Join WhatsApp

Join Now

ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਲਾਕੇ ‘ਚ ਫੈਲੀ ਦਹਿਸ਼ਤ

On: ਸਤੰਬਰ 24, 2026 4:07 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ਚ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਲਾਕੇ ‘ਚ ਫੈਲੀ ਦਹਿਸ਼ਤ

ਫਿਰੋਜ਼ਪੁਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਿੱਛੋਂ ਸੁਰੱਖਿਆ ਅਲਰਟ; ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ, ਸਾਰੇ ਵਿਦਿਆਰਥੀ ਸੁਰੱਖਿਅਤ

ਪੰਜਾਬ ਨੈੱਟਵਰਕ

ਫਿਰੋਜ਼ਪੁਰ, 24 ਸਤੰਬਰ 2026- ਫਿਰੋਜ਼ਪੁਰ ਦੇ ਸਦਰ ਥਾਣੇ ਦੇ ਘੇਰੇ ਵਿੱਚ ਆਉਂਦੇ ‘ਸਕੂਲ ਆਫ਼ ਐਮੀਨੈਂਸ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸੰਤ ਫਰੀਦ ਸਕੂਲ ਨੂੰ ਵੀਰਵਾਰ ਸਵੇਰੇ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਧਮਕੀ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਪੁਲਿਸ ਟੀਮਾਂ ਨੇ ਸਕੂਲ ਪਰਿਸਰ ਨੂੰ ਘੇਰੇ ਵਿੱਚ ਲੈ ਕੇ ਬਾਰੀਕੀ ਨਾਲ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ।

ਸਕੂਲ ਦੇ ਪ੍ਰਿੰਸੀਪਲ ਨੇ ਪੰਜਾਬ ਨੈੱਟਵਰਕ ਨੂੰ ਦੱਸਿਆ ਕਿ ਸਵੇਰੇ ਲਗਭਗ 10 ਵਜੇ ਸਕੂਲ ਦੀ ਸਰਕਾਰੀ ਈਮੇਲ ਆਈਡੀ ‘ਤੇ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਇਸ ਈਮੇਲ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸ ਖ਼ਬਰ ਕਾਰਨ ਕੁਝ ਸਮੇਂ ਲਈ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਸਕੂਲ ਪ੍ਰਬੰਧਕਾਂ ਅਤੇ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਥਿਤੀ ਨੂੰ ਤੁਰੰਤ ਕੰਟਰੋਲ ਵਿੱਚ ਕਰ ਲਿਆ।

ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤੇ ਅਤੇ ਹੋਰ ਵਿਸ਼ੇਸ਼ ਪੁਲਿਸ ਟੀਮਾਂ ਸਮੇਤ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸੁਰੱਖਿਆ ਦੇ ਲਿਹਾਜ਼ ਨਾਲ ਪੂਰੇ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਅਤੇ ਕਲਾਸਰੂਮਾਂ ਦੇ ਨਾਲ-ਨਾਲ ਸਕੂਲ ਦੇ ਕੋਨੇ-ਕੋਨੇ ਦੀ ਚੈਕਿੰਗ ਕੀਤੀ ਗਈ। ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਤੌਰ ‘ਤੇ ਸਕੂਲ ਦੇ ਖੁੱਲ੍ਹੇ ਮੈਦਾਨ ਵਿੱਚ ਲਿਆਂਦਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚਿਆ ਜਾ ਸਕੇ।

ਡੀ.ਐੱਸ.ਪੀ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੰਬ ਨਿਰੋਧਕ ਟੀਮਾਂ ਅਤੇ ਵਿਸ਼ੇਸ਼ ਪੁਲਿਸ ਬਲ ਨੂੰ ਤੁਰੰਤ ਤਾਇਨਾਤ ਕਰ ਦਿੱਤਾ ਗਿਆ ਸੀ ਅਤੇ ਸਕੂਲ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸੇ ਦੌਰਾਨ ਐੱਸ.ਪੀ. ਦਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ (ਲੜਕੇ ਅਤੇ ਲੜਕੀਆਂ) ਨਾਲ ਸਬੰਧਤ ਧਮਕੀ ਪੱਤਰ ਮਿਲਣ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਬਿਨਾਂ ਕੋਈ ਦੇਰੀ ਕੀਤੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਆਖਿਆ ਕਿ ਬੱਚਿਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸੁਰੱਖਿਆ ਕਦਮ ਚੁੱਕੇ ਜਾ ਰਹੇ ਹਨ ਅਤੇ ਸਕੂਲ ਦੇ ਆਸ-ਪਾਸ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਯਕੀਨ ਨਾ ਕਰਨ ਅਤੇ ਨਾ ਹੀ ਘਬਰਾਉਣ।

