“ਲੋਕਤੰਤਰ ਖ਼ਤਰੇ ‘ਚ! ਹੁਣ ਸਰਕਾਰਾਂ ਚੁਣ ਰਹੀਆਂ ਨੇ ਆਪਣੇ ਵੋਟਰ”; ਵਿਧਾਨ ਸਭਾ ‘ਚ ਬੋਲੇ ਭਗਵੰਤ ਮਾਨ
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਵੋਟਾਂ ਕੱਟਣ ਦਾ ਮੁੱਦਾ! CM ਮਾਨ ਨੇ ਕੇਂਦਰ ਤੇ ਚੋਣ ਕਮਿਸ਼ਨ ‘ਤੇ ਸਾਧਿਆ ਨਿਸ਼ਾਨਾ- ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਉੱਠੇ ਗੰਭੀਰ ਸਵਾਲ: ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ‘ਚ ਮਤਾ ਪਾਸ
ਚੰਡੀਗੜ੍ਹ, 23 ਅਕਤੂਬਰ 2026: ਪੰਜਾਬ ਵਿਧਾਨ ਸਭਾ ਵਿੱਚ ਅੱਜ ਦੇਸ਼ ਦੇ ਲੋਕਤੰਤਰ, ਵੋਟਿੰਗ ਪ੍ਰਣਾਲੀ ਅਤੇ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਨਾਲ ਹੋ ਰਹੀ ਕਥਿਤ ਛੇੜਛਾੜ ਨੂੰ ਲੈ ਕੇ ਇੱਕ ਬਹੁਤ ਹੀ ਗੰਭੀਰ ਅਤੇ ਅਹਿਮ ਬਹਿਸ ਹੋਈ। ਸ਼ੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ, ਕੇਂਦਰੀ ਜਾਂਚ ਏਜੰਸੀਆਂ ਅਤੇ ਭਾਰਤੀ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਉੱਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਸਦਨ ਵੱਲੋਂ ਦੇਸ਼ ਵਿੱਚ ਵੋਟਰ ਸੂਚੀਆਂ ਵਿੱਚੋਂ ਲੱਖਾਂ ਨਾਗਰਿਕਾਂ ਦੇ ਨਾਂ ਕੱਟੇ ਜਾਣ ਅਤੇ ਮੁੱਖ ਚੋਣ ਕਮਿਸ਼ਨਰ ਦੀ ਭੂਮਿਕਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਉਣ ਸਬੰਧੀ ਇੱਕ ਸਰਕਾਰੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਸਪੀਕਰ ਸਾਹਿਬ ਦਾ ਧੰਨਵਾਦ ਕਰਦਿਆਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਇੱਕ ਬਹੁਤ ਹੀ ਚਿੰਤਾਜਨਕ ਵਿਸ਼ੇ ‘ਤੇ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਤਾ ਅਜੇ ਤੱਕ ਨਾ ਤਾਂ ਦੇਸ਼ ਦੀ ਲੋਕ ਸਭਾ ਵਿੱਚ ਆਇਆ ਹੈ ਅਤੇ ਨਾ ਹੀ ਕਿਸੇ ਹੋਰ ਸੂਬੇ ਦੀ ਵਿਧਾਨ ਸਭਾ ਵਿੱਚ ਪੇਸ਼ ਹੋਇਆ ਹੈ। ਪੰਜਾਬ ਪਹਿਲੇ ਦਿਨ ਤੋਂ ਹੀ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਨਾਲ ਧੱਕੇਸ਼ਾਹੀਆਂ, ਜ਼ੁਲਮ ਅਤੇ ਗਲਤ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ਸੂਬਾ ਰਿਹਾ ਹੈ। ਅੱਜ ਜਿੱਥੇ ਹੋਰ ਸਰਕਾਰਾਂ ਅਜਿਹਾ ਮਤਾ ਲਿਆਉਣ ਦੀ ਹਿੰਮਤ ਨਹੀਂ ਜੁਟਾ ਸਕੀਆਂ, ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਇਹ ਇਤਿਹਾਸਕ ਕਦਮ ਚੁੱਕਿਆ ਹੈ।
“ਹੁਣ ਲੋਕ ਸਰਕਾਰ ਨਹੀਂ, ਸਰਕਾਰਾਂ ਵੋਟਰ ਚੁਣ ਰਹੀਆਂ ਹਨ”
