ਾਹ ਦੇ ਇਸ਼ਾਰੇ ‘ਤੇ ਵੋਟਰਾਂ ਨੂੰ ਹਟਾਉਣਾ” (Shah Instigated Removal) ਗਰਦਾਨਿਆ। ਪਾਰਟੀ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਦੇ ਨਾਂ ‘ਤੇ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਲੋਕਤੰਤਰੀ ਪ੍ਰਕਿਰਿਆ ਨੂੰ ਢਾਹ ਲਾਈ ਜਾ ਰਹੀ ਹੈ। ਲੱਖਾਂ ਜਾਇਜ਼ ਵੋਟਰਾਂ ਦੇ ਨਾਂ ਬਿਨਾਂ ਕਿਸੇ ਠੋਸ ਕਾਰਨ ਜਾਂ ਪੁਸ਼ਟੀ ਦੇ ਵੋਟਰ ਸੂਚੀਆਂ ਵਿੱਚੋਂ ਖਾਰਜ ਕੀਤੇ ਜਾ ਰਹੇ ਹਨ, ਜੋ ਕਿ ਸਿੱਧੇ ਤੌਰ ‘ਤੇ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦੀਆਂ ਮੂਲ ਭਾਵਨਾਵਾਂ ‘ਤੇ ਸਿੱਧਾ ਹਮਲਾ ਹੈ।
ਕਾਂਗਰਸ ਨੇ ਆਖਿਆ ਕਿ ਚੋਣ ਕਮਿਸ਼ਨ ਵਰਗੀ ਸੰਵਿਧਾਨਕ ਸੰਸਥਾ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ, ਪਰ ਮੌਜੂਦਾ ਹਾਲਾਤ ਇਹ ਦਰਸਾਉਂਦੇ ਹਨ ਕਿ ਸੱਤਾਧਾਰੀ ਧਿਰ ਆਪਣੇ ਸਿਆਸੀ ਹਿੱਤ ਪੂਰੇ ਕਰਨ ਲਈ ਸੰਵਿਧਾਨਕ ਢਾਂਚੇ ਦੀ ਦੁਰਵਰਤੋਂ ਕਰ ਰਹੀ ਹੈ। ਵੋਟਰਾਂ ਦੇ ਨਾਂ ਵੱਡੇ ਪੱਧਰ ‘ਤੇ ਕੱਟੇ ਜਾਣ ਨਾਲ ਨਾ ਕੇਵਲ ਨਾਗਰਿਕਾਂ ਦੇ ਵੋਟ ਪਾਉਣ ਦੇ ਬੁਨਿਆਦੀ ਹੱਕ ‘ਤੇ ਡਾਕਾ ਵੱਜ ਰਿਹਾ ਹੈ, ਸਗੋਂ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਅਤੇ ਪਾਰਦਰਸ਼ਤਾ ‘ਤੇ ਵੀ ਡੂੰਘੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।
ਪਾਰਟੀ ਨੇ ਚੋਣ ਕਮਿਸ਼ਨ ਨੂੰ ਤੁਰੰਤ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣ ਅਤੇ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦੀ ਮੰਗ ਕੀਤੀ ਹੈ। ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਵੋਟਰਾਂ ਦੇ ਅਧਿਕਾਰਾਂ ਨਾਲ ਖਿਲਵਾੜ ਕਰਨਾ ਬੰਦ ਨਾ ਕੀਤਾ ਗਿਆ, ਤਾਂ ਕਾਂਗਰਸ ਇਸ ਧੱਕੇਸ਼ਾਹੀ ਵਿਰੁੱਧ ਸੜਕਾਂ ਤੋਂ ਲੈ ਕੇ ਅਦਾਲਤ ਤੱਕ ਪੂਰੀ ਤਾਕਤ ਨਾਲ ਆਵਾਜ਼ ਬੁਲੰਦ ਕਰੇਗੀ ਅਤੇ ਜਨਤਾ ਦੇ ਲੋਕਤੰਤਰੀ ਹੱਕਾਂ ਦੀ ਰਾਖੀ ਲਈ ਵਚਨਬੱਧ ਰਹੇਗੀ।
















