Join WhatsApp

Join Now

ਭਗਤ ਸਿੰਘ ਨੂੰ ਯਾਦ ਕਰਦਿਆਂ!

On: ਸਤੰਬਰ 28, 2026 6:33 ਬਾਃ ਦੁਃ

ਭਗਤ ਸਿੰਘ ਨੂੰ ਯਾਦ ਕਰਦਿਆਂ!
……………………..

ਪਿਆਰੇ ਭਗਤ!

ਦਸ ਦਿਨ ਪਹਿਲਾਂ ਬਾਲੇ
ਸਰਕਾਰੀ ਦੀਵਿਆਂ ਦੇ
ਬੁਝ ਜਾਣ ‘ਤੇ
ਸੰਭਰ ਕੇ ਕੂੜੇ ਦੇ ਢੇਰ ‘ਤੇ
ਸਿੱਟੇ ਜਾਣ ਤੋਂ ਬਾਅਦ

ਬਿਨਾਂ ਦੀਵੇ ਬਾਲੇ
ਅਸੀਂ ਤੈਨੂੰ
ਯਾਦ ਕਰ ਰਹੇ ਹਾਂ

ਕਿਉਂਕਿ
ਤੇਰੀ ਬਾਲੀ ਹੋਈ ਲੋਅ
ਭਲੇ ਹੀ
ਟਿਮ-ਟਿਮਾ ਰਹੀ ਹੋਵੇ
ਪਰ ਅਜੇ ਵੀ
ਬਲ ਰਹੀ ਹੈ
ਕਰੋੜਾਂ ਦਿਲਾਂ ਅੰਦਰ
ਬਿਨਾਂ ਕਿਸੇ
ਸਰਕਾਰੀ ਫ਼ੁਰਮਾਨ ਦੇ

ਪਿਆਰੇ ਭਗਤ!

ਅੱਜ ਅਸੀਂ ਤੁਹਾਨੂੰ
ਯਾਦ ਕਰ ਰਹੇ ਹਾਂ
ਬੜੀ ਸ਼ਰਮਿੰਦਗੀ ਨਾਲ

ਜਿਸ ਭਾਰਤ ਮਾਂ ਦੀ
ਆਜ਼ਾਦੀ ਲਈ
ਤੂੰ ਤੇ ਤੇਰੇ ਸਾਥੀਆਂ ਨੇ.
ਆਪਣੀ ਕੁਰਬਾਨੀ ਦਿੱਤੀ
ਹੱਸਦੇ ਹੋਏ

ਸਾਡੀ ਸਭਨਾਂ ਦੀ ਉਹ ਮਾਂ
ਫਸ ਗਈ ਹੈ
ਦਲਾਲਾਂ ਵਿਚਕਾਰ
ਲੋਕਤੰਤਰ ਦੇ ਜਾਦੂ ਰਾਹੀਂ

ਉਹ ਉਸਨੂੰ
ਠੀਕ ਉਸੇ ਤਰ੍ਹਾਂ
ਘੜੀਸ ਕੇ
ਬਾਜ਼ਾਰ ‘ਚ ਲੈ ਆਏ ਨੇ
ਜਿਵੇਂ ਦਰੋਪਦੀ ਨੂੰ
ਲਿਆਂਦਾ ਗਿਆ ਸੀ
ਭਰੀ ਸਭਾ ‘ਚ

ਨੀਲਾਮ ਕੀਤਾ ਜਾ ਰਿਹਾ ਹੈ
ਉਸਦੇ ਪੱਲੂ
ਉਸਦੇ ਜਿਸਮ
ਉਸਦੇ ਬੱਚਿਆਂ ਨੂੰ
ਭਗਤ!

