Join WhatsApp

Join Now

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮਾਸਟਰਾਂ ਨੂੰ ਸਟੇਸ਼ਨ ਅਲਾਟ ਕਰਨ ਮਾਮਲੇ ‘ਚ ਦਿੱਤਾ ਵੱਡਾ ਬਿਆਨ, ਕਿਹਾ- ਜੁਆਇਨ ਤਾਂ ਕਰੋ!

On: ਸਤੰਬਰ 30, 2026 12:16 ਬਾਃ ਦੁਃ

 

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮਾਸਟਰਾਂ ਨੂੰ ਸਟੇਸ਼ਨ ਅਲਾਟ ਕਰਨ ਮਾਮਲੇ ‘ਚ ਦਿੱਤਾ ਵੱਡਾ ਬਿਆਨ, ਕਿਹਾ- ਜੁਆਇਨ ਤਾਂ ਕਰੋ!

ਅਧਿਆਪਕਾਂ ਦੇ ਰੋਸ ਤੋਂ ਬਾਅਦ ਹਰਜੋਤ ਬੈਂਸ ਦਾ ਵੱਡਾ ਬਿਆਨ: ‘ਫਿਲਹਾਲ ਜੁਆਇਨ ਕਰੋ, ਹਫ਼ਤੇ ਅੰਦਰ ਦਰੁਸਤ ਹੋਣਗੇ ਸਟੇਸ਼ਨ’

ਈ.ਟੀ.ਟੀ. ਤੋਂ ਮਾਸਟਰ ਕਾਡਰ ‘ਚ ਤਰੱਕੀਆਂ ‘ਤੇ ਉੱਠੇ ਸਵਾਲ, ਮਾਲਵੇ ਦੇ ਅਧਿਆਪਕਾਂ ਨੂੰ ਮਾਝੇ-ਦੁਆਬੇ ਭੇਜਣ ਨਾਲ ਮਹਿਲਾ ਅਧਿਆਪਕਾਂ ਪ੍ਰੇਸ਼ਾਨ

ਡੀ.ਟੀ.ਐੱਫ. ਵੱਲੋਂ ਸਿੱਖਿਆ ਵਿਭਾਗ ਦੀ ਤਰੱਕੀ ਨੀਤੀ ਦੀ ਤਿੱਖੀ ਨਿਖੇਧੀ; ਕਿਹਾ- ‘ਸਟੇਸ਼ਨ ਅਲਾਟਮੈਂਟ ‘ਚ ਹੋਈ ਮਨਮਾਨੀ’

ਚੰਡੀਗੜ੍ਹ, 30 ਸਤੰਬਰ 2026- ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀ ਤਰੱਕੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਅਲਾਟ ਕੀਤੇ ਗਏ ਨਵੇਂ ਸਟੇਸ਼ਨਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਰੀ (ਗ੍ਰਹਿ) ਜ਼ਿਲ੍ਹਿਆਂ ਤੋਂ ਬਹੁਤ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਅਧਿਆਪਕਾਂ ਦੇ ਵਧਦੇ ਰੋਸ ਨੂੰ ਦੇਖਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਾਨੂੰਨੀ ਅੜਿੱਕਿਆਂ ਤੋਂ ਬਚਣ ਅਤੇ ਅਧਿਆਪਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਜਲਦੀ ਜੁਆਇਨ ਕਰਵਾਉਣ ਲਈ ਫੌਰੀ ਤੌਰ ‘ਤੇ ਇਹ ਸਟੇਸ਼ਨ ਅਲਾਟ ਕੀਤੇ ਗਏ ਹਨ।

ਸਿੱਖਿਆ ਮੰਤਰੀ ਨੇ ਪ੍ਰਭਾਵਿਤ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਫਿਲਹਾਲ ਅਲਾਟ ਹੋਏ ਸਟੇਸ਼ਨਾਂ ‘ਤੇ ਆਪਣੀ ਜੁਆਇਨਿੰਗ ਕਰ ਲੈਣ। ਉਨ੍ਹਾਂ ਵਾਅਦਾ ਕੀਤਾ ਕਿ ਇਸੇ ਹਫ਼ਤੇ ਦੇ ਅੰਦਰ-ਅੰਦਰ ਅਧਿਆਪਕਾਂ ਦੇ ਸਟੇਸ਼ਨਾਂ ਦੀ ਦਰੁਸਤੀ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਕਰ ਦਿੱਤਾ ਜਾਵੇਗਾ।

