ਸਿੱਖਿਆ ਵਿਭਾਗ ਦੇ ਨਾਂ ‘ਤੇ ਚੱਲ ਰਹੇ ਫ਼ਰਜ਼ੀ WhatsApp ਚੈਨਲ ਸਾਈਬਰ ਸੈੱਲ ਦੀ ਰਡਾਰ ‘ਤੇ…!
ਅਧਿਆਪਕ ਤੇ ਵਿਦਿਆਰਥੀ ਹੋ ਜਾਓ ਸਚੇਤ! ਪੰਜਾਬ ਸਿੱਖਿਆ ਵਿਭਾਗ ਦਾ ਕੋਈ ਅਧਿਕਾਰਤ WhatsApp ਚੈਨਲ ਨਹੀਂ: ਵਿਭਾਗ ਨੇ ਜਾਰੀ ਕੀਤਾ ਸਪੱਸ਼ਟੀਕਰਨ
ਸਿੱਖਿਆ ਵਿਭਾਗ ਦੇ ਨਾਂ ਹੇਠ ਚੱਲ ਰਹੇ ਜਾਅਲੀ ਸੋਸ਼ਲ ਮੀਡੀਆ ਅਕਾਊਂਟਾਂ ‘ਤੇ ਕੱਸਿਆ ਜਾਵੇ ਸ਼ਿਕੰਜਾ- ਅਧਿਆਪਕਾਂ ਨੇ ਕੀਤੀ ਜਾਂਚ ਦੀ ਮੰਗ
ਚੰਡੀਗੜ੍ਹ, 13 ਅਕਤੂਬਰ 2026- ਪੰਜਾਬ ਦੇ ਸਿੱਖਿਆ ਵਿਭਾਗ ਦੇ ਨਾਂ ‘ਤੇ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ‘ਤੇ ਚੱਲ ਰਹੇ ਜਾਅਲੀ (Fake) ਖਾਤਿਆਂ ਅਤੇ ਚੈਨਲਾਂ ਖ਼ਿਲਾਫ਼ ਸਖ਼ਤੀ ਸ਼ੁਰੂ ਹੋ ਗਈ ਹੈ। ਸਿੱਖਿਆ ਵਿਭਾਗ ਦੇ ਨਾਂ ਹੇਠ ਚੱਲ ਰਹੇ ਵੱਖ-ਵੱਖ ਫ਼ਰਜ਼ੀ ਵਟਸਐਪ (WhatsApp) ਚੈਨਲ ਹੁਣ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦੀ ਰਡਾਰ ‘ਤੇ ਆ ਗਏ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਵਿਸ਼ੇਸ਼ ਸਪੱਸ਼ਟੀਕਰਨ ਵੀ ਜਾਰੀ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਵਿਭਾਗ ਵੱਲੋਂ ਅਜਿਹਾ ਕੋਈ ਵੀ ਅਧਿਕਾਰਤ (Official) ਵਟਸਐਪ ਚੈਨਲ ਨਹੀਂ ਚਲਾਇਆ ਜਾ ਰਹਾ। ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਤੱਤਾਂ ਵੱਲੋਂ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਸਿੱਖਿਆ ਵਿਭਾਗ ਦੇ ਨਾਂ ਅਤੇ ਲੋਗੋ ਦੀ ਵਰਤੋਂ ਕਰਕੇ ਇਹ ਜਾਅਲੀ ਵਟਸਐਪ ਚੈਨਲ ਬਣਾਏ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹਨਾਂ ਫ਼ਰਜ਼ੀ ਵਟਸਐਪ ਚੈਨਲਾਂ ‘ਤੇ ਰੋਜ਼ਾਨਾ ਵਿਭਾਗ ਦੇ ਨਾਂ ਹੇਠ ਜਾਅਲੀ ਨੋਟੀਫਿਕੇਸ਼ਨ, ਸਰਕੂਲਰ ਅਤੇ ਖ਼ਬਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਚੈਨਲਾਂ ਵਿੱਚ ਸਿੱਖਿਆ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਲ (Add) ਦੱਸੇ ਜਾ ਰਹੇ ਹਨ, ਜਿਸ ਕਰਕੇ ਆਮ ਲੋਕ ਅਤੇ ਅਧਿਆਪਕ ਇਹਨਾਂ ਨੂੰ ਅਸਲੀ ਸਮਝਣ ਦੀ ਭੁਲੇਖਾ ਖਾ ਜਾਂਦੇ ਹਨ। ਇਹਨਾਂ ਚੈਨਲਾਂ ਰਾਹੀਂ ਫੈਲਾਈ ਜਾ ਰਹੀ ਗੁੰਮਰਾਹਕੁੰਨ ਜਾਣਕਾਰੀ ਕਾਰਨ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਵਿੱਚ ਹਰ ਸਮੇਂ ਭੰਬਲਭੂਸਾ ਅਤੇ ਮਾਨਸਿਕ ਪ੍ਰੇਸ਼ਾਨੀ ਬਣੀ ਰਹਿੰਦੀ ਹੈ।
ਅਧਿਆਪਕਾਂ ਨੇ ਕੀਤੀ ਪੂਰੀ ਜਾਂਚ ਦੀ ਮੰਗ
ਇਸ ਗੰਭੀਰ ਮੁੱਦੇ ‘ਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕਾਂ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਧਿਆਪਕਾਂ ਦਾ ਮੰਨਣਾ ਹੈ ਕਿ ਸਿਰਫ਼ ਵਟਸਐਪ ਚੈਨਲ ਹੀ ਨਹੀਂ, ਬਲਕਿ ਸਿੱਖਿਆ ਵਿਭਾਗ ਦੇ ਨਾਂ ‘ਤੇ ਕਈ ਜਾਅਲੀ ਵੈੱਬਸਾਈਟਾਂ ਅਤੇ ਹੋਰ ਸੋਸ਼ਲ ਮੀਡੀਆ ਪੇਜ ਵੀ ਚੱਲ ਰਹੇ ਹਨ, ਜੋ ਫੇਕ ਪੱਤਰ ਅਤੇ ਨੋਟੀਫਿਕੇਸ਼ਨ ਤਿਆਰ ਕਰਕੇ ਵਾਇਰਲ ਕਰਦੇ ਹਨ।
ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਫੇਕ ਪੱਤਰ ਤਿਆਰ ਕਰਨ ਵਾਲੇ ਅਤੇ ਸਿੱਖਿਆ ਵਿਭਾਗ ਦਾ ਨਾਂ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਨਸਰਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹੇ ਸ਼ਰਾਰਤੀ ਤੱਤਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ, ਜੋ ਸਿੱਖਿਆ ਵਿਭਾਗ ਦੀ ਭਰੋਸੇਯੋਗਤਾ ਬਣੀ ਰਹੇ ਅਤੇ ਅਧਿਆਪਕਾਂ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸਾਈਬਰ ਸੈੱਲ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਅਜਿਹੇ ਫ਼ਰਜ਼ੀ ਚੈਨਲ ਚਲਾਉਣ ਵਾਲੇ ਐਡਮਿਨਾਂ ‘ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਵਿਭਾਗ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਖ਼ਬਰ ਜਾਂ ਨੋਟੀਫਿਕੇਸ਼ਨ ਲਈ ਸਿਰਫ਼ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਹੀ ਭਰੋਸਾ ਕਰਨ।















