Join WhatsApp

Join Now

ਵੱਡੀ ਖ਼ਬਰ: ਪੰਜਾਬ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੀ ਬੇਅਦਬੀ

On: October 21, 2026 3:36 PM

 

ਵੱਡੀ ਖ਼ਬਰ: ਪੰਜਾਬ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੀ ਬੇਅਦਬੀ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੀ ਬੇਅਦਬੀ ਦਾ ਮਾਮਲਾ: ਕਿਸਾਨ ਯੂਨੀਅਨਾਂ ਅਤੇ ਪੰਚਾਇਤ ਨੇ ਪੁਲਿਸ ਨੂੰ ਸੌਂਪੀ ਸ਼ਿਕਾਇਤ- ਮਾਮਲੇ ‘ਚ ਐਸ.ਐਚ.ਓ. ਨੇ ਦਿੱਤਾ ਦੋਸ਼ੀਆਂ ਨੂੰ ਜਲਦ ਫੜਨ ਦਾ ਭਰੋਸਾ

ਮੋਗਾ, 21 ਅਕਤੂਬਰ 2026: ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋ ਕੇ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੰਘੀ ਰਾਤ ਕੁਝ ਅਣਪਛਾਤੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨਾਲ ਛੇੜਛਾੜ ਕਰਨ ਦੀ ਘਿਨੌਣੀ ਕਰਤੂਤ ਅੰਜਾਮ ਦਿੱਤੀ ਗਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭਾਰੀ ਰੋਸ ਅਤੇ ਸੰਤਾਪ ਦੀ ਲਹਿਰ ਦੌੜ ਗਈ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਦੀ ਸਮੁੱਚੀ ਪੰਚਾਇਤ, ਕਿਸਾਨ ਯੂਨੀਅਨ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਪਿੰਡ ਦੇ ਸਰਪੰਚ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਪਰਸੋਂ ਰਾਤ ਦੀ ਹੈ, ਜਦੋਂ ਕਿਸੇ ਸ਼ਰਾਰਤੀ ਅੰਸਰ ਨੇ ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਚੁੱਕਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਸਰਪੰਚ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਵਿੱਚ ਇੱਕ ਸਾਂਝਾ ਇਕੱਠ ਰੱਖਿਆ ਗਿਆ ਸੀ, ਜਿਸ ਵਿੱਚ ਪੰਚਾਇਤ ਮੈਂਬਰਾਂ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਉਪਰੰਤ ਐਸ.ਐਚ.ਓ. ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤਾਂ ਜੋ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਜਾ ਸਕੇ। ਪੁਲਿਸ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਦੋ ਸਾਲ ਪਹਿਲਾਂ ਲਗਾਇਆ ਗਿਆ ਸੀ ਬੁੱਤ!

ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਇਹ ਬੁੱਤ ਲਗਭਗ ਦੋ ਸਾਲ ਪਹਿਲਾਂ ਪਿੰਡ ਦੇ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ. (NRI) ਵੀਰਾਂ ਅਤੇ ਯੂਨੀਅਨਾਂ ਦੇ ਸਾਂਝੇ ਉੱਦਮ ਨਾਲ ਵੱਡੇ ਉਤਸ਼ਾਹ ਨਾਲ ਲਗਾਇਆ ਗਿਆ ਸੀ। ਹਾਲਾਂਕਿ, ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਸ ਕਰਤੂਤ ਪਿੱਛੇ ਕਿਸ ਦਾ ਹੱਥ ਹੈ ਅਤੇ ਇਹ ਕਿਸੇ ਦੀ ਨਿੱਜੀ ਰੰਜਿਸ਼ ਸੀ ਜਾਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼।

ਸਰਪੰਚ ਅਨੁਸਾਰ ਜਿਸ ਥਾਂ ‘ਤੇ ਇਹ ਬੁੱਤ ਸਥਾਪਿਤ ਹੈ, ਉੱਥੇ ਸਰਕਾਰੀ ਜਾਂ ਪੰਚਾਇਤੀ ਸੀ.ਸੀ.ਟੀ.ਵੀ. ਕੈਮਰਾ ਨਹੀਂ ਲੱਗਿਆ ਹੋਇਆ ਸੀ। ਹਾਲਾਂਕਿ ਨੇੜੇ ਹੀ ਇੱਕ ਦੁਕਾਨ ਦਾ ਸੀ.ਸੀ.ਟੀ.ਵੀ. ਕੈਮਰਾ ਚੱਲ ਰਿਹਾ ਸੀ, ਜਿਸ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪਿੰਡ ਵਾਸੀ ਅਤੇ ਪੰਚਾਇਤ ਆਪਣੇ ਪੱਧਰ ‘ਤੇ ਵੀ ਸ਼ਰਾਰਤੀ ਅੰਸਰਾਂ ਦੀ ਭਾਲ ਵਿੱਚ ਜੁਟੇ ਹੋਏ ਹਨ, ਜਦਕਿ ਪੁਲਿਸ ਟੀਮਾਂ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀਆਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਅੰਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

 

Leave a Comment