ਤੇ ਅਸੀਂ
ਕੁਸ਼ ਵੀ ਨਹੀਂ
ਕਰ ਪਾ ਰਹੇ

ਸਾਨੂੰ ਨਪੁੰਸਕ
ਤੇ ਨਕਾਰਾ ਕਰ ਦਿੱਤਾ ਹੈ
ਜਿੰਦਾ ਰਹਿਣ ਦੀ ਲਤ ਨੇ

ਅੱਜ ਸਾਡੇ ਚਾਰੇ ਪਾਸੇ
ਦੁਹਰਾਇਆ ਜਾ ਰਿਹਾ ਹੈ
ਇੱਕ ਨਵੀਂ ਕਿਸਮ ਦਾ
ਜਲ੍ਹਿਆਂਵਾਲਾ ਸਾਕਾ

ਜਨਰਲ ਡਾਇਰ
ਉਚਰ ਰਿਹਾ ਹੈ
ਰਾਸ਼ਟਰਵਾਦ ਦਾ
ਗਿਆਨ

ਚੀਥੜੇ
ਉਡਾਏ ਜਾ ਰਹੇ ਨੇ
ਤੁਹਾਡੇ
ਸਾਡੇ
ਸਮਾਜਵਾਦ ਦੇ

ਪਾਪ ਦੀ ਗੋਦੀ ‘ਚ ਬੈਠਾ
ਨਗਰ-ਸੇਠ
ਹੈ ਆਸਮਾਨ ਦੀਆਂ
ਉਚਾਈਆਂ ‘ਤੇ

ਤੇ ਸਾਡਾ ਮੁਲਕ
ਧਸਦਾ ਜਾ ਰਿਹੈ
ਪਾਤਾਲ ਦੀਆਂ
ਡੂੰਘਾਈਆਂ ‘ਚ

ਸਾਡੇ ‘ਚ
ਨਹੀਂ ਬਚੀ
ਇੰਨੀਂ ਵੀ ਸਮਰੱਥਾ
ਕਿ ਚਿੱਕੜ ‘ਚ ਧਸ ਕੇ
ਬਚਾ ਸਕੀਏ
ਆਪਣੀ ਧਰਤੀ ਨੂੰ

ਸਾਨੂੰ ਡਰ ਲਗਦਾ ਹੈ
ਚਿੱਕੜ ਤੋਂ

ਊਂ ਤਾਂ
ਮਾੜੀਆਂ-ਮੋਟੀਆਂ
ਕੋਸ਼ਿਸ਼ਾਂ
ਚੱਲ ਹੀ ਰਹੀਆਂ ਨੇ

ਪਰ ਇਸ ਵਾਰ
ਦੈਂਤਾਂ ਨੇ
ਪਹਿਨ ਲਈ ਹੈ
ਰਾਮਨਾਮੀ

ਕਾਲੇ ਚਿਹਰੇ ਨੂੰ
ਢਕ ਲਿਆ ਹੈ
ਤਿਰੰਗੇ ਨਾਲ

ਇਸ ਲਈ
ਭੋਲੀ-ਭਾਲੀ
ਤੇ ਇੱਕ ਹੱਦ ਤੱਕ
ਮੂਰਖ ਪਰਜਾ
ਉਨ੍ਹਾਂ ਨੂੰ
ਨਹੀਂ ਪਹਿਚਾਣ ਪਾ ਰਹੀ
ਚੰਗੀ ਤਰ੍ਹਾਂ

ਇਸ ਵਾਰ ਅਸੀਂ
ਪਹਿਲਾਂ ਤੋਂ ਵੀ
ਭਿਆਨਕ ਗੁਲਾਮੀ ਦੇ
ਸ਼ਿਕੰਜੇ ‘ਚ ਫਸ ਗਏ ਹਾਂ
ਸ਼ਹੀਦ-ਏ-ਆਜ਼ਮ!

ਹਤਿਆਰੇ
ਹਨੇਰੀਆਂ ਗਲੀਆਂ ‘ਚੋਂ ਨਹੀਂ
ਮੰਦਰਾਂ ਦੇ ਉਜਾਲੇ ‘ਚੋਂ
ਨਿਕਲ ਰਹੇ ਨੇ
ਵੱਡੇ ਹਜ਼ੂਮ ਬਣਕੇ

ਉਨ੍ਹਾਂ ਦੇ ਬੁਲ੍ਹਾਂ ‘ਤੇ
ਹੈ ਰਾਸ਼ਟਰ ਗੀਤ
ਤੇ ਹੱਥਾਂ ‘ਚ ਨੇ
ਤਿੱਖੇ ਖੰਜ਼ਰ

ਖ਼ੂੰਖ਼ਾਰ ਅੱਖਾਂ ਦੇ
ਜੰਗਲ ‘ਚ
ਧਧਕ ਰਹੀ ਹੈ
ਨਫ਼ਰਤ ਦੀ ਅੱਗ

ਹੁਣ
ਤੁਸੀਂ ਹੀ
ਰਾਹ ਦਿਖਾਓ
ਸਾਡੇ ਮਸੀਹਾ!

ਸਾਨੂੰ ਹੁਣ
ਕੁਸ਼ ਵੀ
ਸੁਝ ਨਹੀਂ ਰਿਹਾ

ਸਾਨੂੰ
ਜਿਵੇਂ
ਲੋਅ ਦਿੱਤੀ ਹੈ
ਉਵੇਂ ਹੀ
ਸੇਧ ਵੀ ਦਿਉ!

ਅਸੀਂ
ਚੁੰਧਿਆਏ
ਭਟਕ ਰਹੇ ਹਾਂ
ਚਿਮਚਿਮਾਉਂਦੀ
ਰੌਸ਼ਨੀ ‘ਚ!

ਇਹ ਨਵਾਂ ਰੂਪ ਹੈ
ਹਨੇਰੇ ਦਾ!

#ਹੂਬ ਨਾਥ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

 

Leave a Comment