Punjab News: ਭਗਵੰਤ ਮਾਨ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਨਾਂਹ? ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਦੀ ਅਣਦੇਖੀ ਕਰਨ ਦਾ ਲਾਇਆ ਦੋਸ਼! ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ 10 ਅਕਤੂਬਰ ਦੀ ਸੰਗਰੂਰ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ – ਮੁੱਖ ਮੰਤਰੀ ਦੇ ਸ਼ਹਿਰ ਵਿਖੇ ਮਹਾਂ ਰੈਲੀ ਕਰਕੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾਉਣਗੇ ਮੁਲਾਜ਼ਮ ਅਤੇ ਪੈਨਸ਼ਨਰ
ਲੁਧਿਆਣਾ , 4 ਅਕਤੂਬਰ 2026- ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ1680 ਸੈਕਟਰ 22 ਬੀ ਚੰਡੀਗੜ੍ਹ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਚਰਨ ਸਿੰਘ ਸਰਾਭਾ, ਜਗਦੀਸ਼ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ , ਪ੍ਰੇਮ ਚਾਵਲਾ, ਗੁਰਪ੍ਰੀਤ ਸਿੰਘ ਮੰਗਵਾਲ, ਗੁਰਜੀਤ ਸਿੰਘ ਘੋੜੇਵਾਹ, ਸੁਖਦੇਵ ਸਿੰਘ ਸੁਰਤਾਪਰੀ,ਜਸਵਿੰਦਰ ਪਾਲ ਉੱਘੀ, ਮਨਜੀਤ ਸਿੰਘ ਗਿੱਲ, ਕਰਤਾਰ ਸਿੰਘ ਪਾਲ, ਹਰਭਗਵਾਨ ਸ੍ਰੀ ਮੁਕਤਸਰ ਸਾਹਿਬ, ਅਜੇ ਕੁਮਾਰ ਸਨੋਤਰਾ , ਗੁਰਮੇਲ ਸਿੰਘ ਮੈਲਡੇ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਕੇਵਲ ਸਿੰਘ ਬਣਵੈਤ , ਸੰਜੀਵ ਕੁਮਾਰ ਲੁਧਿਆਣਾ , ਟਹਿਲ ਸਿੰਘ ਸਰਾਭਾ ਅਤੇ ਆਸ਼ਾ ਵਰਕਰਾਂ ਦੇ ਆਗੂ ਬਲਵੀਰ ਕੌਰ ਗਿੱਲ ਆਦਿ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨ ਤੋਂ ਮੰਗ ਕੀਤੀ ਕਿ ਸਾਂਝੀ ਤਾਲਮੇਲ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਨਾਲ ਮੁੱਖ ਮੰਤਰੀ ਪੰਜਾਬ ਦਰਮਿਆਨ 18 ਸਤੰਬਰ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆਂ ਨੂੰ ਲੈਕੇ ਵਿਚਾਰੀਆਂ ਗਈਆਂ ਸਾਰੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਜਿਵੇਂ ਕਿ 18 ਫੀਸਦੀ ਡੀ ਏ ਦੀ ਅਦਾਇਗੀ ਕੇਂਦਰੀ ਪੈਟਰਨ ਅਨੁਸਾਰ ਤੁਰੰਤ ਕੀਤੀ ਜਾਵੇ, ਸਮੂਹ ਕੱਚੇ , ਠੇਕਾ ਅਧਾਰਤ,ਆਊਟ ਸੋਰਸ ਮੁਲਾਜ਼ਮਾਂ ਨੂੰ ਤੁਰੰਤ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਲਈ ਘੱਟੋ ਘੱਟ ਉਜ਼ਰਤ ਕਾਨੂੰਨ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਮਿਤੀ 