ਅਕਾਲੀ ਲੀਡਰ ਮਲੂਕਾ ਨੇ AAP ਸਰਕਾਰ ਵੱਲੋਂ ਔਰਤਾਂ ਨੂੰ ਦਿੱਤੇ ਜਾਂਦੇ 1000/1500 ਰੁਪਏ ਬਾਰੇ ਕੀਤੀ ਅਸ਼ਲੀਲ ਟਿੱਪਣੀ!
ਅਕਾਲੀ ਨੇਤਾ ਮਲੂਕਾ ਦੀ ਵੀਡੀਓ ਵਾਇਰਲ: ‘ਆਪ’ ਆਗੂ ਰਣਵੀਰ ਸਿੰਘ ਢੀਂਡਸਾ ਬੋਲੇ- “ਇਹ ਅਕਾਲੀ ਦਲ ਦੀ ਔਰਤ ਵਿਰੋਧੀ ਮਾਨਸਿਕਤਾ ਦੀ ਮੂਰਤ”- ਮਾਫ਼ੀ ਦੀ ਮੰਗ
ਮਲੂਕਾ ਦੇ ਬਿਆਨ ‘ਤੇ ਆਮ ਆਦਮੀ ਪਾਰਟੀ ਦਾ ਤਿੱਖਾ ਪਲਟਵਾਰ, ਕਿਹਾ- ਗੁਰਬਾਣੀ ‘ਚ ਮਾਂ-ਧੀ ਨੂੰ ਉੱਚਾ ਦਰਜਾ, ਅਕਾਲੀ ਨੇਤਾ ਕਰਨ ਸ਼ਰਮ
ਚੰਡੀਗੜ੍ਹ / ਬਠਿੰਡਾ, 21 ਅਕਤੂਬਰ 2026- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਇੱਕ ਕਥਿਤ ਵਿਵਾਦਤ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਕੰਦਰ ਸਿੰਘ ਮਲੂਕਾ ਵੱਲੋਂ ਔਰਤਾਂ ਨੂੰ ਦਿੱਤੀ ਜਾ ਰਹੀ (1000/1500 ਰੁਪਏ) ਵਿੱਤੀ ਸਹਾਇਤਾ ਨੂੰ ਲੈ ਕੇ ਇੱਕ ਅਜਿਹੀ ਟਿੱਪਣੀ ਕੀਤੀ ਗਈ ਹੈ, ਜਿਸ ਦੀ ਚਾਰੇ ਪਾਸੇ ਕੜੀ ਨਿੰਦਾ ਹੋ ਰਹੀ ਹੈ।
ਮਲੂਕਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਬੀਆਂ ਨੂੰ ਦਿੱਤੇ ਜਾ ਰਹੇ 1000/1500 ਰੁਪਏ ਮਹੀਨਾਵਾਰ ਭੱਤੇ ਸੰਬੰਧੀ ਅਤਿ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਮਲੂਕਾ ਅਨੁਸਾਰ ਔਰਤਾਂ ਨੂੰ ਇਹ ਵਿੱਤੀ ਮਦਦ ਦੇ ਕੇ ਉਨ੍ਹਾਂ ਦੇ ਸਤਿਕਾਰ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਜਿਵੇਂ ਹੀ ਇਹ ਬਿਆਨ ਸਾਹਮਣੇ ਆਇਆ, ਆਮ ਆਦਮੀ ਪਾਰਟੀ ਨੇ ਤੁਰੰਤ ਇਸ ਵੀਡੀਓ ਕਲਿੱਪ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਕੇ ਅਕਾਲੀ ਦਲ ‘ਤੇ ਸ਼ਬਦੀ ਹਮਲਾ ਬੋਲ ਦਿੱਤਾ। ‘ਆਪ’ ਨੇ ਕਿਹਾ ਕਿ ਇਸ ਬਿਆਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਔਰਤ ਵਿਰੋਧੀ ਹੈ।
ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਆਗੂ ਰਣਵੀਰ ਸਿੰਘ ਢੀਂਡਸਾ ਨੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ। ਢੀਂਡਸਾ ਨੇ ਕਿਹਾ ਕਿ ਮਲੂਕਾ ਵੱਲੋਂ ਵਰਤੀ ਗਈ ਭਾਸ਼ਾ ਇੰਨੀ ਮਾੜੀ ਹੈ ਕਿ ਉਸ ਨੂੰ ਦੁਹਰਾਉਂਦਿਆਂ ਵੀ ਸ਼ਰਮ ਆਉਂਦੀ ਹੈ। ਪੰਜਾਬ ਦੀਆਂ ਔਰਤਾਂ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਹਨ। ਸਾਡੀ ਗੁਰਬਾਣੀ ਵਿੱਚ ਵੀ ਔਰਤਾਂ ਅਤੇ ਮਾਂ ਨੂੰ ਸਭ ਤੋਂ ਉੱਚਾ ਅਤੇ ਸਤਿਕਾਰਯੋਗ ਦਰਜਾ ਦਿੱਤਾ ਗਿਆ ਹੈ। AAP ਸਰਕਾਰ ਨੇ ਔਰਤਾਂ ਦੀ ਆਰਥਿਕ ਮਦਦ ਲਈ ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਵਰਗੀਆਂ ਪਹਿਲਕਦਮੀਆਂ ਕੀਤੀਆਂ ਹਨ, ਪਰ ਅਕਾਲੀ ਆਗੂ ਅਜਿਹੀਆਂ ਯੋਜਨਾਵਾਂ ‘ਤੇ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਹਨ।
ਢੀਂਡਸਾ ਨੇ ਅਕਾਲੀ ਦਲ ਦੇ ਪੁਰਾਣੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਇਹ ਅਕਾਲੀ ਨੇਤਾਵਾਂ ਦੇ ਹੰਕਾਰ ਅਤੇ ਉਨ੍ਹਾਂ ਦੀ ਮਾਨਸਿਕਤਾ ਦਾ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਭੁੱਲੇ ਨਹੀਂ ਹਨ ਕਿ ਜਦੋਂ ਇਹ ਆਗੂ ਮੰਤਰੀ ਸਨ ਤਾਂ ਕਿਸ ਤਰ੍ਹਾਂ ਪ੍ਰਦਰਸ਼ਨਕਾਰੀ ਔਰਤਾਂ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ ਸਨ। ‘ਆਪ’ ਆਗੂ ਨੇ ਮੰਗ ਕੀਤੀ ਕਿ ਸਿਕੰਦਰ ਸਿੰਘ ਮਲੂਕਾ ਨੂੰ ਆਪਣੇ ਇਸ ਸ਼ਰਮਨਾਕ ਬਿਆਨ ਲਈ ਤੁਰੰਤ ਪੰਜਾਬ ਦੀਆਂ ਸਾਰੀਆਂ ਔਰਤਾਂ ਤੋਂ ਜਨਤਕ ਤੌਰ ‘ਤੇ ਮਾਫ਼ੀ ਮੰਗਣੀ ਚਾਹੀਦੀ ਹੈ।
















