ਮੇਲਾ ਗ਼ਦਰੀ ਬਾਬਿਆਂ ਦਾ: ਮੇਲੇ ‘ਚ ਨਾਟਕਾਂ, ਗੀਤ-ਸੰਗੀਤ ਅਤੇ ਵਿਚਾਰ-ਚਰਚਾ ਨੂੰ ਅੰਤਿਮ ਛੋਹਾਂ
ਪ੍ਰਜੌਏ ਗੁਹਾ ਠਾਕੁਰਤਾ ਅਤੇ ਡਾ. ਨਵਸ਼ਰਨ ਕਰਨਗੇ ਸੰਬੋਧਨ, ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਚੱਲੇਗਾ ਮੇਲਾ
ਜਲੰਧਰ, 19 ਅਕਤੂਬਰ 2026
30 ਅਕਤੂਬਰ 2 ਵਜੇ ਸ਼ਮ੍ਹਾਂ ਰੌਸ਼ਨ ਕਰਕੇ ਚਿੱਤਰਕਲਾ, ਫੋਟੋ ਕਲਾ, ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਵਿਛੜੇ ਸਾਥੀਆਂ ਨੂੰ ”ਉਹਨਾਂ ਮਿੱਤਰਾਂ ਦੀ ਯਾਦ ਪਿਆਰੀ…” ਬੋਲਾਂ ਨਾਲ ਸਿਜਦਾ ਕਰਦੇ ਹੋਏ ਪਹਿਲੀ ਨਵੰਬਰ ਸਾਰਾ ਦਿਨ, ਸਾਰੀ ਰਾਤ ਚੱਲਣ ਵਾਲਾ ‘ਮੇਲਾ ਗ਼ਦਰੀ ਬਾਬਿਆਂ ਦਾ’ ਮੁਲਕ ਦੇ ਭਖ਼ਦੇ ਸੁਆਲਾਂ ਨੂੰ ਵਿਚਾਰ-ਚਰਚਾ ਅਤੇ ਕਲਾ ਕਿਰਤਾਂ ਦੇ ਮਾਧਿਅਮ ਰਾਹੀਂ ਮੁਖ਼ਾਤਬ ਹੋਏਗਾ।
ਅੱਜ ਜਨਰਲ ਬਾਡੀ ਦੇ ਫੈਸਲਿਆਂ ਦੀ ਰੌਸ਼ਨੀ ‘ਚ ਦੇਸ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਅਤੇ ਮੇਲੇ ਦੇ ਪ੍ਰਬੰਧਾਂ ਨਾਲ ਜੁੜੀਆਂ ਕਮੇਟੀਆਂ ਦੇ ਕਨਵੀਨਰ ਦੀ ਮੀਟਿੰਗ’ਚ ਅਹਿਮ ਫੈਸਲਿਆਂ ਨੂੰ ਅੰਤਿਮ ਛੋਹਾਂ ਦਿੰਦੇ ਹੋਏ 31 ਅਕਤੂਬਰ ਕੁਇਜ਼,ਪੇਂਟਿੰਗ ਮੁਕਾਬਲਾ, ਕਵੀ ਦਰਬਾਰ, ਤਰਕਸ਼ੀਲ ਕਲਾ ਵੰਨਗੀਆਂ ਤੋਂ ਇਲਾਵਾ ਪ੍ਰਜੌਏ ਗੁਹਾ ਠਾਕੁਰਤਾ ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਹੋਣਗੇ।
ਪਹਿਲੀ ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਦਰਸ਼ਨ ਖਟਕੜ ਵੱਲੋਂ ਝੰਡਾ ਲਹਿਰਾਉਣ ਅਤੇ ਸੰਬੋਧਨ ਕਰਨ ਉਪਰੰਤ ਅਮੋਲਕ ਸਿੰਘ ਦੀ ਰਚਨਾ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਸੰਗੀਤ ਨਾਟ ਓਪਰਾ: ਝੰਡੇ ਦਾ ਗੀਤ ‘ਸਮੇਂ ਦੇ ਹਾਣੀ’ ਹੋਏਗਾ। ਇਸ ਉਪਰੰਤ ਬੱਬਰ ਅਕਾਲੀ ਲਹਿਰ ਦਾ ਪ੍ਰਸੰਗ: ਹੱਲੇ ਦਾ ਦੀਵਾਨ ਪੇਸ਼ ਕਰਨਗੇ ਭੈਣੀ ਸਾਹਿਬ ਤੋਂ ਜੱਥੇਦਾਰ ਗੁਰਲਾਲ ਸਿੰਘ ਅਤੇ ਸਾਥੀ।
ਬੱਬਰ ਅਕਾਲੀ ਲਹਿਰ ਦੇ ਪਿੰਡਾਂ ਅਤੇ ਸ਼ਹਿਰ ਉਹਨਾਂ ਦੇ ਪੈਰੋਕਾਰ ਪਰਿਵਾਰਾਂ ਦਾ ਮੇਲੇ ਵਿੱਚ ਸਨਮਾਨ ਕੀਤਾ ਜਾਏਗਾ। ਸੰਗੀਤ ਦਾ ਰੰਗ ਭਰਨਗੇ ਮੰਚ ਰੰਗ ਮੰਚ ਅੰਮ੍ਰਿਤਸਰ ਨਾਲ ਜੁੜੇ ਗਾਇਕ ਕਲਾਕਾਰ ਕੁਸ਼ਾਗਰ ਕਾਲੀਆ। ਚੰਡੀਗੜ੍ਹ ਸਕੂਲ ਆਫ਼ ਡਰਾਮਾ (ਏਕਤਰ) ਨਾਟਕ ਖੇਡਣਗੇ। ਪਹਿਲੀ ਨਵੰਬਰ ਮੇਲੇ ‘ਚ ਡਾ. ਨਵਸ਼ਰਨ ਮੁਲਕ ਨੂੰ ਦਰਪੇਸ਼ ਤਿੱਖੀਆਂ ਵੰਗਾਰਾਂ ਬਾਰੇ ਮੁੱਖ ਭਾਸ਼ਣ ਦੇਣਗੇ।