15-1-2015 ਅਤੇ ਮਿਤੀ 17-7-2020 ਦੇ ਪੱਤਰ ਤੁਰੰਤ ਰੱਦ ਕੀਤੇ ਜਾਣ,ਵਿਕਾਸ ਕਰ ਦੇ ਨਾਂ ਤੇ 200 ਰੁਪਏ ਜਜੀਆ ਟੈਕਸ ਦੀ ਵਸੂਲੀ ਤੁਰੰਤ ਬੰਦ ਕੀਤੀ ਜਾਵੇ, ਰੇਸ਼ਨੈਲੈਕਸਸ਼ਨ ਦੇ ਨਾਂ ਤੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ 37 ਭੱਤੇ ਤੁਰੰਤ ਬਹਾਲ ਕੀਤੇ ਜਾਣ,4-9-14 ਸਾਲਾ ਏ ਸੀ ਪੀ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਪੰਜਾਬ ਦੇ ਸੱਤਵੇਂ ਤਨਖਾਹ ਕਮਿਸ਼ਨ ਦੀ ਤੁਰੰਤ ਸਥਾਪਨਾ ਕੀਤੀ ਜਾਵੇ , ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਕੀਤੇ ਗਏ ਸਾਰੇ ਫੈਸਲੇ ਤੁਰੰਤ ਲਾਗੂ ਕੀਤੇ ਜਾਣ।
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਦੇ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ 10 ਅਕਤੂਬਰ ਨੂੰ ਕੀਤੀ ਜਾ ਰਹੀ ਸੂਬਾਈ ਮਹਾਂ ਰੈਲੀ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਨਾਲ ਸਬੰਧਤ ਸਮੂਹ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ , ਆਂਗਣਵਾੜੀ ਵਰਕਰ, ਅਧਿਆਪਕ , ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਕੱਤਰੇਤ ਤੋਂ ਸਤੋਜ ਵੱਲ ਵਾਪਿਸੀ ਯਕੀਨੀ ਬਣਾਉਣਗੇ।
ਇਹ ਵੀ ਫੈਸਲਾ ਕੀਤਾ ਗਿਆ ਕਿ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਅਨੁਸਰ 21 ਅਤੇ 22 ਅਕਤੂਬਰ ਨੂੰ ਪੰਜਾਬ ਦੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ਲੈਕੇ ਪੰਜਾਬ ਦਾ ਸਾਰਾ ਸਰਕਾਰੀ ਕੰਮ ਠੱਪ ਕਰਨਗੇ। ਇਸ ਤੋਂ ਇਲਾਵਾ 21 ਅਕਤੂਬਰ ਨੂੰ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੇ ਮੋਗਾ ਵਿਖੇ ਮਨਾਏ ਜਾ ਰਹੇ 37ਵੈਂ ਬਰਸੀ ਸਮਾਗਮ ਵਿੱਚ ਪੰਜਾਬ ਰੋਡਵੇਜ਼ ਮੁਲਾਜ਼ਮਾਂ , ਏਟਕ ਵਿੱਚ ਸ਼ਾਮਿਲ ਵੱਖ ਵੱਖ ਜਥੇਬੰਦੀਆਂ ਅਤੇ ਪੈਨਸ਼ਨਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੇਲਾ ਸਿੰਘ ਪੁੰਨਾਵਾਲ , ਰਾਮ ਲਾਲ ਰਾਮਾਂ ਪਟਿਆਲਾ, ਪਰਮਜੀਤ ਸਿੰਘ ਮਲੋਟ,ਸੰਜੀਵ ਕੁਮਾਰ ਬਦਿਆਲ , ਕਮਲਜੀਤ ਕੌਰ ਲੁਧਿਆਣਾ,ਜਗਮੇਲ ਸਿੰਘ ਪੱਖੋਵਾਲ, ਚਮਨ ਲਾਲ ਸੰਗੋਲੀਆ ਮੋਗਾ,ਹਰਬੰਸ ਸਿੰਘ ਪੰਧੇਰ,ਮੁਨੀਸ਼ ਕੁਮਾਰ ਲੁਧਿਆਣਾ ਅਤੇ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।
