ਮੁੱਖ ਮੰਤਰੀ ਨੇ ਦੇਸ਼ ਦੀ ਚੋਣ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਲੋਕਤੰਤਰ ਲਈ ਇਸ ਤੋਂ ਵੱਡਾ ਖ਼ਤਰਾ ਹੋਰ ਕੋਈ ਨਹੀਂ ਹੋ ਸਕਦਾ ਕਿ ਹੁਣ ਇਹ ਸਰਕਾਰਾਂ ਤੈਅ ਕਰਨ ਲੱਗ ਪਈਆਂ ਹਨ ਕਿ ਵੋਟ ਕੌਣ ਪਾਵੇਗਾ ਅਤੇ ਕੌਣ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਐੱਸ.ਆਈ.ਆਰ. (SIR) ਅਤੇ ਹੋਰ ਬਹਾਨਿਆਂ ਹੇਠ ਦੇਸ਼ ਭਰ ਵਿੱਚ ਲਗਭਗ 14 ਕਰੋੜ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ, “ਆਮ ਦਿਹਾੜੀਦਾਰ ਬੰਦਾ ਅਦਾਲਤਾਂ ਦੇ ਗੇੜੇ ਨਹੀਂ ਮਾਰ ਸਕਦਾ। ਜਿਨ੍ਹਾਂ ਦੀ ਪਹੁੰਚ ਸੀ, ਉਹ ਸੁਪਰੀਮ ਕੋਰਟ ਗਏ, ਪਰ ਉੱਥੋਂ ਵੀ ਉਨ੍ਹਾਂ ਨੂੰ ਇਹੋ ਜਵਾਬ ਮਿਲਿਆ ਕਿ ਅਗਲੀ ਵਾਰ ਵੋਟ ਪਾ ਲਿਓ। ਅਗਲੀ ਵਾਰ ਦਾ ਮਤਲਬ ਹੈ ਕਿ ਪੰਜ ਸਾਲ ਬਿਨਾਂ ਲੋਕ ਫ਼ਤਵੇ ਵਾਲੀ ਸਰਕਾਰ ਦੇਸ਼ ‘ਤੇ ਰਾਜ ਕਰੇਗੀ। ਲੋਕਤੰਤਰ ਦੇ ਚਾਰੇ ਥੰਮ੍ਹ ਅੱਜ ਸੰਗਲਾਂ ਨਾਲ ਨੂੜੇ ਪਏ ਹਨ।”
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਗਰੀਬਾਂ ਤੋਂ ਵੋਟ ਦਾ ਅਧਿਕਾਰ ਖੋਹਣ ਲਈ ਉਨ੍ਹਾਂ ਤੋਂ ਸਾਲ 2003 ਦੇ ਵੋਟਰ ਕਾਰਡ, 1992 ਵਿੱਚ ਮਾਪਿਆਂ ਦੀ ਵੋਟ ਦੇ ਸਬੂਤ ਅਤੇ ਜਾਤੀ ਸਰਟੀਫਿਕੇਟ ਮੰਗੇ ਜਾ ਰਹੇ ਹਨ। ਇੰਨੇ ਪੁਰਾਣੇ ਕਾਗਜ਼ਾਤ ਨਾ ਮਿਲਣ ਕਾਰਨ ਗਰੀਬ ਲੋਕ ਨਿਰਾਸ਼ ਹੋ ਕੇ ਵੋਟ ਪਾਉਣ ਦਾ ਖਹਿੜਾ ਛੱਡ ਰਹੇ ਹਨ, ਜਿਸ ਨਾਲ ਦੇਸ਼ ਵਿੱਚ ਵੋਟਿੰਗ ਪ੍ਰਤੀਸ਼ਤਤਾ ਵੀ ਲਗਾਤਾਰ ਘਟ ਰਹੀ ਹੈ।
ਚੋਣਾਂ ਵਿੱਚ ਹੇਰ-ਫੇਰ ਅਤੇ ‘ਇੱਕ ਦੇਸ਼, ਇੱਕ ਚੋਣ’ ਦੇ ਦਾਅਵਿਆਂ ਦੀ ਫੋਕੀ ਹਵਾ
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ‘ਇੱਕ ਦੇਸ਼, ਇੱਕ ਚੋਣ’ (One Nation, One Election) ਦੇ ਨਾਅਰੇ ‘ਤੇ ਚੋਟ ਕਰਦਿਆਂ ਪੁੱਛਿਆ ਕਿ ਜੇਕਰ ਸਰਕਾਰ ਇੱਕੋ ਵਾਰ ਚੋਣਾਂ ਕਰਵਾਉਣਾ ਚਾਹੁੰਦੀ ਹੈ ਤਾਂ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣਾਂ ਵਿੱਚ ਹਫ਼ਤੇ ਦਾ ਫ਼ਰਕ ਕਿਉਂ ਰੱਖਿਆ ਜਾਂਦਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਇੱਕ ਸੂਬੇ ਵਿੱਚ ਵੋਟਾਂ ਪਵਾਉਣ ਤੋਂ ਬਾਅਦ ਵੋਟਰਾਂ ਨੂੰ ਦੂਜੇ ਸੂਬਿਆਂ ਵਿੱਚ ਲਿਜਾ ਕੇ ਜਾਅਲੀ ਵੋਟਾਂ ਪਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਹਲਕੇ ਵਿੱਚੋਂ ਹਜ਼ਾਰਾਂ ਵੋਟਾਂ ਕੱਟ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਈ.ਡੀ. (ED) ਅਤੇ ਸੀ.ਬੀ.ਆਈ. (CBI) ਦੀ ਵਰਤੋਂ ਬਾਰੇ ਬੋਲਦਿਆਂ ਕਿਹਾ ਕਿ ਚੋਣਾਂ ਆਉਂਦੇ ਹੀ ਇਹ ਏਜੰਸੀਆਂ ਵਿਰੋਧੀ ਧਿਰਾਂ ਦੇ ਆਗੂਆਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੰਦੀਆਂ ਹਨ, ਪਰ ਚੋਣਾਂ ਲੰਘਣ ਤੋਂ ਬਾਅਦ ਸਾਰੇ ਕੇਸ ਠੰਢੇ ਬਸਤੇ ਵਿੱਚ ਪੈ ਜਾਂਦੇ ਹਨ। ਬੰਗਾਲ, ਬਿਹਾਰ ਅਤੇ ਹਰਿਆਣਾ ਤੋਂ ਬਾਅਦ ਹੁਣ ਇਹ ਏਜੰਸੀਆਂ ਪੰਜਾਬ ਵਿੱਚ ਸਰਗਰਮ ਕੀਤੀਆਂ ਜਾ ਰਹੀਆਂ ਹਨ।
ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿੱਚ ਆ ਰਹੇ ਵਿਦੇਸ਼ੀ ਨਿਵੇਸ਼ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਰਮਨੀ, ਜਪਾਨ ਅਤੇ ਕੋਰੀਆ ਵਰਗੇ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਆਪਣੇ ਉਦਯੋਗ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਫਰਾਂਸ ਵਿੱਚ ਹੋ ਰਹੇ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਫੂਡ ਫੈਸਟੀਵਲ ਵਿੱਚ ਪੰਜਾਬ ਦੇ ‘ਮਾਰਕਫੈੱਡ’ ਨੇ ਵੀ ਆਪਣੇ ਸਟਾਲ ਲਗਾਏ ਹਨ।
ਉਨ੍ਹਾਂ ਕੇਂਦਰ ਸਰਕਾਰ ‘ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਹ ਅੰਤਰਰਾਸ਼ਟਰੀ ਦੌਰਿਆਂ ‘ਤੇ ਜਾਂਦੇ ਹਨ ਤਾਂ ਕੇਂਦਰ ਵੱਲੋਂ ਪ੍ਰੋਟੋਕੋਲ ਅਤੇ ਮਨਜ਼ੂਰੀਆਂ ਦੇਣ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਜਾਂਦੀ ਹੈ ਅਤੇ ਦਿੱਲੀ ਹਵਾਈ ਅੱਡੇ ‘ਤੇ ਕੇਂਦਰੀ ਅਧਿਕਾਰੀਆਂ ਵੱਲੋਂ ਅਣਸੁਖਾਵਾਂ ਰਵੱਈਆ ਅਪਣਾਇਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀਆਂ ਨੀਤੀਆਂ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾ ਰਹੀਆਂ ਹਨ।
ਕਰਤਾਰਪੁਰ ਸਾਹਿਬ ਲਾਂਘੇ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਅਰਦਾਸ
ਭਾਸ਼ਣ ਦੇ ਅਖੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਕਿਸਤਾਨੀ ਸ਼ਾਇਰ ਤਜੱਮੁਲ ਕਲੀਮ ਅਤੇ ਬਾਬਾ ਨਜ਼ਮੀ ਦੀਆਂ ਕਵਿਤਾਵਾਂ ਦੀਆਂ ਸਤਰਾਂ ਸੁਣਾ ਕੇ ਗਰੀਬਾਂ ਅਤੇ ਦੁਖੀਆਂ ਦੇ ਹੱਕਾਂ ਦੀ ਗੱਲ ਕੀਤੀ। ਉਨ੍ਹਾਂ ਲਾਹੌਰ ਵਿੱਚ ਹੋਣ ਵਾਲੀ ‘ਵਿਸ਼ਵ ਪੰਜਾਬੀ ਕਾਨਫਰੰਸ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵਾਂ ਪੰਜਾਬਾਂ ਦਾ ਸੱਭਿਆਚਾਰ, ਰਹਿਣੀ-ਬਹਿਣੀ ਅਤੇ ਸਮੱਸਿਆਵਾਂ ਇੱਕੋ ਜਿਹੀਆਂ ਹਨ।
ਉਨ੍ਹਾਂ ਵਿਧਾਨ ਸਭਾ ਵਿੱਚ ਇੱਛਾ ਜ਼ਾਹਰ ਕੀਤੀ ਕਿ ਸਦਨ ਦੇ ਸਾਰੇ ਮੈਂਬਰ, ਚਾਹੇ ਉਹ ਸੱਤਾ ਪੱਖ ਦੇ ਹੋਣ ਜਾਂ ਵਿਰੋਧੀ ਧਿਰ ਦੇ, ਇਕੱਠੇ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਲਈ ਜਾਣ। ਉਨ੍ਹਾਂ ਕਿਹਾ ਕਿ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦਾ ਬਲ ਖ਼ਾਲਸਾ ਜੀ ਨੂੰ ਬਖ਼ਸ਼ਿਆ ਜਾਵੇ।
