ਪਹਿਲੀ ਨਵੰਬਰ ਦੀ ਸ਼ਾਮ ਇਪਟਾ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਸਾਥੀ ਭੰਡਾਂ ਦੀ ਕਲਾ ਕਿਰਤ ਨਾਲ ਵਿਅੰਗ ਕਸਣਗੇ। ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਸਾਰ੍ਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ, ਗੁਰਮੁਖ ਸਿੰਘ ਫਗਵਾੜਾ, ਜੋਗਿੰਦਰਪਾਲ ਖਟਕੜ ਕਲਾਂ, ਅੰਮ੍ਰਿਤਪਾਲ ਬੰਗੇ, ਅਜਮੇਰ ਅਕਲੀਆ, ਹਰਮੀਤ ਕੋਟ ਗੁਰੂ ਅਤੇ ਹੋਰ ਗਾਇਕ ਕਲਾਕਾਰ ਗੀਤ-ਸੰਗੀਤ ਪੇਸ਼ ਕਰਨਗੇ।
ਨਾਟਕਾਂ ਭਰੀ ਰਾਤ ਦਾ ਆਗਾਜ਼ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਨੂੰ ਸਮਰਪਤ ਗੁਰਸ਼ਰਨ ਭਾਅ ਜੀ ਦੇ ਨਾਟਕ ‘ਸੀਸ ਤਲੀ ‘ਤੇ’ ਕਰਾਂਤੀਪਾਲ ਦੀ ਨਿਰਦੇਸ਼ਨਾ ‘ਚ ਨਵਚਿੰਤਨ ਕਲਾ ਮੰਚ ਬਿਆਸ ਕਰੇਗਾ। ਕਮਲਾ ਨਹਿਰੂ ਕਾਲਜ ਵੂਮੈਨ ਫਗਵਾੜਾ ਦੀਆਂ ਲੜਕੀਆਂ ਸਫ਼ਦਰ ਹਾਸ਼ਮੀ ਦਾ ਨਾਟਕ ‘ਔਰਤ’ ਖੇਡਕੇ ਅੱਜ ਕੁੜੀਆਂ ਵੱਲੋਂ ਚੱਲ ਰਹੇ ਅੰਦੋਲਨ ਨੂੰ ਸਲਾਮ ਕਰਨਗੀਆਂ।
ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਮੰਚ ਰੰਗ ਮੰਚ ਅੰਮ੍ਰਿਤਸਰ ਡਾ. ਸਵਰਾਜਬੀਰ ਦਾ ਨਾਟਕ ਖੇਡੇਗਾ ‘ਤੂੰ ਬੁੱਲ੍ਹੇ ਵਾਂਗੂੰ ਬੋਲ’।
ਅਨੀਤਾ ਦੀ ਨਿਰਦੇਸ਼ਨਾ ‘ਚ ਸ਼ਬਦੀਸ਼ ਦੀ ਰਚਨਾ ‘ਖਿੜਦੇ ਰਹਿਣ ਗੁਲਾਬ’ ਸੁਚੇਤਕ ਰੰਗ ਮੰਚ ਮੁਹਾਲੀ ਅਤੇ ਗੁਰਸ਼ਰਨ ਭਾਅ ਜੀ ਦਾ ਲਿਖਿਆ ਨਾਟਕ ‘ਅਸੀਂ ਯੁੱਗ ਸਿਰਜਾਂਗੇ’ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਪੇਸ਼ ਕਰੇਗਾ। ਤਿੰਨੇ ਦਿਨ ਪੁਸਤਕ ਪ੍ਰਦਰਸ਼ਨੀ ਰਹੇਗੀ।
ਬੱਬਰ ਅਕਾਲੀ ਲਹਿਰ ਦੇ ਨਗਰ ਅਤੇ ਪਰਿਵਾਰਾਂ ਵੱਲੋਂ ਲੰਗਰ ਦਾ ਪ੍ਰਬੰਧ ਹੋਏਗਾ। ਪ੍ਰੈਸ ਨੂੰ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ, ਸਹਾਇਕ ਸਕੱਤਰ ਪ੍ਰੋ ਗੋਪਾਲ ਸਿੰਘ ਬੁੱਟਰ (ਡਾ.) ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ।
