ਦੱਸ ਦਈਏ ਕਿ, ਅਧਿਆਪਕਾਂ ਨੂੰ ਅਲਾਟ ਕੀਤੇ ਗਏ ਸਟੇਸ਼ਨਾਂ ਤੋਂ ਬਾਅਦ ਪੂਰੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਧਿਆਪਕ ਜਥੇਬੰਦੀਆਂ ਅਤੇ ਪ੍ਰਭਾਵਿਤ ਅਧਿਆਪਕਾਂ ਨੇ DEOs ਨਾਲ ਮੁਲਾਕਾਤ ਕਰਕੇ ਆਪਣਾ ਤਿੱਖਾ ਰੋਸ ਜਾਹਰ ਕੀਤਾ। ਸਥਿਤੀ ਇਹ ਰਹੀ ਕਿ ਦਿਨ ਭਰ ਪ੍ਰਭਾਵਿਤ ਅਧਿਆਪਕ ਆਪਣੀ ਸਮੱਸਿਆ ਦੇ ਹੱਲ ਲਈ ਭੱਜ-ਦੌੜ ਕਰਦੇ ਰਹੇ ਅਤੇ ਸਿੱਖਿਆ ਮੰਤਰੀ ਦੇ ਦਫ਼ਤਰ ਅਤੇ ਫੋਨ ‘ਤੇ ਲਗਾਤਾਰ ਸ਼ਿਕਾਇਤਾਂ ਦਾ ਅੰਬਾਰ ਲੱਗਿਆ ਰਿਹਾ।

ਪ੍ਰਾਪਤ ਵੇਰਵਿਆਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਕਾਡਰ ਤੋਂ ਮਾਸਟਰ ਕਾਡਰ ਵਿੱਚ ਕੁੱਲ 4,484 ਅਧਿਆਪਕਾਂ ਨੂੰ ਪਦ-ਉੱਨਤ (ਪ੍ਰਮੋਟ) ਕੀਤਾ ਗਿਆ ਹੈ। ਇਨ੍ਹਾਂ ਵਿੱਚ 208 ਸੈਂਟਰ ਹੈੱਡ ਟੀਚਰ (CHT), 927 ਹੈੱਡ ਟੀਚਰ (HT) ਅਤੇ 2,595 ਈ.ਟੀ.ਟੀ. ਅਧਿਆਪਕ ਸ਼ਾਮਲ ਹਨ।

ਅਧਿਆਪਕ ਆਗੂਆਂ ਨੇ ਦੱਸਿਆ ਕਿ ਵਿਭਾਗ ਦੀ ਇਸ ਗਲਤ ਤਾਇਨਾਤੀ ਨੀਤੀ ਕਾਰਨ ਮਾਲਵਾ ਖੇਤਰ ਦੇ ਅਧਿਆਪਕਾਂ ਨੂੰ ਮਾਝੇ ਅਤੇ ਦੁਆਬੇ ਦੇ ਦੂਰ-ਦੁਰਾਡੇ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਸਭ ਤੋਂ ਵੱਧ ਪ੍ਰੇਸ਼ਾਨੀ ਮਹਿਲਾ ਅਧਿਆਪਕਾਂ ਨੂੰ ਆ ਰਹੀ ਹੈ, ਜਿਨ੍ਹਾਂ ਲਈ ਪਰਿਵਾਰਕ ਅਤੇ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਇੰਨੀ ਦੂਰ ਸਫ਼ਰ ਕਰਨਾ ਬਹੁਤ ਔਖਾ ਹੋ ਗਿਆ ਹੈ।

ਅਧਿਆਪਕ ਆਗੂਆਂ ਨੇ ਯਾਦ ਕਰਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ‘ਤੇ ਨਿਯੁਕਤ ਮਹਿਲਾ ਮੁਲਾਜ਼ਮਾਂ ਦੀ ਤਾਇਨਾਤੀ ਉਨ੍ਹਾਂ ਦੇ ਘਰਾਂ ਦੇ 40 ਕਿਲੋਮੀਟਰ ਦੇ ਘੇਰੇ ਅੰਦਰ ਹੀ ਕੀਤੀ ਜਾਵੇਗੀ। ਪਰ ਵਿਭਾਗ ਵੱਲੋਂ ਕੀਤੀ ਗਈ ਇਸ ਸਟੇਸ਼ਨ ਅਲਾਟਮੈਂਟ ਨਾਲ ਮੁੱਖ ਮੰਤਰੀ ਦਾ ਇਹ ਐਲਾਨ ਪੂਰੀ ਤਰ੍ਹਾਂ ਨਜ਼ਰਅੰਦਾਜ਼ ਹੁੰਦਾ ਦਿਖਾਈ ਦੇ ਰਿਹਾ ਹੈ।

