ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਵਿਹੜੇ ਤਰਕਸ਼ੀਲ ਸਮਾਗਮ
ਤਰਕਸ਼ੀਲਾਂ ਵੱਲੋਂ ਵਿਗਿਆਨਕ ਸੋਚ ਵਾਲਾ ਸਾਹਿਤ ਵੀ ਵੰਡਿਆ
ਸੰਗਰੂਰ 8 ਅਕਤੂਬਰ 2026
ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਸੰਗਰੂਰ ਵੱਲੋਂ ਲੋਕਾਂ ਅੰਦਰ ਵਿਗਿਆਨਕ ਚੇਤਨਾ ਵਿਕਸਿਤ ਹਿੱਤ ਚਲਾਈ ਮੁਹਿੰਮ ਦੀ ਲੜੀ ਤਹਿਤ ਅੱਜ ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਿਖੇ ਮਾਸਟਰ ਪਰਮਵੇਦ, ਅਮਰੀਕ ਖੋਖਰ ਤੇ ਸੀਤਾ ਰਾਮ ਬਾਲਦ ਕਲਾਂ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਤਰਕਸ਼ੀਲ ਸਮਾਗਮ ਪੇਸ਼ ਕੀਤਾ ਗਿਆ।
ਇਸ ਸਮੇਂ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਬੀ ਐਸ ਢਿੱਲੋਂ ,ਸਰਪ੍ਰਸਤ ਜਗਦੀਸ਼ ਰਾਏ ਤੇ ਪ੍ਰਧਾਨ ਸੁਰਿੰਦਰ ਬਾਲੀਆਂ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਉਹਨਾਂ ਦੀ ਜਾਣ ਪਛਾਣ ਕਰਵਾਈ ਤੇ ਦਫਤਰ ਵਿੱਚ ਆਉਣ ਦੇ ਮਕਸਦ ਬਾਰੇ ਦੱਸਿਆ ਤੇ ਹਾਜ਼ਰੀਨ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਤੇ ਸੀਤਾ ਰਾਮ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਆਪਣਾ ਸੋਚਣ-ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਦੇ ਗੁਣ, ਸੱਚ, ਇਮਾਨਦਾਰੀ ਤੇ ਮਿਹਨਤ ਨਾਲ, ਵਿਗਿਆਨਕ ਜਾਗਰੂਕਤਾ ਵਾਲੇ ਗੁਣ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਤੇ ਜਿਊਂਣ ਢੰਗ ਅਪਨਾਉਣਾ ਚਾਹੀਦਾ ਹੈ।
ਮਾਸਟਰ ਪਰਮਵੇਦ ਨੇ ਕਿਸੇ ਗੱਲ ਨੂੰ ਮੰਨਣ ਤੋਂ ਪਹਿਲਾਂ ਉਸਨੂੰ ਪਰਖਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਲੋਕਾਂ ਅੰਦਰ ਵਿਗਿਆਨਕ ਸੋਚ ਤੇ ਭਾਈਚਾਰਕ ਸਾਂਝ ਦੇ ਪਸਾਰੇ ਨਾਲ ਉਹਨਾਂ ਦੇ ਦਿਲ ਦਿਮਾਗ ਨੂੰ ਰੁਸ਼ਨਾਉਣਾ ਚਾਹੁੰਦੀ ਹੈ।ਇਸ ਮੌਕੇ ਮਾਸਟਰ ਪਰਮਵੇਦ ਨੇ ਤਰਕਸ਼ੀਲਾਂ ਵੱਲੋਂ ਰਹੱਸਮਈ ਘਟਨਾਵਾਂ ਦੇ ਕੁੱਝ ਹਲ ਕੀਤੇ ਕੇਸਾਂ ,ਜਿਨ੍ਹਾਂ ਨੂੰ ਲੋਕ ਭੂਤਾਂ – ਪ੍ਰੇਤਾਂ ਦੀ ਕਾਰਵਾਈ ਸਮਝਦੇ ਹਨ, ਦੀ ਵਿਆਖਿਆ ਕਰਦੇ ਹੋਏ, ਦੱਸਿਆ ਕਿ ਇਨ੍ਹਾਂ ਵਿਚ ਮਨੁੱਖੀ ਹੱਥ ਹੁੰਦਾ ਹੈ।ਭੂਤ ਪ੍ਰੇਤ ਸਭ ਮਨੋਕਲਪਤ ਹਨ,ਭੂਤ ਪ੍ਰੇਤ ਦੇ ਭਰਮ ਜਾਲ ਵਿੱਚ ਪਾ ਕੇ ਅਖੌਤੀ ਸਿਆਣੇ ਪਰਿਵਾਰ ਦੀ ਆਰਥਿਕ, ਮਾਨਸਿਕ ਤੇ ਕਈ ਵਾਰ ਸਰੀਰਕ ਲੁੱਟ ਵੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਥੇ ਚਮਤਕਾਰ ਨਹੀਂ,ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਕਾਰਨ ਜਾਣਨਾ ਹੀ ਵਿਗਿਆਨਕ ਸੋਚ, ਤਰਕਸ਼ੀਲ ਸੋਚ ਹੈ। ਬੀ ਐਸ ਢਿੱਲੋਂ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਬਿੱਕਰ ਸਿੰਘ ਸੀਬੀਆ ਨੇ ਪੈਨਸ਼ਨਰਜ਼ ਦੇ ਵਿਹੜੇ ਆ ਕੇ ਵਿਗਿਆਨਕ ਸੋਚ ਦਾ ਛੱਟਾ ਦੇਣ ਤੇ ਕਈ ਵਹਿਮ ਭਰਮ ਦੂਰ ਕਰਨ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਤੇ ਸਰੋਤਿਆਂ ਨੂੰ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਹਾਦਰ ਸਿੰਘ ਰਾਓ,ਜੈ ਸਿੰਘ,ਪਵਨ ਕੁਮਾਰ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।
















