Join WhatsApp

Join Now

ਪੰਜਾਬ ਦੇ ਮੌਸਮ ‘ਚ ਅਚਾਨਕ ਆਈ ਤਬਦੀਲੀ; ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ!

On: October 9, 2026 5:07 PM

 

ਬਦਲਦੇ ਮੌਸਮ ਨਾਲ ਬਜ਼ੁਰਗਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੀ ਲੋੜ; ਮੌਸਮੀ ਤਬਦੀਲੀ ਦੌਰਾਨ ਖੁਰਾਕ, ਦਵਾਈਆਂ ਅਤੇ ਰੋਜ਼ਾਨਾ ਰੁਟੀਨ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨ : ਡਾ. ਈਸ਼ਾ ਅਰੋੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਅਕਤੂਬਰ 2026: ਬਦਲਦੇ ਮੌਸਮ ਦੌਰਾਨ ਬਜ਼ੁਰਗਾਂ ਨੂੰ ਆਪਣੀ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਤਾਪਮਾਨ ਵਿੱਚ ਅਚਾਨਕ ਹੋਣ ਵਾਲੇ ਬਦਲਾਅ ਕਾਰਨ ਬਜ਼ੁਰਗਾਂ ਨੂੰ ਜ਼ੁਕਾਮ, ਖੰਘ, ਗਲੇ ਦੀ ਤਕਲੀਫ਼, ਸਾਹ ਸਬੰਧੀ ਸਮੱਸਿਆਵਾਂ, ਬਲੱਡ ਪ੍ਰੈਸ਼ਰ ਅਤੇ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਗੱਲ ਸਿਵਲ ਹਸਪਤਾਲ ਮੋਹਾਲੀ ਵਿਖੇ ਡਾ. ਈਸ਼ਾ ਅਰੋੜਾ ਨੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਸਬੰਧੀ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਹੀ।

ਮੈਡੀਕਲ ਮਾਹਰ ਡਾ. ਈਸ਼ਾ ਨੇ ਕਿਹਾ ਕਿ ਉਮਰ ਵਧਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਕੁਝ ਘੱਟ ਹੋ ਸਕਦੀ ਹੈ ਅਤੇ ਜਿਨ੍ਹਾਂ ਬਜ਼ੁਰਗਾਂ ਨੂੰ ਪਹਿਲਾਂ ਤੋਂ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਜਾਂ ਸਾਹ ਦੀ ਬਿਮਾਰੀ ਹੈ, ਉਨ੍ਹਾਂ ਨੂੰ ਮੌਸਮ ਬਦਲਣ ਸਮੇਂ ਹੋਰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਮੌਸਮ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸਵੇਰੇ-ਸ਼ਾਮ ਠੰਢ ਤੋਂ ਬਚਾਅ ਰੱਖਣਾ ਚਾਹੀਦਾ ਹੈ। ਘਰ ਵਿੱਚ ਹਵਾ ਦਾ ਉਚਿਤ ਆਵਾਜਾਈ ਪ੍ਰਬੰਧ ਹੋਵੇ ਅਤੇ ਬਹੁਤ ਜ਼ਿਆਦਾ ਠੰਢ ਜਾਂ ਧੂੜ-ਧੂੰਏਂ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ।

ਡਾਕਟਰ ਨੇ ਕਿਹਾ ਕਿ ਬਜ਼ੁਰਗਾਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਪਾਣੀ ਦੀ ਮਾਤਰਾ ਵੀ ਉਮਰ ਅਤੇ ਡਾਕਟਰੀ ਸਲਾਹ ਅਨੁਸਾਰ ਠੀਕ ਰੱਖਣੀ ਚਾਹੀਦੀ ਹੈ। ਬਿਨਾਂ ਡਾਕਟਰੀ ਸਲਾਹ ਤੋਂ ਦਵਾਈਆਂ ਬੰਦ ਜਾਂ ਸ਼ੁਰੂ ਨਹੀਂ ਕਰਨੀਆਂ ਚਾਹੀਦੀਆਂ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਆਪਣੀ ਸਮਰੱਥਾ ਅਨੁਸਾਰ ਹਲਕੀ ਕਸਰਤ ਜਾਂ ਸੈਰ ਜਾਰੀ ਰੱਖਣੀ ਚਾਹੀਦੀ ਹੈ। ਹਾਲਾਂਕਿ ਬਹੁਤ ਜ਼ਿਆਦਾ ਥਕਾਵਟ, ਸਾਹ ਚੜ੍ਹਨਾ, ਛਾਤੀ ਵਿੱਚ ਦਰਦ, ਲਗਾਤਾਰ ਖੰਘ-ਬੁਖਾਰ, ਚੱਕਰ ਆਉਣਾ ਜਾਂ ਅਚਾਨਕ ਕਮਜ਼ੋਰੀ ਮਹਿਸੂਸ ਹੋਣ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਧਿਕਾਰੀ ਦਲਜੀਤ ਕੌਰ ਵੀ ਮੌਜੂਦ ਸਨl

 

Leave a Comment