ਜ਼ਿਕਰਯੋਗ ਹੈ ਕਿ ਇਹ ਘਟਨਾ ਫਿਰੋਜ਼ਪੁਰ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਈਮੇਲ ਰਾਹੀਂ ਮਿਲ ਰਹੀਆਂ ਲਗਾਤਾਰ ਬੰਬ ਧਮਕੀਆਂ ਦੇ ਪਿਛੋਕੜ ਵਿੱਚ ਸਾਹਮਣੇ ਆਈ ਹੈ। ਜ਼ਿਲ੍ਹਾ ਅਦਾਲਤ ਨੂੰ 12 ਸਤੰਬਰ ਨੂੰ ਪਿਛਲੇ ਨੌਂ ਮਹੀਨਿਆਂ ਵਿੱਚ ਪੰਜਵੀਂ ਵਾਰ ਅਜਿਹੀ ਈਮੇਲ ਧਮਕੀ ਮਿਲੀ ਸੀ। ਇਸ ਤੋਂ ਪਹਿਲਾਂ 8 ਜਨਵਰੀ, 6 ਅਪ੍ਰੈਲ, 12 ਅਗਸਤ ਅਤੇ 26 ਅਗਸਤ ਨੂੰ ਵੀ ਅਦਾਲਤ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। 12 ਸਤੰਬਰ ਨੂੰ ਵੀ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾ ਕੇ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਤਲਾਸ਼ੀ ਲਈ ਗਈ ਸੀ, ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਸੀ।

ਸਰਕਾਰੀ ਸਕੂਲਾਂ ਨੂੰ ਮਿਲੀ ਇਸ ਤਾਜ਼ਾ ਧਮਕੀ ਨੇ ਫਿਰੋਜ਼ਪੁਰ ਦੇ ਜਨਤਕ ਅਦਾਰਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀਆਂ ਲਗਾਤਾਰ ਹੋ ਰਹੀਆਂ ਕੋਸ਼ਿਸ਼ਾਂ ਪ੍ਰਤੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਪਹਿਲਾਂ ਮਿਲੀਆਂ ਅਜਿਹੀਆਂ ਜ਼ਿਆਦਾਤਰ ਈਮੇਲਾਂ ਝੂਠੀਆਂ ਸਾਬਤ ਹੋਈਆਂ ਹਨ, ਪਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਖ਼ਤਰਾ ਨਹੀਂ ਲਿਆ ਜਾ ਰਿਹਾ। ਸਾਈਬਰ ਸੈੱਲ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਦੀ ਆਈ.ਪੀ. ਐਡਰੈੱਸ ਅਤੇ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਹਾ ਹੈ ਅਤੇ ਵੈਰੀਫਿਕੇਸ਼ਨ ਤੋਂ ਬਾਅਦ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

More

ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕਾਡਰ ‘ਚ ਪ੍ਰਮੋਸ਼ਨ ਕੋਟੇ ਦੇ ਵਾਧੇ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰਨ ਦੀ ਮੰਗ

ਵੱਡੀ ਖ਼ਬਰ: ਅਧਿਆਪਕ ਪੈਟਰੋਲ ਦੀਆਂ ਬੋਤਲਾਂ ਅਤੇ ਜ਼ਹਿਰ ਲੈ ਕੇ ਟੈਂਕੀ ‘ਤੇ ਡਟੇ! ਮਾਨ ਸਰਕਾਰ ਵਿਰੁੱਧ ਜੰਮ ਕੇ ਕੀਤੀ ਨਾਅਰੇਬਾਜ਼ੀ

ED ਅਤੇ CBI ਦੀਆਂ ਰੇਡਾਂ ‘ਚ 95% ਨਿਸ਼ਾਨੇ ‘ਤੇ ਵਿਰੋਧੀ ਲੀਡਰ! ਭਾਜਪਾ ‘ਚ ਸ਼ਾਮਲ ਹੁੰਦੇ ਹੀ ਕੇਸ ਠੰਡੇ ਬਸਤੇ ‘ਚ? ਜਾਣੋ ਕੀ ਕਹਿੰਦੇ ਹਨ ਅੰਕੜੇ

“ਅਸੀਂ ਡਰਨ ਵਾਲੇ ਨਹੀਂ”! ਭਤੀਜੇ ਦੇ ਘਰ ED ਦੀ ਛਾਪੇਮਾਰੀ ਮਗਰੋਂ ਬੋਲੇ ਮੰਤਰੀ ਹਰਦੀਪ ਮੁੰਡੀਆਂ, ਕੇਂਦਰ ‘ਤੇ ਲਾਏ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼, ਬਿੱਟੂ ਨੂੰ ਵੀ ਦਿੱਤਾ ਠੋਕਵਾਂ ਜਵਾਬ

Breaking: ਗਮਾਡਾ ਦਫ਼ਤਰ ਦੇ ਬਾਹਰ ਹੰਗਾਮਾ ਜਾਰੀ! ED ਦੀਆਂ ਗੱਡੀਆਂ ਦੇ ਟਾਈਰਾਂ ਦੀ AAP ਵਰਕਰਾਂ ਨੇ ਕੱਢੀ ਹਵਾ- ਸ਼ੀਸ਼ੇ ਵੀ ਤੋੜੇ

ਵੱਡੀ ਖ਼ਬਰ: ਗਮਾਡਾ ਦਫ਼ਤਰ ਬਾਹਰ AAP ਵਰਕਰਾਂ ਨੇ ਹੰਗਾਮਾ ਕਰਦਿਆਂ ਕੀਤੀ ਪੱਥਰਬਾਜ਼ੀ; ਪੁਲਿਸ ਨੇ ਲਾਠੀਚਾਰਜ ਕਰਕੇ ਕਈ ਆਗੂਆਂ ਨੂੰ ਲਿਆ ਹਿਰਾਸਤ ‘ਚ

Leave a Comment