Mansa Breaking: CM ਭਗਵੰਤ ਮਾਨ ਦੇ ਬਰਾਬਰ ਅਧਿਆਪਕ ਥਾਣੇ ਅੱਗੇ ਲਾਉਣਗੇ ਆਪਣੀ “ਸੱਥ”- ਕਿਹਾ- ਮੁੱਖ ਮੰਤਰੀ ਆਪਣੀ ਸੱਥ ‘ਚ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ
ਮਾਨਸਾ ,05 ਅਕਤੂਬਰ 2026
ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਮੁੱਖ ਮੰਤਰੀ ਦੀ ਫੱਤਾ ਮਾਲੋਕਾ ਵਿਖੇ ਹੋਣ ਵਾਲੇ ਸੱਥ ਪ੍ਰੋਗਰਾਮ ਦੇ ਬਰਾਬਰ ਆਪਣੀ ਸੱਥ ਮਾਨਸਾ ਦੇ ਥਾਣਾ ਸਿਟੀ 2 ਦੇ ਅੱਗੇ ਲਾਉਣ ਦਾ ਫ਼ੈਸਲਾ ਲਿਆ ਹੈ| ਕਿਉਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਵਿਖੇ ਹੋਣ ਵਾਲੇ “ਸੱਥ” ਪ੍ਰੋਗਰਾਮ ਤੋ ਪਹਿਲਾਂ ਮਾਨਸਾ ਦੇ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਥਾਣੇ ਵਿੱਚ ਅਣਅਧਿਕਾਰਤ ਤੌਰ ‘ਤੇ ਬੰਦ ਕਰ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਗੁਰਦਾਸ ਸਿੰਘ ਰਾਏਪੁਰ, ਅਮੋਲਕ ਸਿੰਘ ਡੇਲੂਆਣਾ, ਰਾਜਵਿੰਦਰ ਸਿੰਘ ਬੈਹਣੀਵਾਲ, ਸੰਦੀਪ ਵਾਲੀਆ, ਜਸਬੀਰ ਭੰਮੇ ਅਤੇ ਬੇਅੰਤ ਸਿੰਘ ਰੜ ਨੇ ਦੱਸਿਆ ਕਿ ਕੱਲ ਰਾਤ ਡੀ ਟੀ ਐਫ਼ ਦੇ ਜ਼ਿਲਾ ਪ੍ਰਧਾਨ ਕਰਮਜੀਤ ਤਾਮਕੋਟ, ਨਵੀਨ ਬੋਹਾ,ਹਰਫ਼ੂਲ ਬੋਹਾ,ਸੀ ਪੀ ਐਫ਼ ਕਰਮਚਾਰੀ ਯੂਨੀਅਨ ਦੇ ਧਰਮਿੰਦਰ ਹੀਰੇਵਾਲਾ, ਅੰਗਰੇਜ ਸਿੰਘ, ਜੀ ਟੀ ਯੂ ਦੇ ਲਖਵਿੰਦਰ ਮਾਨ ਅਤੇ ਰਾਜੇਸ਼ ਬੁਢਲਾਡਾ ਨੂੰ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਥਾਣਿਆ ਵਿੱਚ ਬੰਦ ਕਰ ਲਿਆ ਜੋ ਕਿ ਅਜੇ ਤੱਕ ਅੰਦਰ ਹੀ ਬੰਦ ਹਨ।
ਜਿਕਰਯੋਗ ਹੈ ਕਿ ਉਪਰੋਕਤ ਆਗੂ ਮੁਲਾਜ਼ਮਾਂ ਦੀਆਂ ਮੰਗਾਂ ਪੁਰਾਣੀ ਪੈਨਸ਼ਨ, ਡੀ ਏ, 17-7-20 ਦਾ ਪੱਤਰ ਵਾਪਿਸ ਕਰਵਾਉਣ, 15-1-15 ਦਾ ਪੱਤਰ ਵਾਪਿਸ ਕਰਵਾਉਣ, ਕੱਚੇ ਅਧਿਆਪਕ ਪੱਕੇ ਕਰਵਾਉਣ, ਏ ਸੀ ਪੀ, ਭੱਤੇ, ਪੈਨਸ਼ਨਰਾਂ ਦਾ 2.59 ਦਾ ਗੁਣਾਂਕ ਸਮੇਤ ਹੋਰ ਮੰਗਾਂ ਨੂੰ ਲੈ ਕੇ ਲੜਾਈ ਦੇ ਮੈਦਾਨ ਵਿੱਚ ਹਨ।
ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਸਤੋਂ ਪਹਿਲਾਂ ਜਿੰਨੀ ਵਾਰ ਵੀ ਮੁੱਖ ਮੰਤਰੀ ਮਾਨਸਾ ਵਿਖੇ ਆਏ ਹਨ ਤਾਂ ਇਹਨਾਂ ਆਗੂਆਂ ਦੇ ਘਰਾਂ ਵਿੱਚ ਪੁਲਿਸ ਹਰ ਵਾਰ ਛਾਪੇਮਾਰੀ ਕਰਦੀ ਹੈ ਅਤੇ ਥਾਣੇ ਬੰਦ ਕਰ ਦਿੰਦੀ ਹੈ।
2023 ਵਿੱਚ ਤਾਂ ਮੁੱਖ ਮੰਤਰੀ ਦੇ ਜਿਲਿਆਂ ਵਿੱਚ ਜਾ ਕੈਬਨਿਟ ਮੀਟਿੰਗਾਂ ਕਰਨ ਦੇ ਤੁਗਲਕੀ ਫੈਸਲੇ ਦੌਰਾਨ ਇਹਨਾਂ ਆਗੂਆਂ ਸਮੇਤ 154 ਮੁਲਾਜ਼ਮਾਂ ਵੱਲੋਂ ਮੰਗ ਪੱਤਰ ਦੇਣ ਜਾਂਦੇ ਸਮੇਂ ਗ੍ਰਿਫਤਾਰ ਕਰਕੇ ਕੇਸ ਦਰਜ਼ ਹੀ ਕਰ ਦਿੱਤਾ ਸੀ ਜੋ ਅਜੇ ਕੋਰਟ ਵਿੱਚ ਚੱਲ ਰਿਹਾ ਹੈ|ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਨਹੀਂ ਤਾਂ ਇਸੇ ਤਰਾਂ ਉਹਨਾਂ ਦੇ ਵੋਟਾਂ ਮੰਗਣ ਆਉਣ ‘ਤੇ ਵਿਰੋਧ ਹੁੰਦਾ ਰਹੇਗਾ|ਆਗੂਆਂ ਨੇ ਦੱਸਿਆ ਕਿ ਥਾਣਾ ਸਿਟੀ ਟੂ ਅੱਗੇ ਮੁਲਾਜ਼ਮਾਂ ਦੀ ਸੱਥ ਓਦੋ ਤੱਕ ਚੱਲੇਗੀ ਜਦੋ ਤੱਕ ਅਧਿਆਪਕ ਆਗੂਆਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ।
















