Big Breaking: ਅਮਿਤ ਸ਼ਾਹ ਕੱਲ੍ਹ ਆਉਣਗੇ ਪੰਜਾਬ, ਸ਼ਡਿਊਲ ਜਾਰੀ- ਪੜ੍ਹੋ ਪੂਰੀ ਖ਼ਬਰ
ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪੀੜਤਾਂ ਦੇ ਘਰ ਪਹੁੰਚਣਗੇ ਅਮਿਤ ਸ਼ਾਹ, ਜਾਨੋ ਮਾਨਸਾ ਤੋਂ ਗੁਰਦਾਸਪੁਰ ਤੱਕ ਦਾ ਪੂਰਾ ਸ਼ਡਿਊਲ
ਚੰਡੀਗੜ੍ਹ/ਮਾਨਸਾ, 19 ਅਕਤੂਬਰ 2026- ਪੰਜਾਬ ਦੇ ਇੱਕ ਦਿਨਾ ਅਹਿਮ ਦੌਰੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਹਨ। ਇਸ ਦੌਰੇ ਦੌਰਾਨ ਗ੍ਰਹਿ ਮੰਤਰੀ ਰਾਜ ਦੇ ਤਿੰਨ ਪ੍ਰਮੁੱਖ ਜ਼ਿਲ੍ਹਿਆਂ ਮਾਨਸਾ, ਸੰਗਰੂਰ ਅਤੇ ਗੁਰਦਾਸਪੁਰ ਦਾ ਦੌਰਾ ਕਰਨਗੇ, ਜਿੱਥੇ ਉਹ ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਅਤੇ ਵੱਖ-ਵੱਖ ਘਟਨਾਵਾਂ ਵਿੱਚ ਆਪਣੀ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ-ਸਾਂਝਾ ਕਰਨਗੇ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਉਨ੍ਹਾਂ ਦੇ ਇਸ ਦੌਰੇ ਦਾ ਪੂਰਾ ਸ਼ਡਿਊਲ ਅਤੇ ਮਿੰਟ-ਟੂ-ਮਿੰਟ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।
ਤੈਅ ਪ੍ਰੋਗਰਾਮ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ (20 ਅਕਤੂਬਰ 2026 ਨੂੰ) ਸਭ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਤੋਂ ਸ਼ੁਰੂ ਹੋਵੇਗਾ। ਉਹ ਦੁਪਹਿਰ 12:00 ਵਜੇ ਮਾਨਸਾ ਦੇ ਵਾਰਡ ਨੰਬਰ 21, ਵਾਟਰ ਵਰਕਸ ਰੋਡ ਵਿਖੇ ਪਹੁੰਚਣਗੇ। ਇੱਥੇ ਉਹ ਬੀਤੇ ਦਿਨੀਂ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਪਰਿਵਾਰ (Parvinder Singh Jhota Family) ਨਾਲ ਮੁਲਾਕਾਤ ਕਰਨਗੇ।
ਮਾਨਸਾ ਤੋਂ ਬਾਅਦ ਗ੍ਰਹਿ ਮੰਤਰੀ ਸੰਗਰੂਰ ਜ਼ਿਲ੍ਹੇ ਲਈ ਰਵਾਨਾ ਹੋਣਗੇ। ਉਹ ਦੁਪਹਿਰ 1:15 ਵਜੇ ਸੰਗਰੂਰ ਦੇ ਪਿੰਡ ਤੂਰਬਣਜਾਰਾ ਸਥਿਤ ਹਰਦਮ ਪੱਤੀ ਵਿਖੇ ਪਹੁੰਚਣਗੇ। ਇੱਥੇ ਪਹੁੰਚ ਕੇ ਉਹ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ। ਸੰਗਰੂਰ ਵਿੱਚ ਹੋਣ ਵਾਲੀ ਇਸ ਮੁਲਾਕਾਤ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ। ਦੌਰੇ ਦੇ ਆਖਰੀ ਪੜਾਅ ਵਿੱਚ ਕੇਂਦਰੀ ਗ੍ਰਹਿ ਮੰਤਰੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹੁੰਚਣਗੇ।
ਦੁਪਹਿਰ ਬਾਅਦ 3:15 ਵਜੇ ਉਹ ਬਟਾਲਾ ਨੇੜੇ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਮਾੜੀ ਪਨਵਾਂ ਵਿਖੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਦੌਰਾ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਕੋੜ੍ਹ ਅਤੇ ਸੁਰੱਖਿਆ ਸਥਿਤੀ ਨੂੰ ਲੈ ਕੇ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਿਵਾਰਾਂ ਨਾਲ ਸਿੱਧੀ ਮੁਲਾਕਾਤ ਕਰਕੇ ਕੇਂਦਰ ਸਰਕਾਰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਰਾਜ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਹਰ ਨਾਗਰਿਕ ਦੇ ਨਾਲ ਕੇਂਦਰ ਸਰਕਾਰ ਚਟਾਨ ਵਾਂਗ ਖੜ੍ਹੀ ਹੈ।
ਇਸ ਦੌਰੇ ਨੂੰ ਲੈ ਕੇ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਦੇ ਅਭੇਦ ਪ੍ਰਬੰਧ ਕੀਤੇ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਕੇਂਦਰੀ ਗ੍ਰਹਿ ਮੰਤਰੀ ਦੇ ਸਵਾਗਤ ਅਤੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਤਿਆਰੀਆਂ ਵਿੱਚ ਜੁੱਟ ਗਏ ਹਨ।
















