ਤਰਨਤਾਰਨ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ: ਡਿਊਟੀ ਤੋਂ ਘਰ ਆ ਰਹੇ ਪੰਜਾਬ ਪੁਲਿਸ ਦੇ ਏ.ਐੱਸ.ਆਈ. ਇਕਬਾਲ ਸਿੰਘ ਦੀ ਹੱਤਿਆ, ਹਮਲਾਵਰ ਮੋਟਰਸਾਈਕਲ ‘ਤੇ ਆਏ- ਪੁਲਿਸ ਮੁਲਾਜ਼ਮ ਨੂੰ ਸ਼ਰੇਆਮ ਬਣਾਇਆ ਨਿਸ਼ਾਨਾ, ਇਲਾਕੇ ‘ਚ ਸੀ.ਸੀ.ਟੀ.ਵੀ. ਖੰਗਾਲ ਰਹੀ ਪੁਲਿਸ
ਪੰਜਾਬ ਨੈੱਟਵਰਕ
ਤਰਨਤਾਰਨ/ ਫਿਰੋਜ਼ਪੁਰ/ਚੰਡੀਗੜ੍ਹ, 11 ਅਕਤੂਬਰ 2026- ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ, ਜਿਸ ਦੀ ਤਾਜ਼ਾ ਉਦਾਹਰਨ ਤਰਨਤਾਰਨ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਨੌਸ਼ਹਿਰਾ ਪੰਨੂਆਂ ਇਲਾਕੇ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਬੇਹੱਦ ਸਨਸਨੀਖੇਜ਼ ਅਤੇ ਦੁਖਦਾਈ ਵਾਰਦਾਤ ਵਾਪਰੀ, ਜਿੱਥੇ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ. (ਸਹਾਇਕ ਸਬ-ਇੰਸਪੈਕਟਰ) ਦਾ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਖੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਏ.ਐੱਸ.ਆਈ. ਇਕਬਾਲ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕਬਾਲ ਸਿੰਘ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਦੇ ਹੀ ਰਹਿਣ ਵਾਲੇ ਸਨ ਅਤੇ ਉਹ ਫਿਰੋਜ਼ਪੁਰ ਵਿਖੇ ਕਾਊਂਟਰ ਇੰਟੈਲੀਜੈਂਸ ਵਿਭਾਗ ਵਿੱਚ ਤਾਇਨਾਤ ਸਨ। ਐਤਵਾਰ ਦੀ ਸ਼ਾਮ ਨੂੰ ਉਹ ਫਿਰੋਜ਼ਪੁਰ ਵਿਖੇ ਆਪਣੀ ਰੋਜ਼ਾਨਾ ਦੀ ਡਿਊਟੀ ਪੂਰੀ ਕਰਨ ਉਪਰੰਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਸਨ।
ਜਦੋਂ ਏ.ਐੱਸ.ਆਈ. ਇਕਬਾਲ ਸਿੰਘ ਨੌਸ਼ਹਿਰਾ ਤੋਂ ਲਹੁਕਾ ਰੋਡ ‘ਤੇ ਸਥਿਤ ਪਟਵਾਰਖਾਨੇ ਦੇ ਨੇੜੇ ਪਹੁੰਚੇ, ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਲੱਗਣ ਕਾਰਨ ਏ.ਐੱਸ.ਆਈ. ਇਕਬਾਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਸੜਕ ‘ਤੇ ਡਿੱਗ ਪਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਥਿਆਰਬੰਦ ਦੋਸ਼ੀ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਅਤੇ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਤੁਰੰਤ ਮੌਕੇ ‘ਤੇ ਪਹੁੰਚ ਗਏ। ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਡੀ.ਐੱਸ.ਪੀ. ਪੱਟੀ ਰਵੀ ਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਵਾਰਦਾਤ ਵਾਲੀ ਜਗ੍ਹਾ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਫਿਲਹਾਲ ਇਸ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਮਲਾਵਰਾਂ ਦੀ ਪਛਾਣ ਲਈ ਆਸ-ਪਾਸ ਦੇ ਖੇਤਰਾਂ ਅਤੇ ਮੁੱਖ ਮਾਰਗਾਂ ‘ਤੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਹਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਹੋਣ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ ਕਿ ਏ.ਐੱਸ.ਆਈ. ਇਕਬਾਲ ਸਿੰਘ ‘ਤੇ ਹਮਲਾ ਕਿਸ ਰੰਜਿਸ਼ ਜਾਂ ਮਨਸ਼ਾ ਨਾਲ ਕੀਤਾ ਗਿਆ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
















