ਸੀਟੂ ਨੂੰ ਅਲਵਿਦਾ ਕਹਿ ਕੇ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ ਹੋਈਆਂ 20 ਵਰਕਰਾਂ ਅਤੇ ਹੈਲਪਰਾਂ; ਸੂਬਾ ਪ੍ਰਧਾਨ ਮੈਡਮ ਛੀਨਾ ਵੱਲੋਂ ਭਰਵਾਂ ਸਵਾਗਤ
ਚੰਡੀਗੜ੍ਹ, 30 ਸਤੰਬਰ 2026 – ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਮੈਡਮ ਬਰਿੰਦਰਜੀਤ ਕੌਰ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਮੈਡਮ ਪਰਮਜੀਤ ਕੌਰ ਖੇੜੀ (ਬਲਾਕ ਪ੍ਰਧਾਨ) ਅਤੇ ਮੈਡਮ ਪਰਮਜੀਤ ਕੌਰ (ਸਾਬਕਾ ਸਰਪੰਚ) ਦੀ ਅਗਵਾਈ ਹੇਠ ਬਲਾਕ ਸ਼ੇਰਪੁਰ ਦੇ ਸਰਕਲ ਮੱਲੋਵੱਲ ਦੇ 10 ਸੈਂਟਰਾਂ ਦੀਆਂ ਵਰਕਰਾਂ ਨੇ ਸਰਵ ਯੂਨੀਅਨ ਵਿੱਚ ਸ਼ਮੂਲੀਅਤ ਕੀਤੀ। 20 ਵਰਕਰਾਂ ਅਤੇ ਹੈਲਪਰਾਂ ਨੇ ਸ਼ਮੂਲੀਅਤ ਕਰਕੇ ਸਰਵ ਆਂਗਣਵਾੜੀ ਯੂਨੀਅਨ ਦਾ ਪੱਲਾ ਫੜਿਆ ਅਤੇ ਮੈਡਮ ਛੀਨਾ ਦੀ ਦੂਰਦਰਸ਼ੀ ਸੋਚ ‘ਤੇ ਭਰੋਸਾ ਪ੍ਰਗਟ ਕੀਤਾ। ਇਸ ਮੌਕੇ ਮੈਡਮ ਪਰਮਜੀਤ ਕੌਰ (ਬਲਾਕ ਪ੍ਰਧਾਨ) ਨੇ ਮੈਂਬਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਨੇ ਦੱਸਿਆ ਕਿ 2026 ਵਿੱਚ AAP ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦਾ ਅਖੀਰਲਾ ਸਾਲ ਹੈ। ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਣ-ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ। ਅਸੀਂ ਸਰਕਾਰ ਕੋਲੋਂ ਵਰਕਰਾਂ ਨੂੰ ਸਰਕਾਰੀ ਮੁਲਾਜ਼ਮ ਬਣਾਉਣ ਅਤੇ ਘੱਟੋ-ਘੱਟ ਉਜਰਤ ਦੇ ਦਾਇਰੇ ਅਧੀਨ ਲਿਆਉਣ ਦੀ ਮੰਗ ਕਰਦੇ ਹਾਂ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਜਥੇਬੰਦੀ ਵੱਲੋਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ AAP ਸਰਕਾਰ ਨੇ ਉਪਰੋਕਤ ਮਸਲਿਆਂ ‘ਤੇ ਆਪਣਾ ਯੋਗ ਫੈਸਲਾ ਨਾ ਲਿਆ ਤਾਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਜਥੇਬੰਦੀ ਹਮੇਸ਼ਾ ਤਿਆਰ ਰਹੇਗੀ। ਇਸੇ ਤਹਿਤ 18 ਅਕਤੂਬਰ ਨੂੰ ਅਣਮਿਥੇ ਸਮੇਂ ਲਈ ਸੰਗਰੂਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਵਿਸ਼ਾਲ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਦੂਜੇ ਪਾਸੇ ‘ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ’ ਦੀ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਮੂਲੋਵਾਲ ਸਰਕਲ ਦੀਆਂ ਸਮੁੱਚੀਆਂ ਵਰਕਰਾਂ ਅਤੇ ਹੈਲਪਰਾਂ ਦਾ ਜਥੇਬੰਦੀ ਵਿੱਚ ਜੀ ਆਇਆਂ ਨੂੰ ਕਹਿੰਦਿਆਂ ਤਹਿ ਦਿਲੋਂ ਭਰਵਾਂ ਸਵਾਗਤ ਕੀਤਾ। ਮੈਡਮ ਛੀਨਾ ਨੇ ਕਿਹਾ ਕਿ ਵਰਕਰਾਂ ਦਾ ਇਹ ਭਰੋਸਾ ਹੀ ਜਥੇਬੰਦੀ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਸਰਵ ਯੂਨੀਅਨ ਹਮੇਸ਼ਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਭਲਾਈ ਮੰਗਾਂ, ਮਾਣ-ਭੱਤੇ ਵਿੱਚ ਵਾਧੇ ਅਤੇ ਹੱਕੀ ਮੰਗਾਂ ਲਈ ਲੜਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਵੀ ਮੈਂਬਰ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਨਵੇਂ ਮੈਂਬਰਾਂ ਦੇ ਆਉਣ ਨਾਲ ਜਥੇਬੰਦੀ ਦੀ ਤਾਕਤ ਵਿੱਚ ਹੋਰ ਵੀ ਵਾਧਾ ਹੋਇਆ ਹੈ।