ਡੀ.ਟੀ.ਐੱਫ. ਨੇ ‘ਤਰੱਕੀ ਨੀਤੀ’ ਦੀ ਕੀਤੀ ਨਿਖੇਧੀ

ਡੈਮੋਕਰੈਟਿਕ ਟੀਚਰਜ਼ ਫਰੰਟ (DTF) ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਸਿੱਖਿਆ ਵਿਭਾਗ ਦੀ ਤਰੱਕੀ ਨੀਤੀ ਦੀ ਕਰੜੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਆਪਣੀਆਂ ਮਨਮਾਨੀਆਂ ਕਰਕੇ ਅਧਿਆਪਕਾਂ ਤੋਂ ਸਟੇਸ਼ਨ ਚੋਣ ਦਾ ਲੋਕਤੰਤਰੀ ਹੱਕ ਖੋਹ ਰਹੀ ਹੈ।

ਜਥੇਬੰਦੀ ਦੇ ਸੀਨੀਅਰ ਆਗੂ ਦਵਿੰਦਰ ਪੂਨੀਆ ਨੇ ਆਖਿਆ ਕਿ ਸਟੇਸ਼ਨ ਅਲਾਟ ਕਰਨ ਤੋਂ ਪਹਿਲਾਂ ਅਧਿਆਪਕਾਂ ਤੋਂ ਉਨ੍ਹਾਂ ਦੀ ਪਸੰਦ ਪੁੱਛੀ ਜਾਣੀ ਚਾਹੀਦੀ ਸੀ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਰੀ ਜ਼ਿਲ੍ਹਿਆਂ ਵਿੱਚ ਹੀ ਖਾਲੀ ਥਾਵਾਂ ‘ਤੇ ਐਡਜਸਟ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਾਰੀ ਪ੍ਰਕਿਰਿਆ ਵਿੱਚ ਵੱਡੇ ਪੱਧਰ ‘ਤੇ ਮਨਮਾਨੀ ਹੋਈ ਹੈ ਅਤੇ ‘ਦਾਲ ਵਿੱਚ ਕੁਝ ਕਾਲਾ’ ਜ਼ਰੂਰ ਨਜ਼ਰ ਆ ਰਿਹਾ ਹੈ।

ਇਸ ਦੇ ਨਾਲ ਹੀ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵਾਰ-ਵਾਰ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਸਮੁੱਚੀ ਤਰੱਕੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦੀ ਮੰਗ ਕਰ ਚੁੱਕੀ ਹੈ, ਪਰ ਵਿਭਾਗ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ।

ਇਸੇ ਹਫ਼ਤੇ ਦੇ ਅੰਦਰ-ਅੰਦਰ ਸਟੇਸ਼ਨਾਂ ਦੀ ਦਰੁਸਤੀ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ- ਸਿੱਖਿਆ ਮੰਤਰੀ ਬੈਂਸ 

ਦੂਜੇ ਪਾਸੇ ਅਧਿਆਪਕਾਂ ਦੇ ਵਧਦੇ ਰੋਸ ਨੂੰ ਦੇਖਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ‘ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਤਰੱਕੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਚੌਥੀ ਵਾਰ ਵਿਸ਼ੇਸ਼ ਉਪਰਾਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਨੂੰਨੀ ਅੜਿੱਕਿਆਂ ਤੋਂ ਬਚਣ ਅਤੇ ਅਧਿਆਪਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਜਲਦੀ ਜੁਆਇਨ ਕਰਵਾਉਣ ਲਈ ਫੌਰੀ ਤੌਰ ‘ਤੇ ਇਹ ਸਟੇਸ਼ਨ ਅਲਾਟ ਕੀਤੇ ਗਏ ਹਨ। ਸਿੱਖਿਆ ਮੰਤਰੀ ਨੇ ਪ੍ਰਭਾਵਿਤ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਫਿਲਹਾਲ ਅਲਾਟ ਹੋਏ ਸਟੇਸ਼ਨਾਂ ‘ਤੇ ਆਪਣੀ ਜੁਆਇਨਿੰਗ ਕਰ ਲੈਣ। ਉਨ੍ਹਾਂ ਵਾਅਦਾ ਕੀਤਾ ਕਿ ਇਸੇ ਹਫ਼ਤੇ ਦੇ ਅੰਦਰ-ਅੰਦਰ ਅਧਿਆਪਕਾਂ ਦੇ ਸਟੇਸ਼ਨਾਂ ਦੀ ਦਰੁਸਤੀ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਕਰ ਦਿੱਤਾ ਜਾਵੇਗਾ।

 

Leave a Comment