ਵੱਡੀ ਖ਼ਬਰ: CM ਮਾਨ ਨਾਲ ਆਂਗਣਵਾੜੀ ਵਰਕਰਾਂ ਦੀ ਅਹਿਮ ਮੀਟਿੰਗ 26 ਅਕਤੂਬਰ ਨੂੰ, ਮਾਣ-ਭੱਤਾ ਦੁੱਗਣਾ ਕਰਨ ਸਮੇਤ ਹੋਰ ਮੰਗਾਂ ‘ਤੇ ਹੋਵੇਗੀ ਚਰਚਾ
26 ਅਕਤੂਬਰ ਨੂੰ CM ਭਗਵੰਤ ਮਾਨ ਨਾਲ ਹੋਵੇਗੀ ਉੱਚ ਪੱਧਰੀ ਬੈਠਕ, ਮੰਗਾਂ ਨਾ ਮੰਨਣ ‘ਤੇ ਸੰਗਰੂਰ ‘ਚ ਵੱਡੇ ਸੰਘਰਸ਼ ਦੀ ਚੇਤਾਵਨੀ-ਮੁੱਖ ਮੰਤਰੀ ਨਾਲ ਮੀਟਿੰਗ ਦਾ ਸੱਦਾ ਪੱਤਰ ਜਾਰੀ: ਸਰਵ ਆਂਗਣਵਾੜੀ ਯੂਨੀਅਨ ਚੁੱਕੇਗੀ ਮਾਣ-ਭੱਤਾ ਦੁੱਗਣਾ ਕਰਨ ਅਤੇ ਪ੍ਰੀ-ਨਰਸਰੀ ਟੀਚਰ ਦੇ ਦਰਜੇ ਦਾ ਮੁੱਦਾ
ਆਂਗਣਵਾੜੀ ਯੂਨੀਅਨ ਦੀ ਆਰ-ਪਾਰ ਦੀ ਲੜਾਈ ਦੀ ਤਿਆਰੀ: CM ਨਾਲ 26 ਨੂੰ ਹੋਣ ਵਾਲੀ ਮੀਟਿੰਗ ‘ਚ ਹੱਲ ਨਾ ਨਿਕਲਿਆ ਤਾਂ ਉਕਰੇਗਾ ਵੱਡਾ ਅੰਦੋਲਨ
ਚੋਗਾਵਾਂ/ਅੰਮ੍ਰਿਤਸਰ 23 ਅਕਤੂਬਰ 2026- ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਲਈ ਇਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੀ ਇਕ ਉੱਚ ਪੱਧਰੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਨਾਲ 26 ਅਕਤੂਬਰ 2026 ਨੂੰ ਸਵੇਰੇ 10:30 ਵਜੇ ਚੰਡੀਗੜ੍ਹ ਵਿਖੇ ਤੈਅ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਮੀਟਿੰਗ ਬਾਰੇ ਅਧਿਕਾਰਤ ਸਰਕਾਰੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਸਾਂਝੀ ਕਰਦਿਆਂ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣਾ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਏਕਤਾ, ਨਿਰੰਤਰ ਸੰਘਰਸ਼ ਅਤੇ ਅਣਥੱਕ ਮਿਹਨਤ ਦਾ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਬੈਠਕ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣ ਕੇ ਉਨ੍ਹਾਂ ਦਾ ਯੋਗ ਹੱਲ ਕੀਤਾ ਜਾਵੇਗਾ।
ਸੂਬਾ ਪ੍ਰਧਾਨ ਛੀਨਾ ਨੇ ਆਖਿਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦੀ ਯਾਦ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕਰਨ, ਸਥਾਈ ਸਰਕਾਰੀ ਨੌਕਰੀਆਂ ਦੀਆਂ ਸੁਵਿਧਾਵਾਂ ਦੇਣ ਅਤੇ ਹੋਰ ਬਣਦੇ ਸੰਵਿਧਾਨਕ ਹੱਕ ਪ੍ਰਦਾਨ ਕਰਨ ਦੀ ਮੰਗ ਨੂੰ ਬਹੁਤ ਹੀ ਮਜ਼ਬੂਤ ਤੇ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਸਮਾਜ ਦੀ ਨੀਂਹ ਨੂੰ ਮਜ਼ਬੂਤ ਕਰਨ ਅਤੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਇਸ ਲਈ ਸਰਕਾਰ ਦੀ ਨੈਤਿਕ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਵੇ।
ਜਥੇਬੰਦੀ ਨੂੰ ਪੂਰੀ ਉਮੀਦ ਹੈ ਕਿ ਸਰਕਾਰ ਨਾਲ ਹੋਣ ਵਾਲੀ ਇਸ ਸਾਰਥਕ ਗੱਲਬਾਤ ਰਾਹੀਂ ਮਸਲਿਆਂ ਦਾ ਕੋਈ ਢੁਕਵਾਂ ਹੱਲ ਜ਼ਰੂਰ ਨਿਕਲੇਗਾ। ਬਰਿੰਦਰਜੀਤ ਕੌਰ ਨੇ ਯਾਦ ਕਰਵਾਇਆ ਕਿ ਚੋਣ ਮਨੋਰਥ ਪੱਤਰ ਦੌਰਾਨ ਪੰਜਾਬ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਆਂਗਣਵਾੜੀ ਵਰਕਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇਗਾ। ਪ੍ਰੰਤੂ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਇਹ ਵਾਅਦਾ ਅਮਲੀ ਰੂਪ ਵਿੱਚ ਪੂਰਾ ਨਹੀਂ ਹੋ ਸਕਿਆ।
ਯੂਨੀਅਨ ਦੀਆਂ ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ 26 ਅਕਤੂਬਰ ਦੀ ਇਸ ਮੀਟਿੰਗ ਦੌਰਾਨ ਕੋਈ ਠੋਸ ਹੱਲ ਨਾ ਨਿਕਲਿਆ, ਤਾਂ ਜਥੇਬੰਦੀ ਕੋਲ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ। ਅਜਿਹੀ ਸਥਿਤੀ ਵਿੱਚ ਜਥੇਬੰਦੀ ਸੰਗਰੂਰ ਵਿਖੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਲਈ ਮਜ਼ਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।
















